3.6 C
Toronto
Friday, November 14, 2025
spot_img
Homeਕੈਨੇਡਾ'ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ' ਨੇ ਲੋਹੜੀ ਜੋਸ਼-ਖ਼ਰੋਸ਼ ਨਾਲ ਮਨਾਈ

‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਨੇ ਲੋਹੜੀ ਜੋਸ਼-ਖ਼ਰੋਸ਼ ਨਾਲ ਮਨਾਈ

ਮੇਅਰ ਪੈਟ੍ਰਿਕ ਬਰਾਊਨ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਵੱਲੋਂ ਲੋਹੜੀ ਦਾ ਅਹਿਮ ਤਿਉਹਾਰ ਲੰਘੇ ਸ਼ਨੀਵਾਰ 12 ਜਨਵਰੀ ਦੀ ਰਾਤ ਨੂੰ ‘ਕੈਟਰੀਨਾ ਬੈਂਕੁਇਟ ਹਾਲ’ ਮਿਸੀਸਾਗਾ ਵਿਖੇ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਮ ਦੇ 7.00 ਵਜੇ ਸ਼ੁਰੂ ਹੋਇਆ ਇਹ ਸਮਾਗ਼ਮ ਰਾਤ ਦੇ 12.00 ਵਜੇ ਤੀਕ ਚੱਲਦਾ ਰਿਹਾ ਜਿਸ ਵਿਚ ਹੋਏ ਵੱਖ-ਵੱਖ ਈਵੈਂਟਸ ਨੂੰ ‘ਸਟਾਰ ਗਲਿੱਨ’ ਕੰਪਨੀ ਵੱਲੋਂ ਖ਼ੂਬਸੂਰਤ ਤਰਤੀਬ ਦਿੱਤੀ ਗਈ। ਇਨ੍ਹਾਂ ਈਵੈਂਟਸ ਵਿਚ ਸਿੱਖਿਅਤ ਕਲਾਕਾਰਾਂ ਵੱਲੋਂ ਪਰੀ ਡਾਂਸ, ਹਿੰਦੀ ਤੇ ਪੰਜਾਬੀ ਗਾਣਿਆਂ ਉੱਪਰ ਡਾਂਸ, ਗਿੱਧਾ, ਜਾਗੋ ਅਤੇ ਇਕ ਵੱਖਰੀ ਕਿਸਮ ਦਾ ਐਕਸ਼ਨ ਡਾਂਸ ਸ਼ਾਮਲ ਸਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਤਾੜੀਆਂ ਦੀ ਦਾਦ ਮਿਲੀ। ਸਮਾਗ਼ਮ ਦੇ ਮੁੱਖ-ਮਹਿਮਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਨ ਜਿਨ੍ਹਾਂ ਨੇ ਇਸ ਮੌਕੇ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੇ ਸਮੂਹ ਮੈਂਬਰਾਂ ਲੋਹੜੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ।
ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਸਾਰੀਆਂ ਕਮਿਊਨਿਟੀਆਂ ਨੂੰ ਆਪਣੇ ਸੱਭਿਆਚਾਰਕ ਤਿਉਹਾਰ ਇੰਜ ਹੀ ਰਲ ਮਿਲ ਕੇ ਮਨਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਪੈਟ੍ਰਿਕ ਬਰਾਊਨ ਦੇ ਵਿਆਹ ਦੀ ਵੀ ਇਹ ਪਹਿਲੀ ਲੋਹੜੀ ਸੀ ਅਤੇ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਵੱਲੋਂ ਉਨ੍ਹਾਂ ਨੂੰ ਵੀ ‘ਹੈਪੀ ਲੋਹੜੀ’ ਕਿਹਾ ਗਿਆ ਜਿਸ ‘ਤੇ ਉਨ੍ਹਾਂ ਨੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵੱਲੋਂ ਕਾਰਕਾਰਨੀ ਕਮੇਟੀ ਦੇ ਮੈਂਬਰਾਂ ਨੂੰ ‘ਐਪਰੀਸੀਏਨ ਸਰਟੀਫ਼ੀਕੇਟ’ ਵੀ ਭੇਂਟ ਕੀਤਾ ਗਿਆ। ਸਮਾਗ਼ਮ ਵਿਚ ਆਹਲੂਵਾਲੀਆ ਪਰਿਵਾਰਾਂ ਤੋਂ ਇਲਾਵਾ ਵਿਸ਼ੇਸ਼ ਸੱਦੇ ‘ਤੇ ਕਈ ਗ਼ੈਰ-ਆਹਲੂਵਾਲੀਆ ਮਹਿਮਾਨ ਵੀ ਸ਼ਾਮਲ ਹੋਏ ਜਿਨ੍ਹਾਂ ਵਿਚ ਅਮਰ ਕਰਮਾ ਸੰਸਥਾ ਤੋਂ ਕੁਲਵਿੰਦਰ ਸਿੰਘ ਸੈਣੀ ਤੇ ਕਈ ਹੋਰ ਸ਼ਾਮਲ ਸਨ। ਪੰਜਾਬੀ ਮੀਡੀਆ ਵੱਲੋਂ ‘ਪਰਵਾਸੀ ਮੀਡੀਆ ਗਰੁੱਪ’ ਤੋਂ ਰਜਿੰਦਰ ਸੈਣੀ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਡਾ. ਸੁਖਦੇਵ ਸਿੰਘ ਝੰਡ, ਚਮਕੌਰ ਮਾਛੀਕੇ, ਕੁਲਦੀਪ ਦੀਪਕ ਅਤੇ ਬੌਬ ਦੋਸਾਂਝ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ।
ਇਸ ਲੋਹੜੀ ਸਮਾਗ਼ਮ ਵਿਚ ਹਰੇਕ ਵਰਗ ਲਈ ਵੱਖ-ਵੱਖ ਕਿਸਮ ਦੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸਮਾਗ਼ਮ ਵਿਚ ਪਹਿਲੀ ਵਾਰ ਬੱਚਿਆਂ ਦੇ ਫ਼ੈਂਸੀ ਡਰੈੱਸ ਤੇ ਡਾਂਸ ਅਤੇ ਕੱਪਲ ਡਾਂਸ ਦੇ ਦਿਲਚਸਪ ਮੁਕਾਬਲੇ ਹੋਏ ਜਿਨ੍ਹਾਂ ਨੂੰ ਬੇਹੱਦ ਪਸੰਦ ਕੀਤਾ ਗਿਆ। ਇਸ ਮੌਕੇ ਨਵ-ਜੰਮੇਂ ਬੱਚਿਆਂ ਅਤੇ ਨਵੇਂ ਵਿਆਹੇ ਹੋਏ ਜੋੜਿਆਂ ਨੂੰ ਸਨਮਾਨ-ਚਿੰਨ੍ਹ ਦੇ ਕੇ ਉਨ੍ਹਾਂ ਦਾ ਭਰਪੂਰ ਸੁਆਗ਼ਤ ਕੀਤਾ ਗਿਆ। ਮੰਚ-ਸੰਚਾਲਕਾਂ ਵਜੋਂ ਵਿਸ਼ ਵਾਲੀਆ ਤੇ ਹਰਵੀਨ ਸੰਧੂ ਨੇ ਆਪਣੀਆਂ ਭੂਮਿਕਾਵਾਂ ਬਾਖ਼ੂਬੀ ਨਿਭਾਈਆਂ। ਇਸ ਤਰ੍ਹਾਂ ਇਹ ਲੋਹੜੀ ਸਮਾਗ਼ਮ ਬੇਹੱਦ ਕਾਮਯਾਬ ਰਿਹਾ। ਇਸ ਸਫ਼ਲ ਸਮਾਗ਼ਮ ਲਈ ਐਸੋਸੀਏਸ਼ਨ ਦੇ ਪੈਟਰਨ ਮਹਿੰਦਰ ਸਿੰਘ ਵਾਲੀਆ, ਪ੍ਰਧਾਨ ਬਰਜਿੰਦਰ (ਟੌਮੀ) ਵਾਲੀਆ, ਉਪ-ਪ੍ਰਧਾਂਨ ਕਿੰਗ਼ ਵਾਲੀਆ, ਜਨਰਲ ਸਕੱਤਰ ਵਿਸ਼ ਵਾਲੀਆ ਅਤੇ ਉਨ੍ਹਾਂ ਦੇ ਸਹਿਯੋਗੀ ਸਾਥੀ ਵਧਾਈ ਦੇ ਹੱਕਦਾਰ ਹਨ।

RELATED ARTICLES
POPULAR POSTS