Breaking News
Home / ਨਜ਼ਰੀਆ / ਸਤਲੁਜ-ਯਮੁਨਾ ਦੇ ਮਸਲੇ ‘ਤੇ ਅੱਗ ਨਾ ਬਾਲੋ

ਸਤਲੁਜ-ਯਮੁਨਾ ਦੇ ਮਸਲੇ ‘ਤੇ ਅੱਗ ਨਾ ਬਾਲੋ

ਹਰਦੇਵ ਸਿੰਘ ਧਾਲੀਵਾਲ
ਸਾਰੇ ਜਾਣਦੇ ਹਨ, ਅਣਵੰਡੇ ਪੰਜਾਬ ਦੇ 28 ਜਿਲੇ ਸਨ, ਰਿਆਸਤਾਂ ਵੱਖ ਸੀ। 16 ਪਾਕਿਸਤਾਨ ਨੂੰ ਚਲੇ ਗਏ 12 ਭਾਰਤ ਵਿੱਚ ਰਹਿ ਗਏ। 5 ਦਰਿਆਵਾਂ ਦਾ ਇਲਾਕਾ ਵੀ ਵੰਡਿਆ ਗਿਆ ਤੇ ਦਰਿਆ ਵੀ ਵੰਡੇ ਗਏ। ਕਹਿੰਦੇ ਹਨ ਕਿ ਭਾਖੜਾ ਡੈਮ ਦੀ ਸਕੀਮ ਅੰਗਰੇਜ਼ ਸਲੋਕਸ ਦੀ ਸੀ। ਪਰ ਇਸ ਤੇ ਕੰਮ ਦੇਸ਼ ਦੀ ਵੰਡ ਤੋਂ ਪਿੱਛੋਂ ਹੋਇਆ। ਹੁਸੈਨੀਵਾਲਾ ਹੈੱਡ ਤੋਂ ਗੰਗ ਨਹਿਰ, ਬੀਕਾਨੇਰ ਦੇ ਰਾਜੇ ਗੰਗਾ ਸਿੰਘ ਨੇ ਆਪਣੇ ਕੋਲੋਂ ਖਰਚ ਕਰਕੇ ਬਣਵਾਈ, ਪਾਣੀ ਦਾ ਮੁੱਲ ਉਹ ਦੇਸ਼ ਦੀ ਵੰਡ ਤੋਂ ਪਿੱਛੋਂ ਵੀ ਦਿੰਦੇ ਰਹੇ। 1955 ਤੇ 59 ਨੂੰ ਪੰਜਾਬ ਵਿੱਚ ਭਾਰੀ ਹੜ੍ਹ ਆਏ, ਉਸ ਸਮੇਂ ਹਰੀਕੇ ਹੈੱਡ ਤੋਂ ਬੀਕਾਨੇਰ ਤੇ ਸਰਹੰਦ ਫੀਡਰ ਨਹਿਰਾਂ ਕੱਢੀਆਂ ਗਈਆਂ। ਭਾਖੜਾ ਨਹਿਰ ਵੀ ਕੱਢੀ ਗਈ, ਜਿਸ ਦੇ ਸੌਂਢਾ ਹੈੱਡ ਤੋਂ 2 ਹਿੱਸੇ ਹੋ ਜਾਂਦੇ ਹਨ। ਪੰਜਾਬ ਦੇ ਪਾਣੀ ਨੂੰ ਚੋਰੀ ਦੇ ਮਾਲ ਵਾਂਗ ਵੰਡਿਆ ਗਿਆ। ਇਹ ਨਾ ਦੇਖਿਆ ਗਿਆ ਕਿ ਰਿਪੇਰੀਅਨ ਕਾਨੂੰਨ ਕੀ ਕਹਿੰਦਾ ਹੈ। ਉਸ ਸਮੇਂ ਦੀ ਸੇਮ ਖਤਮ ਹੋ ਗਈ। ਮਾਲਵੇ ਵਿੱਚ ਖੂਹ ਲੱਗੇ, ਜਿਹੜੇ ਹੁਣ ਨਕਾਰਾ ਹੋ ਚੁੱਕੇ ਹਨ। ਕਿਸੇ ਖੂੰਹ ਵਿੱਚ ਪਾਣੀ ਨਹੀਂ ਹੈ, ਖਾਲੀ ਖੜਕਦੇ ਹਨ। 1966 ਦੇ ਪੰਜਾਬੀ ਸੂਬਾ ਬਨਣ ਪਿੱਛੋਂ ਕੇਂਦਰ ਦੀ ਅੱਖ ਢੇਡੀ ਹੀ ਰਹੀ। ਸ. ਬਾਦਲ ਨੇ ਗਲਤੀ ਕੀਤੀ, ਹਰਿਆਣੇ ਤੋਂ ਜਮੀਨ ਖਰੀਦਣ ਲਈ ਪੈਸੇ ਲੈ ਲਏ। ਕਹਿੰਦੇ ਹਨ ਕਿ ਇਹ ਚੌਧਰੀ ਦੇਵੀ ਲਾਲ ਦੀ ਦੋਸਤੀ ਪਾਲਣ ਲਈ ਨੀਂਹ ਪੱਥਰ ਰੱਖਣ ਨੂੰ ਵੀ ਤਿਆਰ ਸਨ, ਪਰ ਜੱਥੇ. ਟੌਹੜਾ ਦੇ ਸਮਝਾਉਣ ਤੇ ਰੁਕ ਗਏ ਤੇ ਸਾਥੀਆਂ ਨਾਲ ਸਲਾਹ ਕਰਕੇ ਪਿੱਛੋਂ ਹਾਈ ਕੋਰਟ ਵਿੱਚ ਇਸ ਵਿਰੁੱਧ ਰਿੱਟ ਪੁਆ ਦਿੱਤੀ। ਸ੍ਰੀਮਤੀ ਇੰਦਰਾ ਗਾਂਧੀ ਨੇ ਸ. ਦਰਬਾਰਾ ਸਿੰਘ ਨੂੰ ਘੂਰ ਕੇ ਜੋਰ ਨਾਲ ਰਿੱਟ ਵਾਪਸ ਕਰਵਾਈ। ਕੇਂਦਰ ਨੇ ਕਦੇ ਵੀ ਪੰਜਾਬ ਨਾਲ ਇਨਸਾਫ ਨਹੀਂ ਕੀਤਾ, ਭਾਵੇਂ ਕੋਈ ਵੀ ਸਰਕਾਰ ਹੋਵੇ।
1982 ਵਿੱਚ ਸ੍ਰੀਮਤੀ ਇੰਦਰਾ ਗਾਂਧੀ ਕਪੂਰੀ (ਰਾਜਪੁਰਾ) ਆਈ ਤੇ ਨਹਿਰ ਦਾ ਨੀਂਹ ਪੱਥਰ ਰੱਖਿਆ ਤਾਂ ਅਕਾਲੀ ਦਲ ਤੇ ਕੰਮਿਊਨਿਸ਼ਟ ਪਾਰਟੀ ਨੇ ਮੋਰਚਾ ਸ਼ੁਰੂ ਕਰ ਦਿੱਤਾ। ਮੋਰਚਾ ਅੰਮ੍ਰਿਤਸਰ ਪਹੁੰਚ ਗਿਆ ਤਾਂ ਕੰਮਿਊਨਿਸ਼ਟ ਪਿੱਛੇ ਹਟ ਗਏ। ਇਹ ਮੋਰਚਾ ਲਗਾਤਾਰ ਚੱਲਿਆ, ਮੋਰਚੇ ਦੇ ਡਿਕਟੇਟਰ ਭਾਵੇਂ ਸੰਤ ਹਰਚੰਦ ਸਿੰਘ ਲੌਗੋਵਾਲ ਸਨ ਪਰ ਮੋਰਚੇ ਦਾ ਬਹੁਤਾ ਲਾਭ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲਣ ਲੱਗ ਗਿਆ। ਵਰਕਰ ਭਾਵੇਂ ਅਕਾਲੀ ਦਲ ਦੇ ਸਨ, ਪਰ ਸੰਤ ਜਰਨੈਲ ਸਿੰਘ ਜਨਰਲ ਸ਼ੁਬੇਗ ਸਿੰਘ ਦੀ ਰਾਇ ਕਾਰਨ ਕੇਂਦਰ ਦੀ ਲੀਡਰਸਿੱਪ ਤੋਂ ਦੂਰ ਹੁੰਦੇ ਗਏ। ਦੋਵੇਂ ਸੰਤ ਭਾਵੇਂ ਇੱਕ ਸਟੇਜ ਮੰਜੀ ਸਾਹਿਬ ਤੋਂ ਬੋਲਦੇ ਸਨ, ਪਰ ਦੋਵਾਂ ਦੀ ਸੁਰ ਵੱਖਰੀ ਹੁੰਦੀ ਸੀ। ਮੋਰਚੇ ਦੇ ਅਸਰ ਹੇਠ ਪੰਜਾਬ ਵਿੱਚ ਅੱਤਵਾਦੀ ਵਾਰਦਾਤਾਂ ਵਧ ਗਈਆਂ, ਬੇਗੁਨਾਹ ਮਾਰੇ ਗਏ। ਪੁਲਿਸ ਦੇ ਡੀ.ਆਈ.ਜੀ. ਏ.ਐਸ.ਅਟਵਾਲ ਹਰਮੰਦਰ ਸਾਹਿਬ ਦੇ ਬਾਹਰ ਮਾਰੇ ਗਏ। ਪੰਜਾਬ ਦੇ ਪਾਣੀ ਦੀ ਰਾਖੀ ਲਈ 80 ਹਜ਼ਾਰ ਤੋਂ ਵੱਧ ਗ੍ਰਿਫਤਾਰੀਆਂ ਦਿੱਤੀਆਂ ਗਈਆਂ। ਕਈ ਵਿਚੋਲੇ ਕੋਸ਼ਿਸ਼ ਕਰਦੇ ਰਹੇ ਕਿ ਗੱਲ ਮੁੱਕ ਸਕੇ। ਕਹਿੰਦੇ ਹਨ, ਕਿ ਕੈਪਟਨ ਅਮਰਿੰਦਰ ਸਿੰਘ ਵੀ ਵਿਚੋਲੇ ਦਾ ਰੋਲ ਨਿਭਾਉਦੇ ਰਹੇ ਤੇ ਚਾਹੁੰਦੇ ਸਨ ਕਿ ਕਿਵੇਂ ਮਸਲਾ ਮੁੱਕ ਜਾਏ, ਪਰ ਅਕਾਲੀਆਂ ਨੂੰ ਗਰਮ ਲੀਡਰਸਿੱਪ ਕੋਈ ਫੈਸਲਾ ਕਰਨ ਨਹੀਂ ਸੀ ਦਿੰਦੀ। ਮੈਨੂੰ ਯਾਦ ਹੈ ਇੱਕ ਸਮੇਂ 1984 ਦੇ ਮੁੱਢ ਵਿੱਚ ਸੰਤ ਹਰਚੰਦ ਸਿੰਘ ਲੌਗੋਵਾਲ ਮੋਰਚੇ ਦੀ ਥਾਂ ਬਦਲ ਕੇ ਆਨੰਦਪੁਰ ਸਾਹਿਬ ਲੈਜਾਣਾ ਚਾਹੁੰਦੇ ਸਨ, ਪਰ ਸਾਥੀ ਅਕਾਲੀ ਲੀਡਰਸ਼ਿੱਪ ਸਹਿਮਤ ਨਾ ਹੋਈ। ਇਸ ਕਰਕੇ ਇਹ ਦੁਖਾਂਤ ਬਚ ਨਾ ਸਕਿਆ। ਮੈਂ ਪਹਿਲਾਂ ਵੀ ਲਿਖ ਚੁੱਕਿਆ ਹਾਂ ਕਿ ਇੱਕ ਸਮਾਂ 1975 ਵਿੱਚ ਆਇਆ ਸੀ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਪੰਜਾਬ ਦੀ ਹਰ ਗੱਲ ਮੰਨਦੀ ਸੀ, ਪਰ ਮੁੱਖ ਮੰਤਰੀ ਦੀ ਕੁਰਸੀ ਕਰਕੇ ਇਹ ਗੱਲ ਸਿਰੇ ਨਾ ਲੱਗੀ, ਇਹ ਗੱਲ ਬਾਦਲ ਸਾਹਿਬ ਵੀ ਮੰਨਦੇ ਹਨ। ਪਾਣੀ ਦੀ ਕੋਝੀ ਵੰਡ ਕਰਨ ਕਰਕੇ ਕਪੂਰੀ ਤੋਂ ਮੋਰਚਾ ਸ਼ੁਰੂ ਹੋਇਆ ਸੀ, ਪਰ ਇਹਦਾ ਬਹੁਤਾ ਕੰਟਰੋਲ ਅੱਤਵਾਦ ਵੱਲ ਚਲਿਆ ਗਿਆ। ਸਭ ਤੋਂ ਵੱਧ ਨਿੰਦਣਯੋਗ ਤੇ ਘਾਤਕ ਨੀਲਾ-ਤਾਰਾ ਅਪ੍ਰੇਸ਼ਨ ਫੌਜ ਤੋਂ ਕਰਵਾਇਆ ਗਿਆ। ਇਹ ਆਮ ਚਰਚਾ ਸੀ ਕਿ ਕਈ ਜਰਨੈਲ ਇਹ ਨਾ ਕਰਨ ਦੀ ਸਲਾਹ ਦੇ ਰਹੇ ਸਨ, ਪਰ ਕੌਮ ਕੋਲ ਕੋਈ ਫੈਸਲਾ ਦੇਣ ਵਾਲੀ ਲੀਡਰਸ਼ਿੱਪ ਨਹੀਂ ਸੀ। ਬਹੁਤੀ ਲੀਡਰਸ਼ਿੱਪ ਕਾਰਨ ਹੀ ਇਹ ਝਗੜਾ ਪੈਂਦਾ ਰਿਹਾ। 1947 ਤੋਂ 71 ਤੱਕ ਲੀਡਰਸ਼ਿੱਪ ਇੱਕ ਆਦਮੀ ਕੋਲ ਸੀ। 1961 ਤੱਕ ਮਾਸਟਰ ਤਾਰਾ ਸਿੰਘ ਹੀ ਲੀਡਰ ਸਨ। ਫੇਰ 1971 ਤੱਕ ਸੰਤ ਫਤਿਹ ਸਿੰਘ ਕੋਲ ਹੀ ਲੀਡਰਸ਼ਿੱਪ ਰਹੀ। ਇਹ ਕਰਕੇ ਕੁੱਝ ਸਮਝੌਤੇ ਹੋ ਜਾਂਦੇ ਸਨ। ਭਾਵੇਂ ਪੰਜਾਬੀ ਸੂਬਾ ਮੁਕੰਮਲ ਨਾ ਬਣਿਆ, ਪਰ ਲੀਡਰ ਦਾ ਫੈਸਲਾ ਅਟੱਲ ਮੰਨਿਆ ਗਿਆ। ਪਾਣੀ ਦੀ ਗਲਤ ਵੰਡ ਤੋਂ ਦਰਬਾਰ ਸਾਹਿਬ ਦਾ ਘਾਣ ਹੋਇਆ। ਅਕਾਲ ਤਖਤ ਢਾਹਿਆ ਗਿਆ। ਬੇਅੰਤ ਲੋਕ ਮਾਰੇ ਗਏ। ਸ੍ਰੀਮਤੀ ਇੰਦਰਾ ਗਾਂਧੀ ਦਾ ਕਤਲ ਇਸੇ ਗੁੱਸੇ ਕਾਰਨ ਹੋਇਆ। ਇਸੇ ਗੁੱਸੇ ਕਾਰਨ ਦਿੱਲੀ, ਕਾਨਪੁਰ, ਜਮਸੇਦਪੁਰ, ਬੁਕਾਰੋ ਵਿੱਚ ਬੇਗੁਨਾਹ ਸਿੱਖ ਮਾਰੇ ਗਏ, ਇਹ ਸਭ ਕੁੱਝ ਪਾਣੀ ਦੇ ਮਸਲੇ ਤੋਂ ਹੀ ਸ਼ੁਰੂ ਹੋਇਆ ਸੀ।
ਪੰਜਾਬ ਵਿੱਚ ਪਹਿਲਾਂ ਸੇਮ ਸੀ, ਉਸ ਸਮੇਂ ਖੂਹਾਂ ਦਾ ਪਾਣੀ ਉੱਪਰ ਆ ਗਿਆ। ਪਾਣੀ ਦੀ ਘਾਟ ਕਾਰਨ ਪਹਿਲਾਂ ਕਣਕ ਨਹੀਂ ਸੀ ਬੀਜੀ ਜਾਂਦੀ। ਦੇਸ਼ ਵਿੱਚ ਕਣਕ ਦੀ ਲੋੜ ਮਹਿਸੂਸ ਹੋਈ ਤਾਂ ਖੇਤੀਬਾੜੀ ਯੂਨੀਵਰਸਿਟੀ ਨੇ ਕਲਿਆਣ ਕਣਕ ਚਾਲੂ ਕਰਵਾ ਦਿੱਤੀ। ਕਲਿਆਣ ਕਣਕ ਆਉਣ ਨਾਲ ਕਣਕ ਦਾ ਝਾੜ ਵਧ ਗਿਆ ਤੇ ਦੇਸ਼ ਦੀ ਭੁੱਖ ਦਾ ਮਸਲਾ ਵੀ ਹੱਲ ਹੋ ਗਿਆ। 1975 ਤੋਂ ਝੋਨੇ ਦਾ ਜੋਰ ਪੈ ਗਿਆ। ਝੋਨੇ ਲਈ ਬਹੁਤ ਪਾਣੀ ਦੀ ਲੋੜ ਪੈਂਦੀ ਸੀ। ਲੋਕ ਅਗੇਤਾ ਝੋਨਾ ਲਾ ਦਿੰਦੇ ਸਨ। ਉਹ ਅਕਤੂਬਰ ਦੇ ਮੁੱਢ ਵਿੱਚ ਆ ਜਾਂਦਾ ਸੀ। ਝੋਨੇ ਵਿੱਚ ਨਮੀਂ ਨਹੀਂ ਸੀ ਹੁੰਦੀ। ਵੇਚਣ ਵਿੱਚ ਕੋਈ ਔਖ ਨਹੀਂ ਸੀ ਆਉਂਦੀ। ਪਾਣੀ ਘਟਣ ਤੇ ਡੂੰਘੀਆਂ ਸਬਰਸੀਬਲ ਮੋਟਰਾਂ ਲੱਗਣ ਲੱਗ ਗਈਆਂ। ਪਾਣੀ ਨੀਵਾਂ ਜਾਂਦਾ ਰਿਹਾ ਤਾਂ ਸਰਕਾਰ ਨੇ ਮਿੱਥ ਦਿੱਤਾ ਕਿ ਝੋਨਾ 10 ਜੂਨ ਤੋਂ ਪਿੱਛੋਂ ਲਾਇਆ ਜਾਵੇ। ਇਸ ਨਾਲ ਪਾਣੀ ਦਾ ਖਰਚ ਘਟ ਜਾਂਦਾ ਸੀ। ਪਰ ਵਿਕਣ ਸਮੇਂ ਝੋਨੇ ਵਿੱਚ ਮੌਸਮ ਕਾਰਨ ਨਮੀਂ ਘੱਟਦੀ ਨਹੀਂ ਸੀ। ਇਸ ਕਾਰਨ ਹੁਣ ਝੋਨੇ ਦੀ ਵਿਕਰੀ ਵਿੱਚ ਮੁਸ਼ਕਲ ਆਉਂਦੀ ਹੈ। ਪੰਜਾਬ ਨੇ ਝੋਨਾ ਤੇ ਕਣਕ ਪੈਦਾ ਕਰਕੇ ਪਿਛਲੇ ਰਿਕਾਰਡ ਤੋੜ ਦਿੱਤੇ। ਭੁੱਖਮਰੀ ਦੂਰ ਕੀਤੀ, ਪਰ ਸਰਕਾਰ ਨੇ ਇਹ ਨਾ ਸੋਚਿਆ ਕਿ ਪਾਣੀ ਥੱਲੇ ਜਾ ਰਿਹਾ ਹੈ, ਜਦੋਂ ਕਿ ਪਾਣੀ ਦੀ ਵਰਤੋਂ ਘੱਟ ਹੋਣੀ ਚਾਹੀਦੀ ਸੀ। ਮਾਹਰਾਂ ਤੋਂ ਵੀ ਇਹ ਰਾਇ ਨਾ ਲਈ ਗਈ।
ਪੰਜਾਬ ਵਿੱਚ 15-16 ਲੱਖ ਟਿਊਬਬੈਲ ਚੱਲ ਰਹੇ ਹਨ। ਤਕਰੀਬਨ ਕੁੱਝ ਪ੍ਰਤੀਸ਼ਤ ਛੱਡ ਕੇ ਸਾਰੇ ਹੀ ਬਿਜਲੀ ਤੇ ਹਨ। ਪਾਣੀ ਡੂੰਘਾ ਹੋਣ ਕਰਕੇ 20.25 ਪਾਵਰ ਤੋਂ ਘੱਟ ਮੋਟਰ ਪਾਣੀ ਨਹੀਂ ਕੱਢ ਸਕਦੀ। ਨਹਿਰੀ ਪਾਣੀ ਦੀ ਘਾਟ ਹੈ ਤੇ ਅਕਸਰ ਸਰਦੀ ਵਿੱਚ ਤਾਂ ਮਿਲਦਾ ਹੀ ਨਹੀਂ। ਲੋਕਾਂ ਨੇ ਧੜਾਧੜ ਮੋਟਰਾਂ ਲਾ ਦਿੱਤੀਆਂ। ਇਹ 400-500 ਫੁੱਟ ਤੋਂ ਪਾਣੀ ਕੱਢ ਰਹੀਆਂ ਹਨ। ਧਰਤੀ ਦਾ ਪਾਣੀ ਡੂੰਘਾ ਜਾ ਰਿਹਾ ਹੈ। ਸਾਡੇ ਪਿੰਡਾਂ ਵਿੱਚ ਅਸੀਂ ਛੱਪੜ ਭਰ ਕੇ ਅਬਾਦੀ ਕਰ ਲਈ ਹੈ। ਪਹਿਲਾਂ ਪਿੰਡਾਂ ਵਿੱਚ ਵੱਡੇ-ਵੱਡੇ ਛੱਪੜ ਸਨ, ਬਹੁਤੇ ਛੱਪੜ ਤਾਂ ਬਰੇਤੀ ਤੱਕ  ਜਾਂਦੇ ਸੀ, ਉਨ੍ਹਾਂ ਦਾ ਪਾਣੀ ਫਿਲਟਰ ਹੋ ਕੇ ਧਰਤੀ ਵਿੱਚ ਵੀ ਜਾਂਦਾ ਰਿਹਾ, ਪਰ ਹੁਣ ਕਿਸੇ ਪਿੰਡ ਵਿੱਚ ਹੀ ਛੱਪੜ ਹੋਣਗੇ। ਮੇਰੇ ਪਿੰਡ ਸੇਰੋਂ ਵਿੱਚ 20-22 ਏਕੜ ਤੇ ਛੱਪੜ ਸਨ, ਪਰ ਹੁਣ 1 ਜਾਂ 2 ਏਕੜ ਤੇ ਹੀ ਹਨ। ਬਾਕੀ ਤੇ ਮਿੱਟੀ ਪਾ ਕੇ ਅਬਾਦੀ ਕਰ ਲਈ ਹੈ। ਇਸ ਦਾ ਪੰਚਾਇਤਾਂ ਨੂੰ ਵੀ ਕੋਈ ਲਾਭ ਨਹੀਂ ਹੋਇਆ। ਅਜਿਹਾ ਸਾਰੇ ਪੰਜਾਬ ਵਿੱਚ ਹੀ ਹੋਇਆ ਹੈ। ਸਾਂਝੇ ਥਾਵਾਂ ਤੇ ਪਾਦੀ ਲਈ ਮੋਟਰਾਂ ਸਿਆਸੀ ਆਦਮੀ ਲਗਵਾ ਦਿੰਦੇ ਹਨ, ਉਹ ਅਕਸਰ ਬਿਨਾਂ ਲੋੜ ਤੋਂ ਹੀ ਚੱਲਦੀਆਂ ਰਹਿੰਦੀਆਂ ਹਨ। ਬਾਕੀ 16 ਲੱਖ ਟਿਊਬਬੈਲ ਵੀ ਪਾਣੀ ਕੱਢਦੇ ਹਨ। ਪੰਜਾਬ ਵਿੱਚ 137 ਬਲਾਕ ਹਨ, ਇੱਕ ਸਰਵੇ ਅਨੁਸਾਰ ਇਨ੍ਹਾਂ ਵਿੱਚੋਂ 100 ਬਲਾਕ (ਡਾਰਕ ਜੋਨ) ਅਥਵਾ ਖਤਰਨਾਕ ਹੱਦ ਤੇ ਪਾਣੀ ਦੱਸ ਰਹੇ ਹਨ। ਆਮ ਪਾਣੀ 150 ਫੁੱਟ ਤੋਂ ਦੂਰ ਹੈ। 1960 ਵਿੱਚ ਪੰਜਾਬ ਕੋਲ ਪਾਣੀ ਸੀ ਤਾਂ ਦੇ ਦਿੱਤਾ ਗਿਆ। ਹੁਣ ਪੰਜਾਬ ਕੋਲ ਪਾਣੀ ਨਹੀਂ। ਜੇ ਸਤਲੁਜ-ਜਮਨਾ ਨਹਿਰ ਬਣਦੀ ਹੈ ਤਾਂ ਮਾਲਵੇ ਦਾ ਇਲਾਕਾ ਬੰਜ਼ਰ ਹੋ ਜਾਏਗਾ। ਇਸ ਕਰਕੇ ਪੰਜਾਬ ਨੂੰ ਨਹਿਰੀ ਪਾਣੀ ਦੀ ਵੱਧ ਲੋੜ ਹੈ।
ਸ੍ਰੀ ਓਮ ਪ੍ਰਕਾਸ਼ ਚੌਟਾਲਾ ਕੁਰੱਪਸ਼ਨ ਵਿੱਚ ਕੈਦ ਕੱਟ ਰਹੇ ਹਨ, ਹੁਣ ਪੈਰੋਲ ਤੇ ਆਏ ਹਨ। ਉਨ੍ਹਾਂ ਦਾ ਸਿਆਸਤ ਵਿੱਚ ਨਾਂ ਸ੍ਰੀ ਦੇਵੀ ਲਾਲ ਕਰਕੇ ਚੱਲਦਾ ਹੈ ਅਤੇ ਉਹ ਬਾਦਲ ਸਾਹਿਬ ਨੂੰ ਚਾਚਾ ਕਹਿੰਦੇ ਹਨ। ਸਿਆਸੀ ਜੀਵਨ ਵਿੱਚ ਥਿੜਕ ਗਏ ਤੇ ਆਪਣੀ ਪੁਰਾਣੀ ਪੁਜੀਸ਼ਨ ਬਹਾਲ ਕਰਨ ਲਈ ਹਰਿਆਣੇ ਦੀ ਜਨਤਾ ਨੂੰ ਭੜਕਾ ਰਹੇ ਹਨ ਤੇ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਉਹ ਆਪਣੀ ਪੁਰਾਣੀ ਸ਼ਾਖ ਬਹਾਲ ਕਰ ਸਕਣ। ਉਨ੍ਹਾਂ ਨੇ ਕਿਹਾ ਹੈ ਕਿ 23 ਫਰਵਰੀ ਨੂੰ ਉਹ ਸਤਲੁਜ-ਜਮਨਾ ਲਿੰਕ ਨਹਿਰ ਪੁੱਟਣ ਲਈ ਆਉਣਗੇ। ਉਨ੍ਹਾਂ ਦੇ ਪੁੱਤਰ ਅਭੈ ਚੌਟਾਲਾ ਨੇ 23 ਫਰਵਰੀ ਨੂੰ ਅੰਬਾਲੇ ਵਿੱਚ ਐਸ.ਵਾਈ.ਐਲ. ਵਾਸਤੇ ਇੱਕ ਭੜਕਾਊ ਰੈਲੀ ਕੀਤੀ ਉਨ੍ਹਾਂ ਨੇ ਪੰਜਾਬ ਵਿਰੁੱਧ ਭੜਕਾਊ ਗੱਲਾਂ ਕੀਤੀਆਂ। ਪੰਜਾਬ ਵਿੱਂਚ ਸ. ਕਰਨੈਲ ਸਿੰਘ ਪੀਰ ਮੁਹੰਮਦ ਸਿੱਖ ਸਟੂਡੈਂਟ ਲੀਡਰ ਨੇ ਵੀ ਰੋਕਣ ਦੀ ਗੱਲ ਕਹੀ ਹੈ। ਬੈਂਸ ਭਰਾ ਵੀ ਇਸ ਰੈਲੀ ਵਿਰੁੱਧ ਕਪੂਰੀ ਜਾਣਾ ਚਾਹੁੰਦੇ ਸਨ, ਉਹ ਵੀ ਆਪਣੇ ਸਾਥੀਆਂ ਨੂੰ ਲੈ ਕੇ ਪਟਿਆਲੇ ਵੱਲ ਚੱਲ ਪਏ, ਪਰ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਪਟਿਆਲੇ ਵਿੱਚ ਹੀ ਰੋਕ ਲਿਆ। ਅਭੈ ਚੌਟਾਲਾ ਕਹੀਆਂ ਅਤੇ ਹੋਰ ਹਥਿਆਰਾਂ ਨਾਲ ਸੰਭੂ ਵੱਲ ਨੂੰ ਚੱਲੇ, ਹਰਿਆਣਾ ਪੁਲਿਸ ਨੇ ਰੋਕਣ ਦੀ ਬਹੁਤੀ ਕੋਸ਼ਿਸ਼ ਨਾ ਕੀਤੀ। ਪੰਜਾਬ ਵੱਲੋਂ ਪੂਰੇ ਪ੍ਰਬੰਧ ਸਨ ਤਾਂ ਉਨ੍ਹਾਂ ਨੇ ਹਾਲਾਤ ਨੂੰ ਦੇਖਦੇ ਹੋਏ ਅੱਗੇ ਵਧਣ ਨਾਲੋਂ ਧਰਨੇ ਤੇ ਬੈਠਣਾ ਠੀਕ ਸਮਝਿਆ। ਫੇਰ ਕੁੱਝ ਨੇ ਗ੍ਰਿਫਤਾਰੀਆਂ ਵੀ ਦੇ ਦਿੱਤੀਆਂ। ਅਸਲ ਵਿੱਚ ਇਹ ਇੱਕ ਡਰਾਮਾ ਹੀ ਸੀ, ਜਿਹੜਾ ਚੌਟਾਲਾ ਪਰਿਵਾਰ ਖੇਡ ਗਿਆ। ਟੀ.ਵੀ. ਰਿਪੋਰਟ ਤੋਂ ਜਾਪਦਾ ਸੀ ਕਿ ਜਿਵੇਂ ਵਰਕਰ ਆਪਣੀ ਹਾਜ਼ਰੀ ਲਗਵਾ ਰਹੇ ਹਨ। ਸਾਡੇ ਲੀਡਰ ਜਾਤੀ ਲਾਭਾਂ ਲਈ ਆਮ ਲੁਕਾਈ ਨੂੰ ਭੜਕਾ ਕੇ ਆਪਣੀ ਸ਼ਾਖ ਬਹਾਲ ਕਰਨਾ ਚਾਹੁੰਦੇ ਹਨ ਜੋ ਕਿ ਜਾਇਜ ਨਹੀਂ। ਪਾਣੀ ਦੀ ਗੱਲ ਤੇ ਦੇਸ਼ ਵਿੱਚ ਵੰਡੀਆਂ ਪਾਉਣੀਆਂ ਵੀ ਯੋਗ ਨਹੀਂ। ਉੱਚ ਅਦਾਲਤ ਦਾ ਸਤਿਕਾਰ ਹੈ, ਪਰ ਉਨ੍ਹਾਂ ਨੂੰ ਪੁਰਾਣੇ ਫੈਸਲਿਆਂ ਨੂੰ ਛੱਡ ਕੇ ਨਵੇਂ ਹਾਲਾਤ ਵੀ ਵਾਚਣੇ ਚਾਹੁੰਦੇ ਹਨ। ਪੰਜਾਬ ਨੇ ਅਜ਼ਾਦੀ ਲਈ ਬਹੁਤ ਕੁੱਝ ਕੀਤਾ ਹੈ। ਦੇਸ਼ ਦੀਆਂ ਕੁਰਬਾਨੀਆਂ ਵਿੱਚ 80 ਪ੍ਰਤੀਸ਼ਤ ਸਿੱਖਾਂ ਨੇ ਫਾਂਸੀ ਚੁੰਮੀ ਹੈ। ਬਾਕੀ ਪੰਜਾਬੀ ਅੱਡ ਹਨ। ਇਸ ਬਾਰੇ ਵੀ ਸੋਚਣਾ ਹੋਏਗਾ।
ਸਮਾਂ ਮੰਗ ਕਰਦਾ ਹੈ ਕਿ ਨਿਰਪੱਖ ਪਾਣੀ ਦੇ ਮਾਹਰਾਂ ਨੂੰ ਕਾਨੂੰਨ ਅਨੁਸਾਰ ਸਹੀ ਰਾਇ ਦੇਣ ਲਈ ਕੇਂਦਰ ਇੱਕ ਕਮਿਸ਼ਨ ਬਹਾਲ ਕਰੇ, ਜਿਹੜਾ ਦੋਵਾਂ ਧਿਰਾਂ ਦਾ ਪੱਖ ਸੁਣੇ ਤੇ ਹਾਲਾਤ ਦੇਖੇ, ਨਿਰਪੱਖ ਹੋਵੇ। ਦੇਸ਼ ਇੱਕ ਹੈ। ਸਿਆਸੀ ਘਮਸਾਨ ਕਾਰਨ ਲੋਕਾਂ ਵਿੱਚ ਨਫਰਤ ਪੈਦਾ ਹੋਣ ਤੋਂ ਰੋਕਣ ਦੀ ਲੋੜ ਹੈ। ਪੰਜਾਬ ਤੋਂ ਜਿਉਣ ਦਾ ਹੱਕ ਖੋਹਣਾ ਵਾਜਿਬ ਨਹੀਂ। ਪਾਰਟੀਬਾਜ਼ੀ, ਸਿਆਸਤ ਤੋਂ ਕੇਂਦਰ ਉੱਚਾ ਉੱਠੇ। ਸਾਰੇ ਦੇਸ਼ ਤੇ ਕੌਮ ਦਾ ਭਲਾ ਫੇਰ ਹੀ ਹੋਏਗਾ।

Check Also

ਡਾ. ਸਰਬਜੀਤ ਕੌਰ ਸੋਹਲ ਦੀ ਕਿਤਾਬ ‘ਇੰਟਰਵਲ ਤੋਂ ਬਾਅਦ’ ਲੋਕ ਅਰਪਣ

ਚੰਡੀਗੜ੍ਹ :  : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ …