ਪੰਜਾਬ ਕਾਂਗਰਸ ਵਿਵਾਦ : ਸਰਕਾਰ ਡੇਗਣ ਦੇ ਵਿਧਾਇਕ ਧੀਮਾਨ ਦੇ ਬਿਆਨ ਦਾ ਕੀਤਾ ਸਮਰਥਨ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਅੰਦਰੂਨੀ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵਿਧਾਇਕ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਵਿਧਾਇਕ ਪਰਗਟ ਸਿੰਘ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਿਆਸੀ ਹਮਲੇ ਤੇਜ਼ ਕਰ ਦਿੱਤੇ ਹਨ। ਪਰਗਟ ਸਿੰਘ ਨੇ ਕਿਹਾ ਕਿ ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਲੜੀਆਂ ਗਈਆਂ ਤਾਂ ਕਾਂਗਰਸ ਨੂੰ ਵੱਡਾ ਨੁਕਸਾਨ ਹੋਵੇਗਾ।
ਪਰਗਟ ਸਿੰਘ ਨੇ ਵਿਧਾਇਕ ਸੁਰਜੀਤ ਧੀਮਾਨ ਦੇ ਉਸ ਬਿਆਨ ਦਾ ਵੀ ਸਮਰਥਨ ਕੀਤਾ, ਜਿਸ ਵਿਚ ਧੀਮਾਨ ਨੇ ਕਿਹਾ ਸੀ ਕਿ ਵਿਧਾਇਕਾਂ ਨੂੰ ਇਕੱਠੇ ਹੋ ਕੇ ਸਰਕਾਰ ਡੇਗ ਦੇਣੀ ਚਾਹੀਦੀ ਹੈ।
ਪਰਗਟ ਸਿੰਘ ਨੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਚੰਨੀ ਦੇ ਮੀ-ਟੂ ਮਾਮਲੇ ਬਾਰੇ ਕਿਹਾ ਕਿ ਦੋ ਸਾਲਾਂ ਬਾਅਦ, ਉਹ ਵੀ ਬਿਨਾ ਕਿਸੇ ਸ਼ਿਕਾਇਤ ਦੇ ਇਹ ਮਾਮਲਾ ਉਠਾਇਆ ਜਾਣਾ ਮਾੜੀ ਗੱਲ ਹੈ। ਮੁੱਖ ਮੰਤਰੀ ਦਫਤਰ ਅਤੇ ਮਹਿਲਾ ਆਯੋਗ ਇਹ ਮਾਮਲਾ ਮੁੜ ਉਠਾ ਕੇ ਇਕ ਮਹਿਲਾ ਦਾ ਹੀ ਨਿਰਾਦਰ ਕਰ ਰਹੇ ਹਨ।
ਚੰਨੀ ਅਤੇ ਰੰਧਾਵਾ ਨਾਲ ਬੈਠਕ ਨੂੰ ਲੈ ਕੇ ਪੁੱਛੇ ਗਏ ਸਵਾਲ ‘ਤੇ ਪਰਗਟ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਮੰਤਰੀ-ਵਿਧਾਇਕ ਇਕੱਠੇ ਹੁੰਦੇ ਸਨ। ਹੁਣ ਮਿਲਦੇ ਹਨ ਤਾਂ ਚਰਚਾ ਹੋਣ ਲੱਗਦੀ ਹੈ। ਇਸ ਬੈਠਕ ਵਿਚ ਕੁਝ ਖਾਸ ਗੱਲ ਨਹੀਂ ਹੋਈ। ਵਿਧਾਇਕ ਸੁਰਜੀਤ ਧੀਮਾਨ ਦੇ ਸਰਕਾਰ ਡੇਗਣ ਦੇ ਬਿਆਨ ‘ਤੇ ਪਰਗਟ ਸਿੰਘ ਨੇ ਕਿਹਾ ਕਿ ਧੀਮਾਨ ਨੇ ਜੋ ਕਿਹਾ, ਉਹ ਇਕ ਫੀਲਿੰਗ ਹੈ। ਜਦ ਅਸੀਂ ਵੀ ਲੋਕਾਂ ਵਿਚ ਜਾਂਦੇ ਹਾਂ ਤਾਂ ਸਾਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੰਗਾ ਹੋਵੇਗਾ ਜੇਕਰ ਕੈਪਟਨ ਆਪਣਾ ਸਰਵੇ ਖੁਦ ਹੀ ਕਰਵਾ ਲੈਣ ਤਾਂ ਉਨ੍ਹਾਂ ਨੂੰ ਖੁਦ ਦੇ ਬਾਰੇ ਪਤਾ ਚੱਲ ਜਾਵੇਗਾ। ਧੀਮਾਨ ਨੇ ਜੋ ਵੀ ਕਿਹਾ ਹੈ ਉਹ ਬਿਲਕੁਲ ਠੀਕ ਹੈ। ਬਾਕੀ ਵਿਧਾਇਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
ਸੰਤੁਲਨ ਬਣਾ ਕੇ ਚੱਲ ਰਹੇ ਹਨ ਜਾਖੜ
ਪਰਗਟ ਸਿੰਘ ਨੇ ਕਿਹਾ ਕਿ ਹਾਈਕਮਾਨ ਨਾਲ ਮੇਰੀ ਜ਼ਿਆਦਾ ਨਜ਼ਦੀਕੀ ਨਹੀਂ ਹੈ। ਨਾ ਮੈਂ ਉਥੇ ਕਿਸੇ ਨਾਲ ਜ਼ਿਆਦਾ ਮਿਲਿਆ ਹਾਂ ਅਤੇ ਨਾ ਹੀ ਕਿਸੇ ਦੇ ਸੰਪਰਕ ਵਿਚ ਹਾਂ। ਮੌਜੂਦਾ ਵਿਵਾਦ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ, ਵਿਧਾਇਕਾਂ ਅਤੇ ਪਾਰਟੀ ਵਿਚ ਉਹ ਸੰਤੁਲਨ ਬਣਾ ਕੇ ਚੱਲ ਰਹੇ ਹਨ। ਵੈਸੇ, ਅੰਦਰਖਾਤੇ ਉਹ ਵੀ ਸਭ ਕੁਝ ਜਾਣਦੇ ਹਨ। ਸੁਨੀਲ ਜਾਖੜ ਦਾ ਇਹ ਬਿਆਨ ਕਿ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ ਨੇ ਪਰਗਟ ਨੂੰ ਕੋਈ ਫੋਨ ਨਹੀਂ ਕੀਤਾ ਸੀ, ਇਸ ‘ਤੇ ਪਰਗਟ ਸਿੰਘ ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲਦਾ ਅਤੇ ਖੋਖਲੀ ਸ਼ੋਹਰਤ ਦੇ ਚੱਕਰ ਵਿਚ ਵੀ ਨਹੀਂ ਪੈਂਦਾ। ਪ੍ਰਧਾਨ ਜੀ, ਕਿਸ ਐਂਗਲ ਨਾਲ ਇਹ ਗੱਲ ਕਹਿ ਰਹੇ ਹਨ, ਇਹ ਉਨ੍ਹਾਂ ਨੂੰ ਹੀ ਪਤਾ ਹੋਵੇਗਾ।
ਪੂਰਾ ਮਾਮਲਾ ਪਾਰਟੀ ਹਾਈਕਮਾਨ ਦੇ ਧਿਆਨ ਵਿਚ ਹੈ। ਮੈਨੂੰ ਉਮੀਦ ਹੈ ਕਿ ਆਪਸੀ ਮੱਤਭੇਦਾਂ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ।
-ਸੁਨੀਲ ਜਾਖੜ
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …