
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਭਾਰਤ ਜਾ ਸਕਦੇ ਹਨ। ਟਰੰਪ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਵਧੀਆ ਚੱਲ ਰਹੀ ਹੈ ਅਤੇ ਦੋਵੇਂ ਦੇਸ਼ਾਂ ਭਾਰਤ ਅਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ’ਤੇ ਚਰਚਾ ਵੀ ਅੱਗੇ ਵਧ ਰਹੀ ਹੈ। ਵਾਈਟ ਹਾਊਸ ਦੇ ਓਵਲ ਦਫਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦੋਸਤ ਅਤੇ ਚੰਗਾ ਇਨਸਾਨ ਦੱਸਿਆ ਹੈ। ਜਦੋਂ ਮੀਡੀਆ ਨੇ ਟਰੰਪ ਕੋਲੋਂ ਪੁੱਛਿਆ ਕਿ ਕੀ ਉਹ ਅਗਲੇ ਸਾਲ ਭਾਰਤ ਜਾਣਗੇ ਤਾਂ ਟਰੰਪ ਨੇ ਹੱਸਦੇ ਹੋਏ ਕਿਹਾ ਕਿ ਹੋ ਸਕਦਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਯੁੱਧ ਨੂੰ ਟੈਰਿਫ ਦਾ ਡਰ ਦਿਖਾ ਕੇ ਰੋਕ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਦੇਸ਼ ਹਨ ਅਤੇ ਇਹ ਦੋਵੇਂ ਯੁੱਧ ਦੀ ਕਗਾਰ ’ਤੇ ਸਨ।

