Breaking News
Home / ਕੈਨੇਡਾ / ਪ੍ਰਿੰਸੈੱਸ ਮਾਰਗਰੇਟ ਕੈਂਸਰ ਰੀਸਰਚ ਫਾਊਂਡੇਸ਼ਨ’ ਦੀ ਸਹਾਇਤਾ ਲਈ ਟੋਰਾਂਟੋ ਵਿਖੇ ਕੀਤੀ ਗਈ ਮੈਰਾਥਨ ਆਯੋਜਿਤ

ਪ੍ਰਿੰਸੈੱਸ ਮਾਰਗਰੇਟ ਕੈਂਸਰ ਰੀਸਰਚ ਫਾਊਂਡੇਸ਼ਨ’ ਦੀ ਸਹਾਇਤਾ ਲਈ ਟੋਰਾਂਟੋ ਵਿਖੇ ਕੀਤੀ ਗਈ ਮੈਰਾਥਨ ਆਯੋਜਿਤ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ, ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ ਹੋਏ ਸ਼ਾਮਲ
60 ਦੇਸ਼ਾਂ ਤੋਂ 12,500 ਦੌੜਾਕਾਂ ਨੇ ਹਿੱਸਾ ਲਿਆ ਤੇ 7.5 ਮਿਲੀਅਨ ਡਾਲਰ ਫੰਡ ਇਕੱਤਰ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 1 ਮਈ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਮੈਰਾਥਨ ਦੌੜ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿਚ 60 ਵੱਖ-ਵੱਖ ਦੇਸ਼ਾਂ ਤੋਂ 12,500 ਦੌੜਾਕਾਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ। ਬਰੈਂਪਟਨ ਵਿਚ ਪਿਛਲੇ 10 ਸਾਲਾਂ ਤੋਂ ਸਰਗਰਮ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ, ਕੁਲਦੀਪ ਸਿੰਘ ਗਰੇਵਾਲ ਅਤੇ ਹਰਜੀਤ ਸਿੰਘ ਨੇ ਵੀ ਇਸ ਮਹਾਨ ਈਵੈਂਟ ਵਿਚ ਸਫ਼ਲਤਾ ਪੂਰਵਕ ਸ਼ਮੂਲੀਅਤ ਕੀਤੀ। ਉਨਾਂ ਦੀ ਹੌਸਲਾ-ਅਫ਼ਜ਼ਾਈ ਲਈ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਅਤੇ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ ਦੇ ਸੰਚਾਲਕ ਨਰਿੰਦਰਪਾਲ ਬੈਂਸ ਉਚੇਚੇ ਤੌਰ ‘ਤੇ ਉਨਾਂ ਨਾਲ ਗਏ ਅਤੇ ਉਹ ਕੁਝ ਕਿਲੋਮੀਟਰ ਉਨਾਂ ਦੇ ਨਾਲ ਵੀ ਦੌੜੇ। ਇਸ ਈਵੈਂਟ ਵਿਚ ‘ਪ੍ਰਿੰਸੈੱਸ ਮਾਰਗਰੇਟ ਕੈਂਸਰ ਰੀਸਰਚ ਫਾਊਂਡੇਸ਼ਨ’ ਦੀ ਸਹਾਇਤਾ ਲਈ 7.5 ਮਿਲੀਅਨ ਦਾ ਫ਼ੰਡ ਇਕੱਤਰ ਹੋਇਆ ਜੋ ਆਪਣੇ ਆਪ ਵਿਚ ਇਕ ਰੀਕਾਰਡ ਹੈ।
ਟੋਰਾਂਟੋ ਦੇ ਨੌਰਥ ਯੌਰਕ ਰੀਜਨ ਦੇ ਯੰਗ ਤੇ ਸ਼ੈੱਪ ਇੰਟਰਸੈੱਕਸ਼ਨ ਤੋਂ ਸਵੇਰੇ 7.30 ਵਜੇ ਬਣਾਏ ਗਏ ਸਟਾਰਟਿੰਗ ਪਵਾਂਇੰਟ ਤੋਂ ਮੈਰਾਥਨ ਦੌੜਾਕਾਂ ਨੂੰ ਪ੍ਰਬੰਧਕਾਂ ਵੱਲੋਂ ਪੂਰੀ ਸ਼ਾਨੋ-ਸ਼ੌਕਤ ਨਾਲ ਰਵਾਨਾ ਕੀਤਾ ਗਿਆ ਅਤੇ ਉਹ ਸੀ.ਐੱਨ. ਟਾਵਰ ਦੇ ਨੇੜਿਉਂ ਲੰਘਦੇ, ਗਾਰਡੀਨਰ ਐਕਸਪ੍ਰੈੱਸ ਵੇਅ ਨੂੰ ਪਾਰ ਕਰਕੇ ਲੇਕਸ਼ੋਰ ਦੇ ਖੱਬੇ ਕੰਢੇ 42 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਦੇ ਹੋਏ ਸੀ.ਐੱਨ.ਈ. ਗਰਾਊਂਡ ਵਿਚ ਬਣਾਈ ਗਈ ‘ਫਿਨਿਸ਼-ਲਾਈਨ’ ਉਤੇ ਪਹੁੰਚੇ। ਹਾਫ-ਮੈਰਾਥਨ ਲਈ ਰੂਟ ਇਸ ਦੇ ਨਾਲ ਕੁਝ ਸਾਂਝਾਂ ਤੇ ਕੁਝ ਵੱਖਰਾ ਸੀ ਅਤੇ ਉਹ ਸ਼ੁਰੂ ਵੀ ਸਵੇਰੇ 8.30 ਵਜੇ ਕੀਤੀ ਗਈ। ਮੀਂਹ-ਕਣੀ ਵਾਲੇ ਮੌਸਮ ਦੇ ਬਾਵਜੂਦ ਮੈਰਾਥਨ ਰੂਟ ਦੇ ਦੋਹੀਂ ਪਾਸੀਂ ਦੌੜਾਕਾਂ ਦੀ ਹੱਲਾਸ਼ੇਰੀ ਲਈ ਵੱਡੀ ਗਿਣਤੀ ਵਿਚ ਲੋਕ ਖੜੇ ਸਨ ਅਤੇ ਉਹ ਉੱਚੀ-ਉੱਚੀ ਆਵਾਜਾਂ ਵਿਚ ਉਤਸ਼ਾਹਿਤ ਨਾਅਰੇ ਲਗਾ ਕੇ ਦੌੜਾਕਾਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਸਨ। ਇਨਾਂ ਵਿਚ ਬਹੁਤ ਸਾਰੇ ਵਾਲੰਟੀਅਰ ਵੀ ਸ਼ਾਮਲ ਸਨ।
42 ਕਿਲੋਮੀਟਰ ਲੰਮੀ ਇਸ ਮੈਰਾਥਨ ਵਿਚ ਸੱਭ ਤੋਂ ਤੇਜ਼ ਦੌੜਾਕ ਡੈਨਿਸ ਮਬੇਲੈਂਜ਼ੀ 2 ਘੰਟੇ 29 ਮਿੰਟ 58 ਸਕਿੰਟਾਂ ਦੇ ਸਮੇਂ ਨਾਲ ਪਹਿਲੇ ਨੰਬਰ ‘ਤੇ ਆਇਆ, ਜਦਕਿ ਨਿੱਕ ਕਰੋਕਰ 2 ਘੰਟੇ 30 ਮਿੰਟ 52 ਸਕਿੰਟਾਂ ਨਾਲ ਦੂਸਰੇ ਨੰਬਰ ‘ਤੇ ਰਿਹਾ। ਮਹਿਲਾਵਾਂ ਵਿਚ ਮੈਰੀਏਜ ਹੋਗਨ 2 ਘੰਟੇ 47 ਮਿੰਟ 59 ਸਕਿੰਟ ਅਤੇ ਹੈੱਲਥਰ ਓ. ਡੋਨਲ 2 ਘੰਟੇ 49 ਮਿੰਟ ਤੇ 2 ਸਕਿੰਟ ਦੇ ਸਮੇਂ ਨਾਲ ਪਹਿਲੇ ਤੇ ਦੂਸਰੇ ਨੰਬਰ ‘ਤੇ ਆਈਆਂ। ਟੀ.ਪੀ.ਏ.ਆਰ. ਕਲੱਬ ਦੇ ਦੌੜਾਕ ਧਿਆਨ ਸਿੰਘ ਸੋਹਲ ਨੇ ਇਹ ਦੌੜ 4 ਘੰਟੇ 33 ਮਿੰਟ 54 ਸਕਿੰਟਾਂ ਵਿਚ ਸੰਪੰਨ ਕੀਤੀ, ਜਦਕਿ ਕੁਲਦੀਪ ਗਰੇਵਾਲ ਨੇ ਇਸ ਨੂੰ ਦੌੜਨ ਲਈ 5 ਘੰਟੇ 35 ਮਿੰਟ 10 ਸਕਿੰਟ ਅਤੇ ਹਰਜੀਤ ਸਿੰਘ ਨੇ 5 ਘੰਟੇ 35 ਮਿੰਟ 12 ਸਕਿੰਟ ਦਾ ਸਮਾਂ ਲਿਆ। ਏਸੇ ਤਰਾਂ ਬਰੈਂਪਟਨ ਦੇ ਇਕ ਹੋਰ ਦੌੜਾਕ ਲਖਵਿੰਦਰ ਸਿੰਘ ਨੇ ਇਹ 5 ਘੰਟੇ 35 ਮਿੰਟ 10 ਸਕਿੰਟ ਵਿਚ ਪੂਰੀ ਕੀਤੀ। ਇਸ ਮੈਰਾਥਨ ਦੇ ਕਈ ਹੋਰ ਵੀ ਦਿਲਚਸਪ ਪਹਿਲੂ ਸਨ, ਜਿਵੇਂ ਇਕ ਮੈਕਸੀਕਨ ਦੌੜਾਕ ਇਸ ਦੌੜ ਵਿਚ ਵੀਲ-ਚੇਅਰ ‘ਤੇ ਪੂਰੀ ਮੈਰਾਥਨ ਦੌੜਿਆ ਅਤੇ ਉਹ ਬਹੁਤ ਸਾਰੇ ਦੌੜਾਕਾਂ ਨਾਲੋਂ ਕਾਫ਼ੀ ਅੱਗੇ ਜਾ ਰਿਹਾ ਸੀ।
ਇੰਜ ਹੀ ਇਕ ਜੋੜੇ ਦਾ ਪੁਰਸ਼ ਮੈਂਬਰ ਆਪਣੀ ਜੀਵਨ ਸਾਥਣ ਨੂੰ ਵੀਲ-ਚੇਅਰ ‘ਤੇ ਬੈਠਾ ਕੇ ਵੀਲ-ਚੇਅਰ ਨੂੰ ਧਕੇਲਦਿਆਂ ਹੋਇਆ ਇਹ ਦੌੜ ਸਫਲਤਾ ਪੂਰਵਕ ਪੂਰੀ ਕੀਤੀ। ਇਕ ਨੌਜੁਆਨ ਰਿਸ਼ੀ ਕੌਸ਼ਲ ਨੇ ਹਾਫ਼-ਮੈਰਾਥਨ ਇਕ ਘੰਟਾ 47 ਮਿੰਟਾਂ ਵਿਚ ਸੰਪੰਨ ਕੀਤੀ। ਇਸ ਈਵੈਂਟ ਵਿਚ ਭਾਗ ਲੈਣ ਵਾਲੇ ਸਾਰੇ ਦੌੜਾਕ ਤੇ ਵਾੱਕਰ ਵਧਾਈ ਦੇ ਹੱਕਦਾਰ ਹਨ, ਕਿਉਂਕਿ ਅਜਿਹੇ ਈਵੈਂਟਾਂ ਵਿਚ ਇਸ ਤਰਾਂ ਦੀਆਂ ਉਦਾਹਰਣਾਂ ਸਾਹਮਣੇ ਆਉਣ ਨਾਲ ਹੋਰਨਾਂ ਨੂੰ ਬਹੁਤ ਉਤਸ਼ਾਹ ਮਿਲਦਾ ਹੈ ਅਤੇ ਉਹ ਅੱਗੋਂ ਹੋਣ ਵਾਲੇ ਈਵੈਂਟਾਂ ਵਿਚ ਸ਼ਾਮਲ ਹੋਣ ਲਈ ਤਿਆਰੀਆਂ ਆਰੰਭ ਕਰ ਦਿੰਦੇ ਹਨ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …