ਹਰਜੀਤ ਬੇਦੀ
ਮਨੁੱਖਤਾ ਲਈ ਭਿਅੰਕਰ ਖਤਰੇ ਦੋ ਵਿਉਪਾਰਾਂ ਤੋਂ।
ਇੱਕ ਵਿਉਪਾਰ ਨਸ਼ਿਆਂ ਦੇ ਤੋਂ ਦੂਜਾ ਹਥਿਆਰਾਂ ਤੋਂ।
ਨਸ਼ਾ ਇੱਕ ਅਜਿਹਾ ਜਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ, ਬੁੱਧੀ ਹੀਣ, ਦਿਮਾਗ ਦੀ ਸਰੀਰ ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਣ ਬਣਦਾ ਹੈ । ਇਹ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਜ਼ਿੰਦਗੀ ਨੂੰ ਨਿੰਦਣਯੋਗ ਬਣਾ ਛਡਦਾ ਹੈ । ਨਸ਼ਾ ਬੇਲੋੜੀ ਉਕਸਾਹਟ ਪੈਦਾ ਕਰਕੇ ਵਕਤੀ ਤੌਰ ‘ਤੇ ਬੰਦੇ ਨੂੰ ਝੂਠਾ ਸੁੱਖ ਅਤੇ ਹੁਲਾਰਾ ਦੇ ਕੇ ਨਕਲੀ ਖੁਸ਼ੀ ਦਾ ਭਰਮ ਪੈਦਾ ਕਰਦਾ ਹੈ। ਇਹ ਅਣਖ, ਸਵੈਮਾਨ ਅਤੇ ਜ਼ਮੀਰ ਦਾ ਗਲਾ ਘੁੱਟ ਦਿੰਦਾ ਹੈ ਆਪਣੇ ਅਤੇ ਸਮਾਜ ਦੇ ਪਤਨ ਦਾ ਕਾਰਣ ਹੋ ਨਿਬੜਦਾ ਹੈ। ਬੇ-ਜਮੀਰੇ, ਸਵੈਮਾਨ ਰਹਿਤ, ਨਿਕੰਮੇ, ਵਹਿਸ਼ੀ, ਕਮਜੋਰ ਅਤੇ ਮਾਨਸਕ ਤਨਾਅ ਦੇ ਸ਼ਿਕਾਰ ਨਸ਼ਈਆਂ ਤੋਂ ਸਮਾਜ ਭਲਾਈ ਦੀ ਤਵੱਕੋ ਰੱਖਣਾ ਗੈਰ-ਵਾਜ਼ਬ ਹੈ ।
ਵੈਸੇ ਤਾਂ ਨਸ਼ੇ ਹਰੇਕ ਵਿਅਕਤੀ ਲਈ ਘਾਤਕ ਹਨ ਪਰ ਸੰਸਾਰ ਪੱਧਰ ਤੇ ਵਿਦਿਆਰਥੀਆਂ ਵਿੱਚ ਵਧ ਰਿਹਾ ਨਸ਼ਿਆਂ ਦਾ ਰੁਝਾਨ ਬਹੁਤ ਹੀ ਚਿੰਤਾਜਨਕ ਹੈ। ਵਿਦਿਆਰਥੀਆਂ ਵਿੱਚ ਇਹ ਰੁਝਾਨ ਗਰੇਡ 8 ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਜੋ ਗਰੇਡ 12 ਤੱਕ ਪਹੁੰਦੇ ਪਹੁੰਚਦੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਆਪਣੀ ਜਕੜ ਵਿੱਚ ਲੈ ਲੈਂਦਾ ਹੈ । ਸ਼ਰਾਬ , ਭੰਗ, ਨਸ਼ੀਲੀਆਂ ਗੋਲੀਆਂ, ਚਰਸ, ਕੋਕੀਨ, ਹੈਰੋਇਨ, ਤੰਬਾਕੂ, ਡੋਡੇ, ਅਫੀਮ, ਸਮੈਕ, ਕਰੈਕ, ਮੈਥਾਫੀਟਾਮਾਈਨ ਅਤੇ ਹੋਰ ਪਤਾ ਨਹੀਂ ਕੀ ਕੀ ਸਾਡੀ ਨਵੀਂ ਪੀੜੀ੍ਹ ਨੂੰ ਤਬਾਹੀ ਵੱਲ ਲੈ ਜਾ ਰਿਹਾ ਹੈ।
ਕਿਸੇ ਵੀ ਬੀਮਾਰੀ ਦੇ ਇਲਾਜ ਲਈ ਉਸ ਦੇ ਕਾਰਨਾਂ ਨੂੰ ਜਾਣਨਾ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬੱਚਾ ਜੋ ਕੁਝ ਸਿੱਖਦਾ ਹੈ ਉਸ ਦਾ ਮੁੱਢ ਘਰ ਤੋਂ ਬੱਝਦਾ ਹੈ। ਸਾਡੀ ਕਮਿਊਨਿਟੀ ਵਿੱਚ ਬਹੁਤ ਥੋੜ੍ਹੇ ਘਰ ਅਜਿਹੇ ਹੋਣਗੇ ਜੋ ਨਸ਼ੇ ਦੀ ਮਾਰ ਤੋਂ ਬਚੇ ਹੋਣਗੇ। ਦੇਖਾ ਦੇਖੀ ਵੱਡਿਆਂ ਦੀ ਰੀਸ ਨਾਲ ਬੱਚੇ ਵੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਇਸ ਤੋਂ ਬਿਨਾਂ ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਾਰਨ ਮਾਂ-ਬਾਪ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦੇ ਪਾਉਂਦੇ। ਇਸ ਲਈ ਉਹ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਨ ਲਗਦੇ ਹਨ। ਕਈ ਵਾਰ ਇਹੀ ਗੱਲ ਉਹਨਾਂ ਨੂੰ ਨਸ਼ਿਆਂ ਵੱਲ ਧਕੇਲ ਦਿੰਦੀ ਹੈ। ਬੱਚੇ ਵਿੱਚ ਕੋਈ ਦਿਮਾਗੀ ਉਲਝਣ ਜਾਂ ਪੜ੍ਹਾਈ ਵਿੱਚੋਂ ਕਮਜ਼ੋਰ ਹੋਣ ਕਾਰਣ ਨਿਰਾਸ਼ਤਾ ਆਂਉਣੀ ਵੀ ਨਸ਼ਿਆਂ ਵੱਲ ਪ੍ਰੇਰਿਤ ਹੋਣ ਦਾ ਕਾਰਨ ਬਣ ਸਕਦੀ ਹੈ।
”ਜੈਸੀ ਸੰਗਤ ਵੈਸੀ ਰੰਗਤ” ਇੱਕ ਆਮ ਕਹਾਵਤ ਹੈ। ਪਰਿਵਾਰ ਤੋਂ ਬਾਅਦ ਬੱਚੇ ਉੱਤੇ ਅਸਰ ਉਸਦੀ ਸੰਗਤ ਦਾ ਹੁੰਦਾ ਹੈ ਤੇ ਉਹ ਸਹਿਜ ਸੁਭਾਅ ਹੀ ਆਪਣੇ ਦੋਸਤਾਂ ਮਿੱਤਰਾਂ ਦੀਆਂ ਆਦਤਾਂ ਗ੍ਰਹਿਣ ਕਰ ਲੈਂਦਾ ਹੈ। ਜੇ ਉਸਦੇ ਸੰਗੀਆਂ ਵਿੱਚ ਕੋਈ ਜਣਾ ਨਸ਼ਾ ਵਰਤਦਾ ਹੋਵੇ ਤਾਂ ਉਸਦੇ ਕਹਿਣ ਤੇ ਜਾਂ ੳਸਦੀ ਰੀਸ ਨਾਲ ਹੀ ਉਹ ਵੀ ਨਸਾ ਵਰਤਨ ਲੱਗ ਪੈਂਦਾ ਹੈ ਤੇ ਹੌਲੀ-ਹੌਲੀ ਉਸਦਾ ਗੁਲਾਮ ਹੋ ਜਾਂਦਾ ਹੈ।
ਗੀਤਾਂ ਵਿੱਚ ਦੇਖਦੇ ਸੁਣਦੇ, ਖੜਕਦੀ ਜਦ ਗਲਾਸੀ ਮੁੰਡੇ ।
ਅੱਲ੍ਹੜਾਂ ਉੱਤੇ ਅਸਰ ਹੈ ਪੈਂਦਾ, ਉਸੇ ਰਾਹ ਤੁਰ ਜਾਸੀ ਮੁੰਡੇ।
ਸੱਭਿਆਚਾਰ ਦੇ ਨਾਂ ਤੇ ਜੋ ਗੀਤ ਸੰਗੀਤ ਬੱਚਿਆਂ ਨੂੰ ਸੁਣਨ ਨੂੰ ਮਿਲਦਾ ਹੈ ਉਸਦਾ ਉਨ੍ਹਾਂ ਦੇ ਮਨ ਤੇ ਬਹੁਤ ਅਸਰ ਪੈਂਦਾ ਹੈ। ਭਾਵੇਂ ਇੱਥੋਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ, ਲਿਖਣੀ ਜਾਂ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਪਰ ਬਹੁਗਿਣਤੀ ਉਹ ਪੰਜਾਬੀ ਗਾਣੇ ਜ਼ਰੂਰ ਸੁਣਦੇ ਹਨ । ਜਦ ਉਹ ”ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜਕੇ”,”ਦਾਰੂ ਪੀਣਾ ਕੰਮ ਜੱਟਾਂ ਦਾ”, ”ਘਰ ਦੀ ਸ਼ਰਾਬ ਹੋਵੇ”,”ਦਾਰੂ ਪੀ ਕੇ ਬੱਕਰੇ ਬੁਲਾਉਣੇ”,ਚੌਥਾ ਪੈੱਗ ਪਾ ਕੇ ਬਾਂਹ ਫੜਨੀ” ਅਤੇ ਅਜਿਹੇ ਹੋਰ ਗੀਤ ਸੁਣਦੇ ਹਨ ਤਾਂ ਨਕਲੀ ਹੀਰੋਇਜ਼ਮ ਦੀ ਭਾਵਨਾ ਤਹਿਤ ਨਸ਼ਿਆਂ ਵੱਲ ਖਿੱਚੇ ਜਾਂਦੇ ਹਨ । ਸਿਰਫ ਨਸ਼ਿਆਂ ਵੱਲ ਹੀ ਨਹੀਂ ਉਹਨਾਂ ਵਿੱਚ ਹੋਰ ਵੀ ਭੈੜੀਆਂ ਰੁਚੀਆਂ ਪੈਦਾ ਹੋਣ ਲਗਦੀਆਂ ਹਨ।
ਨਸ਼ਿਆਂ ਦੇ ਵਪਾਰੀ ਜਿਨ੍ਹਾਂ ਨੇ ਗੈਂਗ ਬਣਾਏ ਹੋਏ ਹਨ ਉਨ੍ਹਾਂ ਦੇ ਏਜੰਟ ਸਕੂਲਾਂ ਨੇੜੇ ਗੇੜੇ ਕਢਦੇ ਹਨ । ਉਹ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਅਣਭੋਲ ਵਿਦਿਆਰਥੀਆਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਜਿਹੜਾ ਇਨ੍ਹਾਂ ਦੇ ਜਾਲ ਵਿੱਚ ਇੱਕ ਵਾਰ ਫਸ ਗਿਆ ਉਸਦਾ ਮੁੜ ਕੇ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਪੂਰੀ ਤਰ੍ਹਾਂ ਨਸ਼ਿਆਂ ਦੇ ਆਦਿ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਖਰੀਦਣ ਲਈ ਪੈਸੇ ਦੀ ਕਮੀ ਕਾਰਣ ਉਸ ਗੈਂਗ ਦੇ ਹੀ ਮੈਂਬਰ ਬਣ ਜਾਂਦੇ ਹਨ। ਇਹ ਬਿਮਾਰੀ ਨਿਊਕਲੀ ਕਿਰਿਆ ਜਾਂ ਛੂਤ ਦੀ ਬਿਮਾਰੀ ਵਾਂਗ ਬੜੀ ਤੇਜ਼ੀ ਨਾਲ ਅੱਗੇ ਵਧਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਨਸ਼ਿਆਂ ਦੇ ਇਹ ਵਪਾਰੀ ਕਾਲੇ ਧੰਦੇ ਨਾਲ ਕਮਾਏ ਪੈਸੇ ਦੇ ਜ਼ੋਰ ਤੇ ਲੋਕਾਂ ਦੀ ਇੱਜਤ ਦਾ ਪਾਤਰ ਵੀ ਬਣ ਜਾਂਦੇ ਹਨ ।
ਪਹਿਲਾਂ ਨਸ਼ੇ ਮੁੰਡੇ ਸੀ ਕਰਦੇ , ਹੁਣ ਕੁੜੀਆਂ ਵੀ ਲੱਗ ਗਈਆਂ ।
ਮਾਡਰਨ ਬਣਨ ਦੀ ਚੂਹਾ ਦੌੜ ਵਿੱਚ, ਸੱਭਿਆਚਾਰ ਨੂੰ ਛੱਡ ਗਈਆਂ।
ਬਹੁਤ ਹੀ ਜ਼ਿਆਦਾ ਫਿਕਰ ਵਾਲੀ ਗੱਲ ਹੈ ਕਿ ਸਕੂਲੀ ਲੜਕੀਆਂ ਵੀ ਨਸ਼ਿਆਂ ਦੀ ਜਿੱਲ੍ਹਣ ਵਿੱਚ ਫਸ ਰਹੀਆਂ ਹਨ। ਚੰਗੇ ਕੰਮਾਂ ਲਈ ਮੁੰਡਿਆਂ ਦੀ ਬਰਾਬਰੀ ਕਰਨਾ ਮਾਣ ਵਾਲੀ ਗੱਲ ਹੈ ਪਰ ਨਸ਼ੇ ਵਰਗੀਆਂ ਅਲਾਮਤਾਂ ਲਈ ਬਰਾਬਰੀ ਸਾਡੇ ਸਮਾਜ ਦੇ ਮੱਥੇ ਤੇ ਕਲੰਕ ਹੈ। ਪਹਿਲਾਂ ਪਹਿਲ ਤਾਂ ਨਸ਼ਾ ਸ਼ੌਕ ਵਜੋਂ ਸ਼ੁਰੂ ਹੁੰਦਾ ਹੈ ਪਰ ਆਦਿ ਹੋਣ ਤੇ ਨਸ਼ੇ ਤੋਂ ਬਿਨਾਂ ਲੜਕੀਆਂ ਹੋਰ ਵੀ ਭਿਆਨਕ ਰਾਹਾਂ ‘ਤੇ ਤੁਰ ਪੈਂਦੀਆਂ ਹਨ ਜਿਸ ਨਾਲ ਸਿਰਫ ਨਮੋਸ਼ੀ ਹੀ ਨਹੀਂ ਹੋਰ ਵੀ ਬਹੁਤ ਕੁੱਝ ਝੱਲਣਾ ਪੈਂਦਾ ਹੈ। ਅੱਜ ਦੀਆਂ ਲੜਕੀਆਂ ਕੱਲ੍ਹ ਦੀਆਂ ਮਾਵਾਂ ਹਨ। ਨਸ਼ੇਬਾਜ ਔਰਤਾਂ ਭਵਿੱਖ ਲਈ ਕਿਸ ਤਰ੍ਹਾਂ ਦੀ ਸੰਤਾਨ ਸਮਾਜ ਨੂੰ ਦੇਣਗੀਆਂ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।
ਨਸ਼ਿਆਂ ਦੀ ਬਿਮਾਰੀ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਤਬਾਹੀ ਦੇ ਕੰਢੇ ਤੇ ਲੈ ਆਂਦਾ ਹੈ। ਸਰੀਰਕ ਅਤੇ ਮਾਨਸਿਕ ਬਿਮਾਰੀਆ ਵਿੱਚ ਆਏ ਦਿਨ ਨਵਾਂ ਵਾਧਾ ਹੋ ਰਿਹਾ ਹੈ। ਏਡਜ, ਕਿਡਨੀ, ਕੈਂਸਰ, ਲਿਵਰ ਅਤੇ ਦਿਲ ਦੀਆਂ ਬਿਮਾਰੀਆਂ ਖਤਰਾ ਬਣ ਕੇ ਮੰਡਰਾ ਰਹੀਆਂ ਹਨ। ਨਸ਼ਿਆਂ ਅਤੇ ਇਨ੍ਹਾਂ ਬੀਮਾਰੀਆਂ ਨਾਲ ਹਸਦੇ ਵਸਦੇ ਘਰ ਉੱਜੜ ਰਹੇ ਹਨ ਅਤੇ ਲੱਖਾਂ ਮਲੂਕ ਜਵਾਨੀਆਂ ਹਰ ਸਾਲ ਤਬਾਹ ਹੋ ਰਹੀਆਂ ਹਨ। ਸਾਨੂੰ ਸਭ ਨੂੰ ਪਤਾ ਹੈ ਕਿ ਬੰਜਰ ਧਰਤੀ ਵਿੱਚ ਕੁੱਝ ਨਹੀਂ ਉਗਦਾ। ਨਸ਼ੇ ਵਿਦਿਆਰਥੀਆਂ ਦੇ ਦਿਮਾਗ ਨੂੰ ਬੰਜਰ ਬਣਾ ਰਹੇ ਹਨ ਅਤੇ ਉਨ੍ਹਾਂ ਬੰਜਰ ਦਿਮਾਗਾਂ ਵਿੱਚ ਕੁੱਝ ਵੀ ਪੈਦਾ ਨਹੀਂ ਹੋਵੇਗਾ। ਸੋਚਣ ਸ਼ਕਤੀ ਖਤਮ ਹੋਣ ਤੇ ਉਹ ਕਾਸੇ ਜੋਗੇ ਨਹੀਂ ਰਹਿਣਗੇ। ਵਿਦਿਆਰਥੀਆਂ ਵਿੱਚ ਫੈਲ ਰਹੇ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਮਾਪਿਆਂ, ਸਮਾਜ ਸੇਵੀ ਸੰਸਥਾਵਾਂ, ਸਿਆਸੀ ਲੀਡਰਾਂ, ਸਮਾਜ ਸੇਵੀ ਕਾਰਜਕਰਤਾਵਾਂ, ਸੂਝਵਾਨ ਲੀਡਰਾਂ ਅਤੇ ਧਾਰਮਿਕ ਅਦਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਨਸ਼ਿਆਂ ਦੇ ਵਪਾਰੀਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੇ ਆਪਣੇ ਬੱਚੇ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਣਗੇ ਤਾਂ ਉਹਨਾਂ ਦੀ ਗਲਤ ਢੰਗ ਨਾਲ ਕੀਤੀ ਕਮਾਈ ਕਿਸ ਕੰਮ ਆਵੇਗੀ । ਜੇ ਸਕੂਲਾਂ ਵਿੱਚ ਯੂਨੀਫਾਰਮ ਲੱਗ ਜਾਵੇ ਤਾਂ ਨਸ਼ਿਆਂ ਦੇ ਗੈਂਗ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਵਿੱਚ ਨਿਖੇੜਾ ਆਸਾਨੀ ਨਾਲ ਹੋ ਸਕਦਾ ਹੈ ਤੇ ਉਹ ਸਕੂਲਾਂ ਨੇੜੇ ਗੇੜੇ ਕਢਦੇ ਪਛਾਣੇ ਜਾ ਸਕਣਗੇ। ਨਸ਼ਿਆਂ ਦੀ ਆਸਾਨੀ ਨਾਲ ਉਪਲੱਭਦਤਾ ਵੀ ਨਸ਼ਿਆਂ ਵੱਲ ਪ੍ਰੇਰਤ ਹੋਣ ਦਾ ਕਾਰਨ ਬਣਦੀ ਹੈ ਇਸ ਲਈ ਸਰਕਾਰ ਦੁਆਰਾ ਨਸ਼ਿਆ ਰਾਹੀਂ ਰੈਵੈਨਿਊ ਇਕੱਠਾ ਕਰਨ ਨਾਲੋਂ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਨਸ਼ਿਆਂ ਵਿੱਚ ਫਸੇ ਨੌਜਵਾਨਾਂ ਦਾ ਮਾਨਸਕ ਅਤੇ ਸਰੀਰਕ ਇਲਾਜ ਕਰਾਉਣਾ ਤੇ ਹੋਰਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਗੰਭੀਰ ਉਪਰਾਲੇ ਕਰਨ ਦੀ ਲੋੜ ਹੈ। ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਧੁੰਦਲਾ ਹੀ ਨਹੀਂ, ਹਨੇਰੇ ਭਰਿਆ ਹੋਵੇਗਾ।
647-924-9087