ਅਲਬਰਟਾ ‘ਚ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ
ਅਲਬਰਟਾ/ਬਿਊਰੋ ਨਿਊਜ਼ : ਕੈਨੇਡਾ ਤੇ ਅਮਰੀਕਾ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਦੋਵਾਂ ਦੇਸ਼ਾਂ ਦਾ ਟਰਾਂਸਪੋਰਟ ਵਿਭਾਗ ਕਾਫੀ ਚੌਕਸ ਹੋ ਗਿਆ ਹੈ। ਵਿਭਾਗ ਨੇ ਬੀਤੇ ਵਿਚ ਕੀਤੀਆਂ ਗ਼ਲਤੀਆਂ ‘ਚ ਸੁਧਾਰ ਕਰਦਿਆਂ ਲਿਹਾਜ਼ਦਾਰੀ ਪਾਲਣ ਵਾਲੇ ਨਿਰੀਖਕਾਂ ਦੀ ਸੇਵਾਵਾਂ ਖ਼ਤਮ ਕਰਨ ਦੇ ਨਾਲ ਸੈਂਕੜੇ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹੀ ਨਹੀਂ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ। ਪਿਛਲੇ ਸਾਲਾਂ ਦੌਰਾਨ ਸੁਣਨ ਵਿਚ ਆਉਂਦਾ ਰਿਹਾ ਕਿ ਜਿਸ ਦਾ ਟਰੱਕ ਡਰਾਈਵਰੀ ਦਾ ਲਾਇਸੈਂਸ ਕਿਤੋਂ ਨਾ ਬਣਦਾ ਹੋਵੇ, ਉਹ ਅਲਬਰਟਾ ਸੂਬੇ ‘ਚੋਂ ਜਾ ਕੇ ਬਣਵਾ ਲੈਂਦਾ ਸੀ। ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖ਼ਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਏ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ।
ਟੈਸਟ ਲੈ ਕੇ ਲਾਇਸੈਂਸ ਦੇਣ ਵਾਲੇ 9 ਵਿਭਾਗੀ ਨਿਰੀਖਕਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ਅਤੇ ਕਈ ਟਰਾਂਸਪੋਰਟ ਕੰਪਨੀਆਂ ਦੀ ਮਾਨਤਾ ਰੱਦ ਕੀਤੀ ਹੈ। ਪਿਛਲੇ ਮਹੀਨਿਆਂ ਵਿੱਚ ਜਾਰੀ ਹੋਏ ਸੈਂਕੜੇ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਕਈਆਂ ਨੂੰ ਮੁੜ ਤੋਂ ਟੈਸਟ ਦੇ ਕੇ ਲਾਇਸੈਂਸ ਨਵਿਆਉਣ ਦੇ ਨੋਟਿਸ ਜਾਰੀ ਕੀਤੇ ਹਨ।

