Breaking News
Home / ਕੈਨੇਡਾ / ਸੀਨੀਅਰਜ਼ ਐਸੋਸੀਏਸ਼ਨ ਦੇ ਡੈਪੂਟੇਸ਼ਨ ਦਾ ਐਮ ਪੀ ਰੂਬੀ ਸਹੋਤਾ ਨਾਲ ਸੀਨੀਅਰਜ਼ ਦੇ ਸਰੋਕਾਰਾਂ ਸਬੰਧੀ ਵਿਚਾਰ ਵਟਾਂਦਰਾ

ਸੀਨੀਅਰਜ਼ ਐਸੋਸੀਏਸ਼ਨ ਦੇ ਡੈਪੂਟੇਸ਼ਨ ਦਾ ਐਮ ਪੀ ਰੂਬੀ ਸਹੋਤਾ ਨਾਲ ਸੀਨੀਅਰਜ਼ ਦੇ ਸਰੋਕਾਰਾਂ ਸਬੰਧੀ ਵਿਚਾਰ ਵਟਾਂਦਰਾ

ਬਰੈਂਪਟਨ/ਹਰਜੀਤ ਬੇਦੀ
ਜਨਰਲ ਬਾਡੀ ਮੀਟਿੰਗ ਵਿੱਚ ਉਲੀਕੇ ਪ੍ਰੋਗਰਾਮ ਮੁਤਾਬਕ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦਾ ਛੇ ਮੈਂਬਰੀ ਵਫਦ ਪਰਮਜੀਤ ਬੜਿੰਗ ਦੀ ਅਗਵਾਈ ਵਿੱਚ ਐਮ ਪੀ ਰੂਬੀ ਸਹੋਤਾ ਨੂੰ ਸੀਨੀਅਰਜ਼ ਦੀਆਂ ਫੈਡਰਲ ਸਰਕਾਰ ਨਾਲ ਸਬੰਧਤ ਮੰਗਾਂ ਬਾਰੇ ਮਿਲਿਆ। ਉਹਨਾਂ ਨਾਲ ਬਲਵਿੰਦਰ ਬਰਾੜ, ਪ੍ਰੋ: ਨਿਰਮਲ ਧਾਰਨੀ, ਦੇਵ ਸੂਦ, ਪ੍ਰਿੰ: ਜਗਜੀਤ ਗਰੇਵਾਲ ਅਤੇ ਕਰਤਾਰ ਚਾਹਲ ਇਸ ਡੈਪੂਟੇਸ਼ਨ ਵਿੱਚ ਸ਼ਾਮਲ ਸਨ। ਇਸ ਮੀਟਿੰਗ ਵਿੱਚ ਇਸ ਅਹਿਮ ਮੰਗ ਬਾਰੇ ਕਿ ਜਿਹੜੇ ਸੀਨੀਅਰਜ਼ 65 ਸਾਲ ਜਾ ਵੱਧ ਦੇ ਹੋ ਜਾਂਦੇ ਹਨ ਪਰ ਉਹਨਾਂ ਦੀ ਕੈਨੇਡਾ ਵਿੱਚ ਠਹਿਰ 10 ਸਾਲ ਦੀ ਨਹੀਂ ਬਣਦੀ ਨੂੰ ਘੱਟੋ ਘੱਟ 500 ਡਾਲਰ ਮਹੀਨਾ ਗੁਜਾਰਾ ਭੱਤਾ ਦਿੱਤਾ ਜਾਵੇ ਬਾਰੇ ਆਪਣੀ ਸਹਿਮਤੀ ਪਰਗਟ ਕੀਤੀ। ਉਸ ਵਲੋਂ ਇਹ ਸੂਚਨਾ ਵੀ ਦਿੱਤੀ ਗਈ ਕਿ ਫੈਡਰਲ ਸਰਕਾਰ ਵਿੱਚ ਸੀਨੀਅਰਜ਼ ਲਈ ਇੱਕ ਮਨਿਸਟਰੀ ਸਥਾਪਤ ਕੀਤੀ ਜਾ ਚੁੱਕੀ ਹੈ ਜੋ ਸੀਨੀਅਰਜ਼ ਦੀ ਭਲਾਈ ਲਈ ਕੰਮ ਕਰੇਗੀ।
ਵਫਦ ਨੇ ਦੂਜੀ ਮੰਗ ਹੈ ਕਿ ਬਦੇਸ਼ੀ ਪ੍ਰਾਪਰਟੀ ਦੀ ਹੱਦ 1 ਲੱਖ ਤੋਂ ਵਧਾ ਕੇ ਘੱਟੋ ਘੱਟ 1 ਮਿਲੀਅਨ ਕੀਤੀ ਜਾਵੇ ਕਿਉਂਕਿ ਇਹ ਸੀਮਾ ਬਹੁਤ ਸਮੇਂ ਤੋਂ ਹੈ ਜਦਕਿ ਹੁਣ ਪ੍ਰਾਪਰਟੀ ਦੀਆਂ ਕੀਮਤਾਂ ਬਹੁਤ ਵਧ ਚੁੱਕੀਆਂ ਹਨ। ਇਸੇ ਤਰ੍ਹਾਂ ਗਰੀਬੀ ਰੇਖਾ ਦੀ 2480 ਡਾਲਰ ਦੀ ਹੱਦ ਕਈ ਦਹਾਕੇ ਪਹਿਲਾਂ ਦੀ ਮਿਥੀ ਹੋਈ ਹੈ ਹੁਣ ਜਦ ਜੀਵਨ ਨਿਰਬਾਹ ਲਈ ਖਰਚੇ ਬਹੁਤ ਜ਼ਿਆਦਾ ਵਧ ਗਏ ਹਨ ਤਾਂ ਇਹ ਹੱਦ ਵਿੱਚ ਲਾਜ਼ਮੀ ਤੌਰ ‘ਤੇ ਵਾਧਾ ਕੀਤਾ ਜਾਵੇ।
ਇਸ ਦੇ ਨਾਲ ਹੀ ਦੰਦਾਂ ਦੀ ਸਿਹਤ ਸੰਭਾਲ ਲਈ ਗੱਲਬਾਤ ਕਰਦੇ ਹੋਏ ਸਹੋਤਾ ਨੇ ਦੱਸਿਆ ਕਿ ਪਰੋਵਿੰਸਲ ਸਰਕਾਰ ਵਲੋਂ ਦੰਦਾਂ ਦੇ ਇਲਾਜ ਲਈ ਕੀਤੇ ਖਰਚੇ ਲਈ ਆਪਣਾ ਹਿੱਸਾ ਪਾਉਣ ਨੂੰ ਫੈਡਰਲ ਸਰਕਾਰ ਤਿਆਰ ਹੈ। ਇਸ ਦੇ ਨਾਲ ਹੀ ਇਹ ਮੰਗ ਕੀਤੀ ਗਈ ਕਿ ਇੰਡੀਆ ਵਿਚਲੀ ਇਨਕਮ ਨੂੰ ਕੈਨੇਡਾ ਦੀ ਰਿਟਰਨ ਵਿੱਚ ਨਾ ਭਰਿਆ ਜਾਵੇ ਜਿੰਨਾਂ ਚਿਰ ਇਹ ਰਾਸ਼ੀ ਕੈਨੇਡਾ ਨਾ ਲਿਆਂਦੀ ਜਾਵੇ। ਇਸੇ ਤਰ੍ਹਾਂ ਰਿਟਾਇਰਮੈਂਟ ਹੋਣ ਤੋਂ ਬਾਅਦ ਕੰਮ ਕਰਨ ਲਈ ਸਿਰਫ 3500 ਡਾਲਰਾਂ ਦੀ ਰਿਬੇਟ ਹੈ ਜਦੋਂ ਕਿ ਵਧੇ ਹੋਏ ਖਰਚਿਆਂ ਕਰਕੇ ਇਹ ਰਿਬੇਟ ਬਹੁਤ ਘੱਟ ਹੈ ਅਤੇ ਜੇ ਕੋਈ ਵਿਅਕਤੀ ਹਫਤੇ ਵਿੱਚ ਇਕ ਦਿਨ ਵੀ ਕੰਮ ਕਰੇ ਤਾਂ 3500 ਤੋਂ ਜ਼ਿਆਦਾ ਆਮਦਨ ਹੋ ਜਾਂਦੀ ਹੈ। ਐਸੋਸੀਏਸ਼ਨ ਦੀ ਇਸ ਮੰਗ ‘ਤੇ ਕਿ ਪੀ ਆਰ 5 ਸਾਲ ਦੀ ਥਾਂ ‘ਤੇ 10 ਸਾਲ ਬਾਅਦ ਰੀਨਿਊ ਹੋਣੀ ਚਾਹੀਦੀ ਹੈ ਤੇ ਰੂਬੀ ਸਹੋਤਾ ਨੇ ਕਿਹਾ ਕਿ ਸੀਨੀਅਰਜ਼ ਨੂੰ ਸਿਟੀਜਨਸ਼ਿਪ ਲੈਣੀ ਚਾਹੀਦੀ ਹੈ ਤਾਂ ਜੋ ਉਹ ਇਸ ਚੱਕਰ ਤੋਂ ਮੁਕਤ ਹੋ ਜਾਣ। ਉਸ ਨੇ ਇਹ ਵੀ ਕਿਹਾ ਕਿ ਪੰਜ ਸਾਲ ਬਾਅਦ ਰੀਨਿਊਲ ਇਸ ਲਈ ਜ਼ਰੂਰੀ ਹੈ ਕਿ ਅਜਿਹਾ ਪੀ ਆਰ ਵਿਅਕਤੀਆਂ ਬਾਰੇ ਇਹ ਚੈੱਕ ਕਰਨਾ ਜਰੂਰੀ ਹੈ ਕਿ ਉਨ੍ਹਾਂ ਨੇ 730 ਦਿਨਾਂ ਦੀ ਠਹਿਰ ਪੂਰੀ ਕੀਤੀ ਹੈ ਕਿ ਨਹੀਂ। ਐਸੋਸੀਏਸ਼ਨ ਨੇ ਓਲਡ ਏਜ ਸਕਿਊਰਿਟੀ ਅਤੇ ਜੀ ਆਈ ਐਸ ਵਧਾਉਣ ‘ਤੇ ਜ਼ੋਰ ਦਿੱਤਾ। ਰੂਬੀ ਸਹੋਤਾ ਇਸ ਮੰਗ ਨਾਲ ਸਹਿਮਤ ਹੁੰਦੇ ਕਿਹਾ ਕਿ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਬਹੁਤ ਸਾਰੇ ਐਮ ਪੀ ਇਸ ਲਈ ਸਹਿਮਤ ਹਨ। ਐਸੋਸੀਏਸ਼ਨ ਦੀ ਇਹ ਮੰਗ ਕਿ ਜਿਹਨਾਂ ਮਾਪਿਆਂ ਦੇ ਸਾਰੇ ਬੱਚੇ ਕੈਨੇਡਾ ਆ ਚੁੱਕੇ ਹਨ ਉਹਨਾਂ ਨੂੰ ਜਲਦੀ ਪ੍ਰਮੁੱਖਤਾ ਦੇ ਆਧਾਰ ‘ਤੇ ਜਲਦੀ ਪੀ ਆਰ ਦਿੱਤੀ ਜਾਵੇ ਦੇ ਜਵਾਬ ਵਿੱਚ ਸਹੋਤਾ ਨੇ ਅਸਹਿਮਤੀ ਪਰਗਟ ਕਰਦੇ ਕਿਹਾ ਕਿ ਸਰਕਾਰ ਨੇ ਮਾਪਿਆਂ ਲਈ ਸਾਲਾਨਾ ਕੋਟਾ ਵਧਾ ਕੇ 20 ਹਜ਼ਾਰ ਕਰ ਦਿੱਤਾ ਹੈ ਤੇ ਇਸ ਨਾਲ ਇਹ ਮੁਸ਼ਕਿਲ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਕਿਉਂਂਿਕ ਅਕਤੂਬਰ ਮਹੀਨੇ ਵਿੱਚ ਬਹੁਤ ਸਾਰੇ ਸੀਨੀਅਰਜ਼ ਇੰਡੀਆ ਜਾਣਾ ਸ਼ੁਰੂ ਕਰ ਦਿੰਦੇ ਹਨ ਇਸ ਲਈ ਅਗਲੀ ਜਨਰਲ ਬਾਡੀ ਮਿਿਟੰਗ ਅਕਤੂਬਰ ਦੇ ਪਹਿਲੇ ਵੀਰਵਾਰ 4 ਤਰੀਕ ਨੂੰ ਪਹਿਲਾਂ ਵਾਲੀ ਥਾਂ ‘ਤੇ ਹੀ ਹੋਵੇਗੀ। ਕਾਰਜਕਰਣੀ ਮੈਂਬਰ ਆਪਣੀ ਸਰਗਰਮੀ ਆਮ ਵਾਂਗ ਹੀ ਜਾਰੀ ਰੱਖਣਗੇ। ਐਸੋਸੀਏਸ਼ਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …