ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਦੇ 7 ਅਧਿਕਾਰੀਆਂ ਨੂੰ ਕੁਰੱਪਸ਼ਨ ਅਤੇ ਸੰਗਠਿਤ ਅਪਰਾਧ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਉਨਟਾਰੀਓ ਦੇ ਉੱਤਰ ਪੱਛਮੀ ਖੇਤਰ ‘ਚ ਤਾਇਨਾਤ ਸਨ ਤੇ ਅਪਰੇਸ਼ਨ ਸਾਊਥ ਹੇਠ ਕਾਫੀ ਸਮੇਂ ਤੋਂ ਯੌਰਕ ਖੇਤਰੀ ਪੁਲਿਸ ਦੀ ਉੱਚ ਤਾਕਤੀ ਗੁਪਤ ਜਾਂਚ ਟੀਮ ਦੀ ਨਜ਼ਰ ਹੇਠ ਸਨ। ਇਹ ਸਾਰੇ ਪੁਲਿਸ ਦੀ 11ਵੀਂ ਤੇ 12ਵੀਂ ਡਿਵੀਜ਼ਨ ਨਾਲ ਸਬੰਧਤ ਸਨ। ਟੋਰਾਂਟੋ ਪੁਲਿਸ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਝ ਕਾਲੀਆਂ ਭੇਡਾਂ ਦਾ ਪ੍ਰਛਾਵਾਂ ਉਨ੍ਹਾਂ ਦੇ 8500 ਵਰਦੀਧਾਰੀ ਮੈਂਬਰਾਂ ‘ਤੇ ਨਹੀਂ ਪੈਣ ਦਿੱਤਾ ਜਾਏਗਾ, ਜੋ ਲੋਕ ਸੁਰੱਖਿਆ ਲਈ ਤਨਦੇਹੀ, ਇਮਾਨਦਾਰੀ ਤੇ ਸ਼ਿੱਦਤ ਨਾਲ ਆਪਣੇ ਫਰਜ਼ ਨਿਭਾਉਂਦੇ ਹਨ। ਯੌਰਕ ਪੁਲਿਸ ਮੁਖੀ ਜਿਮ ਸੈਕਸਵੈਨ ਅਤੇ ਉੱਪ ਮੁਖੀ ਰਿਆਨ ਹੌਗਨ ਨੇ ਕਿਹਾ ਹੈ ਕਿ ਉਹ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦੇਣਗੇ। ਪੁਲਿਸ ਅਫਸਰਾਂ ਦੇ ਫੜੇ ਜਾਣ ਦੀ ਸੂਹ ਲੱਗਦੇ ਹੀ ਦੇਸ਼ ਦੇ ਸਾਰੇ ਪੁਲਿਸ ਵਿਭਾਗਾਂ ਵਿੱਚ ਹਿਲਜੁੱਲ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਪੁਲਿਸ ਅਫਸਰਾਂ ਵਲੋਂ ਇੰਜ ਦੀ ਕਾਰਵਾਈ ਕਾਰਣ ਕੈਨੇਡੀਆਈ ਸਿਸਟਮ ‘ਤੇ ਸਵਾਲ ਉੱਠਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੇਂਦਰੀ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਇਸ ਇਲਜ਼ਾਮ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ‘ਚੋਂ ਚਾਰ ਨੂੰ ਬਿਨਾਂ ਤਨਖਾਹ ਮੁਅੱਤਲ ਕਰ ਦਿੱਤਾ ਗਿਆ ਹੈ, ਜਦ ਕਿ ਤਿੰਨ ਵਿਰੁੱਧ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵਿਚਾਰ ਹੋ ਰਹੀ ਹੈ।

