0 C
Toronto
Friday, February 27, 2026
spot_img
Homeਨਜ਼ਰੀਆਸ੍ਰੀ ਗੁਰੂ ਅਰਜਨ ਦੇਵ ਜੀ - ਇਕ ਲਾਸਾਨੀ ਜੀਵਨ ਗਾਥਾ

ਸ੍ਰੀ ਗੁਰੂ ਅਰਜਨ ਦੇਵ ਜੀ – ਇਕ ਲਾਸਾਨੀ ਜੀਵਨ ਗਾਥਾ

ਡਾ. ਦੇਵਿੰਦਰ ਪਾਲ ਸਿੰਘ
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ। ਉਹ ਅਜਿਹੇ ਪਹਿਲੇ ਸਿੱਖ ਗੁਰੂ ਸਨ ਜਿਨ੍ਹਾਂ ਨੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣਾ ਜੀਵਨ ਬਲੀਦਾਨ ਦਿੱਤਾ। ਸਿੱਖ ਜਗਤ ਦੁਆਰਾ ਹਰ ਸਾਲ ਜੂਨ ਮਹੀਨੇ ਦੌਰਾਨ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਮਨਾਈ ਜਾਂਦੀ ਹੈ। ਸਿੱਖ ਧਰਮ ਦੇ ਸਥਾਪਨ ਤੇ ਵਿਕਾਸ ਵਿਚ ਆਪ ਦਾ ਯੋਗਦਾਨ ਅਹਿਮ ਰਿਹਾ ਹੈ। ਆਪ ਨੇ ਸਿੱਖਾਂ ਦੇ ਧਾਰਮਿਕ ਗ੍ਰੰਥ ਦੇ ਪਹਿਲੇ ਸਰੂਪ ”ਆਦਿ ਗ੍ਰੰਥ” ਦਾ ਸੰਪਾਦਨ ਕੀਤਾ । ਜੋ ਸਮੇਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਿੱਖਾਂ ਦੇ ਗਿਆਰਵੇਂ ਗੁਰੂ ਵਜੋਂ ਸਥਾਪਿਤ ਹੋਇਆ। ਆਪ ਨੇ ਰਾਮਦਾਸ ਪੁਰ (ਹੁਣ ਅੰਮ੍ਰਿਤਸਰ) ਵਿਖੇ ਹਰੀਮੰਦਿਰ ਸਾਹਿਬ ਦੀ ਸਥਾਪਨਾ ਕੀਤੀ। ਆਪ ਨੇ ਤਰਨਤਾਰਨ ਸਾਹਿਬ, ਅਤੇ ਕਰਤਾਰ ਪੁਰ (ਜਲੰਧਰ) ਨਗਰਾਂ ਦੀ ਸਥਾਪਨਾ ਵਿਚ ਵੀ ਮੋਢੀ ਰੋਲ ਨਿਭਾਇਆ।
ਆਪ ਦਾ ਜਨਮ ਭਾਈ ਜੇਠਾ ਜੀ ਅਤੇ ਬੀਬੀ ਭਾਨੀ ਜੀ ਦੇ ਪਰਿਵਾਰ ਵਿਚ, ਗੋਇੰਦਵਾਲ ਸਾਹਿਬ ਵਿਖੇ, 15 ਅਪ੍ਰੈਲ 1563 ਈਸਵੀ ਨੂੰ ਹੋਇਆ। ਭਾਈ ਜੇਠਾ ਜੀ ਨੂੰ ਸੰਨ 1574 ਵਿਚ ਗੁਰਗੱਦੀ ਪ੍ਰਾਪਤ ਹੋਈ। ਜਿਸ ਉਪਰੰਤ ਉਹ ਗੁਰੂ ਰਾਮਦਾਸ ਦੇ ਨਾਮ ਨਾਲ ਸਿੱਖਾਂ ਦੇ ਚੌਥੇ ਗੁਰੂ ਵਜੋਂ ਪ੍ਰਸਿੱਧ ਹੋਏ। ਬੀਬੀ ਭਾਨੀ ਜੀ ਤੀਸਰੇ ਸਿੱਖ ਗੁਰੂ, ਗੁਰੂ ਅਮਰਦਾਸ ਜੀ ਦੀ ਸਪੁੱਤਰੀ ਸਨ। ਬਾਲਕ ਅਰਜਨ ਦੇ ਦੋ ਵੱਡੇ ਵੀਰ ਪ੍ਰਿਥੀ ਚੰਦ ਤੇ ਮਹਾਂਦੇਵ ਸਨ। ਬਾਬਾ ਬੁੱਢਾ ਜੀ ਤੋਂ ਆਪ ਨੇ ਗੁਰਮੁੱਖੀ ਲਿੱਪੀ ਅਤੇ ਗੁਰਬਾਣੀ ਅਧਿਐਨ ਦੀ ਸਿੱਖਿਆ ਪ੍ਰਾਪਤ ਕੀਤੀ। ਆਪ ਨੇ ਫ਼ਾਰਸੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਗਿਆਨ ਵੀ ਹਾਸਿਲ ਕੀਤਾ। ਬਾਲਕ ਅਰਜਨ ਦਾ ਸੁਭਾਅ ਮਿੱਠਾ, ਹਲੀਮੀ ਭਰਪੂਰ ਤੇ ਭਗਤੀ ਰਸ ਭਿੰਨਾ ਸੀ। ਆਪ ਨੂੰ ਗੁਰਬਾਣੀ ਗਾਇਣ ਕਰਨਾ ਬਹੁਤ ਪਸੰਦ ਸੀ। ਉਹ ਅਜੇ 18 ਕੁ ਸਾਲਾਂ ਦੇ ਹੀ ਸਨ ਜਦੋਂ ਸੰਨ 1581 ਵਿਚ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਪੰਜਵੇਂ ਸਿੱਖ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਜੂਨ 1589 ਦੌਰਾਨ ਆਪ ਦਾ ਵਿਆਹ ਬੀਬੀ ਗੰਗਾ ਜੀ ਨਾਲ ਹੋਇਆ। ਬੀਬੀ ਗੰਗਾ ਜੀ, ਫਿਲੌਰ (ਪੰਜਾਬ) ਨਗਰ ਤੋਂ 10 ਕਿਲੋਮੀਟਰ ਪੱਛਮ ਵੱਲ ਸਥਿਤ, ਪਿੰਡ ਮੌ ਦੇ ਭਾਈ ਕ੍ਰਿਸ਼ਨ ਚੰਦ ਦੀ ਸਪੁੱਤਰੀ ਸਨ। ਸਮੇਂ ਨਾਲ ਆਪ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਜੋ ਅੱਗੇ ਚਲ ਕੇ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਵਜੋਂ ਮਸ਼ਹੂਰ ਹੋਏ।
ਗੁਰੂ ਅਰਜਨ ਦੇਵ ਜੀ ਨੇ ਸੰਤੋਖਸਰ ਅਤੇ ਰਾਮਦਾਸਪੁਰਾ (ਅੰਮ੍ਰਿਤਸਰ) ਵਿਖੇ ਦੋ ਪਵਿੱਤਰ ਸਰੋਵਰਾਂ ਦਾ ਕੰਮ ਆਰੰਭ ਕਰਵਾਇਆ। ਪ੍ਰਚਲਿਤ ਕਥਾ ਅਨੁਸਾਰ, ਆਪ ਨੇ ਦਸੰਬਰ 1588 ਦੌਰਾਨ, ਲਾਹੌਰ ਦੇ ਸੂਫ਼ੀ ਸੰਤ ਹਜ਼ਰਤ ਮੀਆਂ ਮੀਰ ਜੀ ਦੇ ਕਰ-ਕਮਲਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਸੰਪੂਰਨ ਹੋਣ ਉਪਰੰਤ ਆਪ ਨੇ ਸੰਤੋਖਸਰ ਦੀ ਉਸਾਰੀ ਵੀ ਮੁਕੰਮਲ ਕਰ ਲਈ। ਆਪ ਨੇ ਗੋਇੰਦਵਾਲ ਸਾਹਿਬ ਦੇ ਨੇੜੇ ਹੀ ਤਰਨ ਤਾਰਨ ਨਗਰ ਦੀ ਸਥਾਪਨਾ ਕਰਵਾਈ। ਇਥੇ ਆਪ ਨੇ ਇਕ ਵਿਸ਼ਾਲ ਸਰੋਵਰ ਅਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਕੁਸ਼ਟ ਰੋਗੀਆਂ ਲਈ ਆਸ਼ਰਮ ਵੀ ਬਣਵਾਇਆ। ਆਪ ਨੇ ਜਲੰਧਰ ਸ਼ਹਿਰ ਦੇ ਨੇੜੇ, ਕਰਤਾਰਪੁਰ ਕਸਬੇ ਦਾ ਨੀਂਹ ਪੱਥਰ ਵੀ ਰੱਖਿਆ। ਆਪ ਨੇ ਲਾਹੌਰ ਦੇ ਡੱਬੀ-ਬਾਜ਼ਾਰ ਵਿਖੇ ਇਕ ਬਾਉਲੀ ਵੀ ਬਣਵਾਈ। ਆਪ ਨੇ ਬਿਆਸ ਦਰਿਆ ਦੇ ਕਿਨਾਰੇ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਵੀ ਕਰਵਾਈ। ਰਾਮਦਾਸਪੁਰ (ਅੰਮ੍ਰਿਤਸਰ) ਤੋਂ ਕੁਝ ਕੁ ਮੀਲ ਦੀ ਦੂਰੀ ਵਿਖੇ ਸਥਿਤ ਛੇਹਰਟਾ ਨਗਰ ਵਿਖੇ ਸਿੰਜਾਈ ਕਾਰਜਾਂ ਲਈ ਇਕ ਵੱਡੇ ਖੂਹ ਦਾ ਨਿਰਮਾਣ ਵੀ ਕਰਵਾਇਆ।
ਗੁਰੂ ਅਰਜਨ ਸਾਹਿਬ ਜੀ ਬਹੁਤ ਹੀ ਉੱਦਮੀ ਤੇ ਪ੍ਰੇਰਨਾਦਾਇਕ ਸ਼ਖਸੀਅਤ ਦੇ ਮਾਲਕ ਸਨ। ਸਿੱਖ ਧਰਮ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਅਨੇਕ ਕਾਰਜ ਕੀਤੇ। ਉਹ ਕੁਝ ਸਮੇਂ ਲਈ ਅੰਮ੍ਰਿਤਸਰ ਨੇੜੇ ਵਡਾਲੀ ਪਿੰਡ ਵਿਖੇ ਵੀ ਠਹਿਰੇ (ਹੁਣ ਇਸ ਨਗਰ ਨੂੰ ਗੁਰੂ-ਦੀ-ਵਡਾਲੀ ਕਿਹਾ ਜਾਂਦਾ ਹੈ)। ਸਿੱਖ ਧਰਮ ਦੀ ਨਿੱਗਰ ਸਥਾਪਤੀ ਤੇ ਵਿਕਾਸ ਲਈ ਗੁਰੂ ਅਰਜਨ ਦੇਵ ਨੇ ਬਹੁਤ ਹੀ ਵਿਲੱਖਣ ਤੇ ਮਹੱਤਵਪੁਰਣ ਕਾਰਜ ਕੀਤੇ। ਉਨ੍ਹਾਂ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਕਈ ਹੋਰ ਹਿੰਦੂ ਅਤੇ ਮੁਸਲਮਾਨ ਸੰਤਾਂ ਦੀ ਬਾਣੀ ਇਕੱਤਰ ਕਰਨ ਤੋਂ ਬਾਅਦ ਆਦਿ ਗ੍ਰੰਥ ਦੀ ਰਚਨਾ ਦਾ ਕਾਰਜ ਕੀਤਾ। ਇਸ ਆਦਿ ਗ੍ਰੰਥ ਦੀ ਲਿਖਾਈ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ। ਆਦਿ ਗ੍ਰੰਥ ਦੀ ਸੰਪੂਰਨਤਾ ਪਿੱਛੋਂ ਇਸ ਪਾਵਨ ਗ੍ਰੰਥ ਦਾ ਪ੍ਰਕਾਸ਼ ਅਗਸਤ/ਸਤੰਬਰ 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦਾ ਕਾਰਜ ਭਾਰ ਸੌਂਪਿਆ ਗਿਆ। ਆਦਿ ਗ੍ਰੰਥ ਦੀ ਰਚਨਾ ਸਿੱਖ ਕੌਮ ਦੇ ਇਤਿਹਾਸ ਵਿਚ ਇਕ ਅਹਿਮ ਪ੍ਰਾਪਤੀ ਸਾਬਤ ਹੋਈ। ਇਹ ਸਿੱਖਾਂ ਲਈ ਹਿੰਦੂਆਂ ਅਤੇ ਮੁਸਲਮਾਨਾਂ ਤੋਂ ਧਾਰਮਿਕ ਵੱਖਰੇਵੇਂ ਦਾ ਸੂਚਕ ਸਿੱਧ ਹੋਇਆ। ਤਦ ਸਿੱਖ ਧਰਮ ਇਕ ਵੱਖਰੇ ਧਰਮ ਵਜੋਂ ਵਿਕਸਿਤ ਹੋਣ ਲੱਗਾ। ਇਕ ਵਾਰ ਗੁਰੂ ਘਰ ਦੇ ਦੋਖੀਆਂ ਵਲੋਂ ਆਦਿ ਗ੍ਰੰਥ ਦੀ ਵਿਸ਼ਾ-ਵਸਤੂ ਬਾਰੇ ਮੁਗਲ ਬਾਦਸ਼ਾਹ ਅਕਬਰ ਨੂੰ ਗੁੰਮਰਾਹ ਕੁੰਨ ਰਿਪੋਰਟ ਭੇਜੀ ਗਈ ਤਾਂ ਬਾਦਸ਼ਾਹ ਅਕਬਰ ਨੇ ਇਸ ਗ੍ਰੰਥ ਦੀ ਪੜਤਾਲ ਕਰਵਾਈ। ਇਸ ਪੜਤਾਲ ਦੌਰਾਨ ਇਸ ਗ੍ਰੰਥ ਵਿਚ ਕੁਝ ਵੀ ਇਤਰਾਜ਼ਯੋਗ ਨਾ ਪਾਏ ਜਾਣ ਉੱਤੇ, ਬਾਦਸ਼ਾਹ ਅਕਬਰ ਨੇ ਆਦਿ ਗ੍ਰੰਥ ਨੂੰ ਸਰਬ-ਸਾਂਝੀਵਾਲਤਾ ਦੇ ਸੁਨੇਹੇ ਭਰਪੂਰ ਸਤਿਕਾਰ ਯੋਗ ਮਹਾਨ ਗ੍ਰੰਥ ਦਾ ਦਰਜਾ ਦਿੱਤਾ। ਆਪ ਨੇ ਦਸਵੰਧ ਅਤੇ ਮਸੰਦ ਪ੍ਰਣਾਲੀ ਦੀ ਪਰੰਪਰਾ ਵੀ ਸੰਸਥਾਗਤ ਕੀਤੀ । ਇਸ ਸੰਸਥਾ ਨੇ ਸਿੱਖ ਧਰਮ ਨੂੰ ਪੰਜਾਬ ਤੋਂ ਬਹੁਤ ਦੂਰ ਦੇ ਪ੍ਰਾਂਤਾਂ ਵਿੱਚ ਵੀ ਫੈਲਾਇਆ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਸਿੱਖ ਵਿਚਾਰਧਾਰਾ ਨਾਲ ਜੋੜਿਆ। ਗੁਰੂ ਅਰਜਨ ਜੀ ਦੇ ਸਮੇਂ ਦੌਰਾਨ, ਅੰਮ੍ਰਿਤਸਰ ਸ਼ਹਿਰ ਸਿੱਖੀ ਦਾ ਕੇਂਦਰੀ ਧੁਰਾ ਬਣ ਗਿਆ। ਜਿਥੇ ਹਰ ਸਾਲ ਵਿਸਾਖੀ ਦੇ ਮੌਕੇ ਉੱਤੇ ਸੈਂਕੜੇ ਹਜ਼ਾਰਾਂ ਸਿੱਖ ਇਕੱਠੇ ਹੁੰਦੇ ਸਨ ਅਤੇ ਮਸੰਦ, ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਕੱਤਰ ਕੀਤੀਆਂ ਭੇਟਾਂ ਨੂੰ ਗੁਰੂ ਸਾਹਿਬ ਨੂੰ ਭੇਂਟ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਸਨ।
ਸਮੇਂ ਨਾਲ ਸਿੱਖ ਗੁਰੂ ਅਰਜਨ ਸਾਹਿਬ ਨੂੰ ‘ਸੱਚਾ ਪਾਤਸ਼ਾਹ’ ਕਹਿਣ ਲੱਗ ਪਏ। ਸਿੱਖਾਂ ਦੀ ਗਿਣਤੀ ਦਿਨੋਂ-ਦਿਨ ਵਧਣ ਲੱਗੀ ਅਤੇ ਇਸ ਨਾਲ ਪਰੰਪਰਾਵਾਦੀ ਹਿੰਦੂ ਤੇ ਕੱਟੜਪੰਥੀ ਮੁਸਲਮਾਨ ਗੁਰੂ ਘਰ ਪ੍ਰਤੀ ਬਹੁਤ ਵਧੇਰੇ ਈਰਖਾ ਕਰਨ ਲੱਗ ਪਏ। ਗੁਰੂ ਜੀ ਦੇ ਵੱਡੇ ਭਰਾ, ਪ੍ਰਿਥੀ ਚੰਦ (ਜੋ ਉਸ ਨੂੰ ਗੁਰਗੱਦੀ ਨਾ ਮਿਲਣ ਕਾਰਣ ਗੁਰੂ ਜੀ ਨਾਲ ਈਰਖਾ ਕਰਦਾ ਸੀ।) ਨੇ ਇੱਕ ਮੁਗਲ ਮਾਲ ਅਧਿਕਾਰੀ ਸੁਲਹੀ ਖਾਨ ਨਾਲ ਗੱਠਜੋੜ ਕਰ ਕੇ ਗੁਰੂ ਸਾਹਿਬ ਨੂੰ ਪ੍ਰੇਸ਼ਾਨ ਕਰਨ ਅਤੇ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾ ਲਈ। ਪਰ ਸੁਲਹੀ ਖਾਨ ਦੀ ਅਚਾਨਕ ਇਕ ਭੱਖ ਰਹੇ ਇੱਟਾਂ ਦੇ ਭੱਠੇ ਵਿਚ ਡਿੱਗਣ ਨਾਲ ਮੌਤ ਹੋ ਗਈ। ਜਨੂੰਨੀ ਹਿੰਦੂ (ਬੀਰਬਲ ਅਤੇ ਚੰਦੂ ਆਦਿ) ਅਤੇ ਕੱਟੜਪੰਥੀ ਮੁਸਲਮਾਨ (ਸ਼ੇਖ ਅਹਿਮਦ ਸਰਹਿੰਦੀ ਆਦਿ) ਸਿੱਖ ਕੌਮ ਅਤੇ ਗੁਰੂ ਅਰਜਨ ਜੀ ਨਾਲ ਬਹੁਤ ਵਧੇਰੇ ਈਰਖਾ ਕਰਦੇ ਸਨ।
ਸੰਨ 1605 ਵਿਚ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਕੱਟੜਪੰਥੀ ਹਿੰਦੂ ਅਤੇ ਮੁਸਲਿਮ ਦੋਵੇਂ ਧਿਰਾਂ ਹੀ ਨਵੇਂ ਬਣੇ ਬਾਦਸ਼ਾਹ ਜਹਾਂਗੀਰ ਕੋਲ ਗੁਰੂ ਜੀ ਵਿਰੁੱਧ ਸ਼ਿਕਾਇਤ ਲੈ ਪੁੱਜੇ। ਇਸਲਾਮ ਦਾ ਧਾਰਣੀ ਜਹਾਂਗੀਰ ਖ਼ੁਦ ਵੀ ਗੁਰੂ ਜੀ ਦੇ ਸਿੱਖ ਧਰਮ ਦੇ ਪ੍ਰਚਾਰ ਕਾਰਜਾਂ ਪ੍ਰਤੀ ਈਰਖਾ ਰੱਖਦਾ ਸੀ। ਗੁਰੂ ਜੀ ਦੇ ਵਿਰੋਧੀਆਂ ਵਲੋਂ ਉਨ੍ਹਾਂ ਉੱਤੇ ਬਹੁਤ ਸਾਰੇ ਨਿਰਾਧਾਰ ਦੋਸ਼ ਲਗਾਏ ਗਏ ਸਨ। ਇਨ੍ਹਾਂ ਵਿੱਚੋਂ ਇੱਕ ਦੋਸ਼ ਰਾਜ ਦੇ ਬਾਗ਼ੀ ਮੁਗਲ ਸ਼ਹਿਜ਼ਾਦੇ ਖੁਸਰੋ ਦੀ ਮਦਦ ਕਰਣ ਦਾ ਵੀ ਸੀ। ਇਨ੍ਹਾਂ ਦੋਸ਼ਾਂ ਤਹਿਤ ਬਾਦਸ਼ਾਹ ਨੇ ਗੁਰੂ ਅਰਜਨ ਜੀ ਦੀ ਤੁਰੰਤ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ। ਆਪ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲਿਆਂਦਾ ਗਿਆ। ਬਾਦਸ਼ਾਹ ਨੇ ਲਾਹੌਰ ਦੇ ਗਵਰਨਰ ਨੂੰ ਗੁਰੂ ਜੀ ਵਿਰੁਧ ਲਾਏ ਗਏ (ਝੂਠੇ) ਦੋਸ਼ਾਂ ਦਾ ਨਿਰਣਾ ਕਰਦੇ ਹੋਏ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਲਾਹੌਰ ਦਾ ਗਵਰਨਰ ਜੋ ਕਿ ਕੱਟੜਪੰਥੀਆਂ ਦਾ ਹੱਥ ਠੋਕਾ ਸੀ, ਨੇ ਆਪ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਉਸ ਨੇ ਇਸ ਸਜ਼ਾ ਦੀ ਪਾਲਣਾ ਦਾ ਹੁਕਮ ਲਾਹੌਰ ਸ਼ਹਿਰ ਦੇ ਇੱਕ ਕੱਟੜਪੰਥੀ ਹਿੰਦੂ ਚੰਦੂ (ਜੋ ਇਕ ਸਾਧਾਰਣ ਕਾਰੋਬਾਰੀ ਵਿਅਕਤੀ ਸੀ) ਨੂੰ ਦਿੱਤਾ। ਚੰਦੂ ਨੇ ਗੁਰੂ ਜੀ ਉਪਰ ਲਗਭਗ ਤਿੰਨ ਦਿਨ ਅੰਨ੍ਹਾਂ ਤਸ਼ੱਦਦ ਕੀਤਾ ਜਿਸ ਦੀ ਮਿਸਾਲ ਮਨੁੱਖੀ ਇਤਿਹਾਸ ਵਿੱਚ ਹੋਰ ਕਿਧਰੇ ਵੀ ਨਜ਼ਰ ਨਹੀਂ ਪੈਂਦੀ। ਪ੍ਰਚਲਿਤ ਗਾਥਾ ਅਨੁਸਾਰ ਕਿਹਾ ਜਾਂਦਾ ਹੈ ਕਿ ਸੰਤ ਹਜ਼ ਮੀਆਂ ਮੀਰ (ਜੋ ਕਿ ਮੁਸਲਮਾਨ ਸੂਫੀ ਸੰਤ ਸਨ ਅਤੇ ਗੁਰੂ ਜੀ ਦੇ ਹਿਤੈਸ਼ੀ ਵੀ ਸਨ।) ਨੇ ਗੁਰੂ ਜੀ ਦੇ ਪੱਖ ਵਿਚ ਬਾਦਸ਼ਾਹ ਤਕ ਪਹੁੰਚ ਕਰਨ ਲਈ ਗੁਰੂ ਜੀ ਤੋਂ ਇਜ਼ਾਜਤ ਮੰਗੀ ਪਰ ਗੁਰੂ ਜੀ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਗੁਰੂ ਜੀ ਨੂੰ ਤਸੀਹੇ ਦੇਣ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾ ਉਨ੍ਹਾਂ ਦੇ ਨੰਗੇ ਸਰੀਰ ਉੱਤੇ ਗਰਮ ਰੇਤ ਪਾਈ ਗਈ। ਜਦੋਂ ਉਨ੍ਹਾਂ ਦਾ ਸਰੀਰ ਛਾਲਿਆਂ ਨਾਲ ਭਰ ਗਿਆ ਤਾਂ ਉਨ੍ਹਾਂ ਨੂੰ ਜੰਜ਼ੀਰਾਂ ਨਾਲ ਬੰਨ ਕੇ ਰਾਵੀ ਦਰਿਆ ਵਿੱਚ ਸੁੱਟ ਦਿੱਤਾ ਗਿਆ। ਇਸ ਤਰ੍ਹਾਂ ਗੁਰੂ ਜੀ ਨੇ 30 ਮਈ, 1606 ਨੂੰ ਸ਼ਹਾਦਤ ਪ੍ਰਾਪਤ ਕੀਤੀ। ਬਾਦਸ਼ਾਹ ਜਹਾਂਗੀਰ ਨੇ ਆਪਣੀ ਸਵੈ-ਜੀਵਨੀ ਵਿਚ ਵਰਨਣ ਕੀਤਾ ਹੈ ਕਿ ਉਸ ਨੇ ਖੁੱਦ ਗੁਰੂ ਅਰਜਨ ਜੀ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ। ਗੁਰੂ ਜੀ ਦੀ ਸ਼ਹੀਦੀ ਨੇ ਸਿੱਖ ਜਗਤ ਵਿਚ ਵੱਡੀ ਤਬਦੀਲੀ ਲਿਆਂਦੀ। ਸੁਭਾਵਿਕ ਹੀ ਸੀ ਕਿ ਸਿੱਖ ਜਗਤ ਨੇ ਇਸ ਘਟਨਾ ਨੂੰ ਕੱਟੜਵਾਦੀ ਮੁਸਲਿਮ ਰਾਜ ਅਤੇ ਪਰੰਪਰਾਵਾਦੀ ਹਿੰਦੂਆਂ ਦੁਆਰਾ ਨਵੇਂ ਜਨਮੇ ਪਰ ਸ਼ਾਂਤੀ ਪਸੰਦ ਸਿੱਖ ਧਰਮ ਪ੍ਰਤੀ ਕੱਟੜਤਾ ਅਤੇ ਬੇਰਹਿਮੀ ਦਾ ਪ੍ਰਗਟਾ ਹੀ ਮੰਨਿਆ।
ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਜਿਸ ਸਥਾਨ ਵਿਖੇ ਜ਼ਾਲਮ ਹਾਕਮਾਂ ਵਲੋਂ ਆਪ ਜੀ ਦੀ ਪਾਵਨ ਦੇਹ ਨੂੰ ਰਾਵੀ ਦਰਿਆ ਵਿੱਚ ਸੁਟਿਆ ਗਿਆ, ਉੱਥੇ ਆਪ ਦੀ ਯਾਦ ਵਿਚ ਅੱਜ ਕੱਲ੍ਹ ਗੁਰੂਦਵਾਰਾ ਡੇਰਾ ਸਾਹਿਬ (ਜੋ ਹੁਣ ਪਾਕਿਸਤਾਨ ਵਿੱਚ ਹੈ) ਮੌਜੂਦ ਹੈ। ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੀ ਨਿਮਰਤਾ ਲਈ ਯਾਦ ਕੀਤਾ ਜਾਂਦਾ ਹੈ। ਉਹ ਬਹੁਤ ਸ਼ਾਂਤ-ਸੁਭਾਅ ਵਾਲੇ ਸੰਤ- ਰੂਪ ਵਿਅਕਤੀ ਸਨ। ਗੁਰੂ ਅਰਜਨ ਦੇਵ ਜੀ ਇਕ ਉੱਤਮ ਕਵੀ ਸਨ। ਉਨ੍ਹਾਂ ਨੇ ਲਗਭਗ 2,218 ਸ਼ਬਦਾਂ (hymns) ਦੀ ਰਚਨਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਕੀਤੀ ਗਈ ਬਾਣੀ ਦਾ ਵੱਡਾ ਹਿੱਸਾ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਆ ਗਿਆ ਹੈ।
[email protected]
website: c4usikhism.com

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS