
ਕਈ ਮੰਤਰੀਆਂ ਦੇ ਬਦਲੇ ਜਾਣਗੇ ਵਿਭਾਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ’ਚ ਭਗਵੰਤ ਮਾਨ ਸਰਕਾਰ ਦੇ ਮੰਤਰੀ ਮੰਡਲ ’ਚ ਮੁੜ ਫੇਰਬਦਲ ਹੋਣ ਦੀ ਚਰਚਾ ਨੇ ਜ਼ੋਰ ਫੜ ਲਿਆ ਹੈ। ਸੱਤਾ ਦੇ ਗਲਿਆਰਿਆਂ ਵਿਚ ਚਰਚਾ ਹੈ ਕਿ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਜੂਨ ਦੇ ਆਖਰੀ ਜਾਂ ਜੁਲਾਈ ਦੇ ਪਹਿਲੇ ਹਫਤੇ ਮੰਤਰੀ ਮੰਡਲ ਵਿਚ ਬਦਲਾਅ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਪਿਛਲੇ ਦਿਨੀਂ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਵਿਸਥਾਰ ਅਤੇ ਫੇਰਬਦਲ ਕੀਤਾ ਸੀ। ਪਾਰਟੀ ਨੇ ਸੂਬੇ ਦੇ ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਸਨ। ਧਿਆਨ ਰਹੇ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਇਕ ਵਾਰ ਵੀ ਆਪਣੀ ਕੈਬਨਿਟ ਪੂਰੀ ਨਹੀਂ ਕੀਤੀ ਹੈ। ਮੰਤਰੀ ਮੰਡਲ ਵਿਚ ਮੁੱਖ ਮੰਤਰੀ ਸਣੇ 18 ਮੰਤਰੀ ਬਣਾਏ ਜਾ ਸਕਦੇ ਹਨ, ਪਰ ਇਸ ਵੇਲੇ ਪੰਜਾਬ ਕੈਬਨਿਟ ’ਚ 16 ਮੰਤਰੀ ਹੀ ਹਨ।

