ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਮੰਗਲਵਾਰ ਨੂੰ ਹੋਈ ਸੂ਼ਟਿੰਗ ਵਿੱਚ ਬੱਚਿਆਂ ਸਮੇਤ 21 ਵਿਅਕਤੀਆਂ ਦੇ ਹੋਏ ਕਤਲੇਆਮ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ।
ਟਰੂਡੋ ਨੇ ਵੈਨਕੂਵਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਦੁਖਦ ਘਟਨਾ ਕਾਰਨ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ ਨਾਲ ਨਾਲ ਸਾਰੀ ਕਮਿਊਨਿਟੀ ਦੀਆਂ ਜਿ਼ੰਦਗੀਆਂ ਹਮੇਸ਼ਾਂ ਲਈ ਬਦਲ ਗਈਆਂ।
ਉਨ੍ਹਾਂ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਸਾਰੇ ਕੈਨੇਡੀਅਨਜ਼ ਆਪਣੇ ਅਮੈਰੀਕਨ ਦੋਸਤਾਂ ਦੇ ਨਾਲ ਖੜ੍ਹੇ ਹਾਂ। ਅਧਿਕਾਰੀਆਂ ਨੇ ਦੱਸਿਆ ਕਿ ਉਵਾਲਡੇ ਟਾਊਨ ਵਿੱਚ ਰੌਬ ਐਲੀਮੈਂਟਰੀ ਸਕੂਲ ਵਿੱਚ ਦਾਖਲ ਹੋ ਕੇ ਇੱਕ 18 ਸਾਲਾ ਗੰਨਮੈਨ ਨੇ ਕਲਾਸ ਕਲਾਸ ਘੁੰਮ ਕੇ ਤੇ ਗੋਲੀਆਂ ਚਲਾ ਕੇ 19 ਬੱਚਿਆਂ ਤੇ ਦੋ ਬਾਲਗਾਂ ਨੂੰ ਮਾਰ ਮੁਕਾਇਆ। ਬਾਅਦ ਵਿੱਚ ਪੁਲਿਸ ਵੱਲੋਂ ਇਸ ਸ਼ੂਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਇਸ ਹਮਲੇ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਟਵਿੱਟਰ ਉੱਤੇ ਪਾਏ ਸੁਨੇਹੇ ਵਿੱਚ ਆਖਿਆ ਕਿ ਕਈ ਹੋਰਨਾਂ ਵਾਂਗ ਉਨ੍ਹਾਂ ਦਾ ਦਿਲ ਵੀ ਟੁੱਟ ਗਿਆ ਹੈ। ਉਨ੍ਹਾਂ ਆਖਿਆ ਕਿ ਬੱਚਿਆਂ ਨੂੰ ਪ੍ਰੋਟੈਕਸ਼ਨ ਤੇ ਸੇਫਟੀ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਸਹੇਜ ਕੇ ਰੱਖਣ ਦੀ ਲੋੜ ਹੁੰਦੀ ਹੈ।
ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲੈਂਚੈਟ ਨੇ ਆਖਿਆ ਕਿ ਟੈਕਸਸ ਵਿੱਚ ਵਾਪਰੀ ਇਸ ਤ੍ਰਾਸਦੀ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਉਹ ਦੁਆ ਮੰਗਦੇ ਹਨ। ਮੰਗਲਵਾਰ ਨੂੰ ਹੀ ਸ਼ੂਟਿੰਗ ਤੋਂ ਕੁੱਝ ਦੇਰ ਬਾਅਦ ਵਾੲ੍ਹੀਟ ਹਾਊਸ ਤੋਂ ਗੱਲ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਹਥਿਆਰਾਂ ਉੱਤੇ ਨਵੇਂ ਸਿਰੇ ਤੋਂ ਪਾਬੰਦੀਆਂ ਲਾਏ ਜਾਣ ਦਾ ਸੱਦਾ ਦਿੱਤਾ।