
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਾਲ ਭਰ ਚੱਲਣ ਵਾਲੇ ਸਮਾਰੋਹ ਦਾ ਨਵੀਂ ਦਿੱਲੀ ’ਚ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਹੈ। ਇਹ ਪ੍ਰੋਗਰਾਮ ਸਾਲ ਭਰ ਚੱਲਣ ਵਾਲੇ ਦੇਸ਼ ਵਿਆਪੀ ਸਮਾਰੋਹ ਦੀ ਰਸਮੀ ਸ਼ੁਰੂਆਤ ਕਰੇਗਾ ਜੋ 7 ਨਵੰਬਰ 2025 ਤੋਂ 7 ਨਵੰਬਰ 2026 ਤੱਕ ਚੱਲੇਗਾ ਅਤੇ ਇੱਕ ਅਜਿਹੀ ਰਚਨਾ ਦੇ 150 ਸਾਲ ਮਨਾਏਗਾ, ਜਿਸਨੇ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਪ੍ਰੇਰਿਤ ਕੀਤਾ ਹੈ। ਇਹ ਗੀਤ ਬੰਕਿਮ ਚੰਦਰ ਚੈਟਰਜੀ ਵੱਲੋਂ 1875 ਵਿੱਚ 7 ਨਵੰਬਰ ਨੂੰ ਅਕਸ਼ੈ ਨੌਮੀ ਦੇ ਮੌਕੇ ’ਤੇ ਲਿਖਿਆ ਗਿਆ ਸੀ। ਇਹ ਗੀਤ ਸਭ ਤੋਂ ਪਹਿਲਾਂ ਚੈਟਰਜੀ ਦੇ ਨਾਵਲ ‘ਆਨੰਦਮਠ’ ਦੇ ਹਿੱਸੇ ਵਜੋਂ ਸਾਹਿਤਕ ਰਸਾਲੇ ‘ਬੰਗਦਰਸ਼ਨ’ ਵਿੱਚ ਪ੍ਰਕਾਸ਼ਿਤ ਹੋਇਆ ਸੀ।

