600 ਮਨੁੱਖੀ ਪਿੰਜਰ
ਦਫ਼ਨ ਹਨ ਡੇਰੇ ਦੇ ਖੇਤਾਂ ‘ਚ
ਸਿਰਸਾ/ਬਿਊਰੋ ਨਿਊਜ਼ : ਐਸਆਈਟੀ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਮੰਗਲਵਾਰ ਨੂੰ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਡਾ. ਪੀਆਰ ਨੈਨ ਨੇ ਵੱਡਾ ਖੁਲਾਸਾ ਕੀਤਾ ਹੈ। ਨੈਨ ਨੇ ਐਸਆਈਟੀ ਨੂੰ ਦੱਸਿਆ ਕਿ ਡੇਰੇ ਦੀ ਜ਼ਮੀਨ ਵਿਚ 600 ਵਿਅਕਤੀਆਂ ਦੇ ਮਨੁੱਖੀ ਪਿੰਜਰ ਦੱਬੇ ਹੋਏ ਹਨ। ਨੈਨ ਨੇ ਇਸ ਨਾਲ ਜੁੜਿਆ ਹੋਇਆ ਸਾਰਾ ਰਿਕਾਰਡ ਐਸਆਈਟੀ ਨੂੰ ਸੌਂਪ ਦਿੱਤਾ ਹੈ। ਪੀਆਰ ਨੈਨ ਮੰਗਲਵਾਰ ਸ਼ਾਮ 5.40 ਵਜੇ ਸਿਰਸਾ ਦੇ ਥਾਣੇ ਪਹੁੰਚਿਆ ਸੀ। ਐਸਆਈਟੀ ਇੰਚਾਰਜ ਡੀਐਸਪੀ ਕੁਲਦੀਪ ਬੈਨੀਵਾਲ ਨੇ ਉਸ ਕੋਲੋ ਰਾਤ 8.00 ਵਜੇ ਤੱਕ ਢਾਈ ਘੰਟੇ ਪੁੱਛਗਿੱਛ ਕੀਤੀ। ਐਸਆਈਟੀ ਨੇ ਇਕ ਦਿਨ ਪਹਿਲਾਂ ਸੋਮਵਾਰ ਨੂੰ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਕੋਲੋਂ ਵੀ ਪੁੱਛਗਿੱਛ ਕੀਤੀ ਸੀ। ਐਸਆਈਟੀ ਨੇ ਡਾ. ਪੀਆਰ ਨੈਨ ਨੂੰ ਨੋਟਿਸ ਭੇਜ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਡੇਰਾ ਸੱਚਾ ਸੌਦਾ ਵਿਚ ਖੇਤੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਪੀਆਰ ਨੈਨ ਦੀ ਸੀ। ਇਸ ਲਈ ਐਸਆਈਟੀ ਨੇ ਨੈਨ ਨੂੰ ਪਹਿਲਾ ਸਵਾਲ ਕੀਤਾ ਕਿ ਡੇਰੇ ਦੀ ਜ਼ਮੀਨ ਵਿਚ ਦਰੱਖਤਾਂ ਦੇ ਹੇਠਾਂ ਕੀ ਮਨੁੱਖੀ ਪਿੰਜਰ ਦੱਬੇ ਹੋਏ ਹਨ? ਇਸ ‘ਤੇ ਨੈਨ ਨੇ ਜਵਾਬ ਦਿੱਤਾ ਕਿ ਡੇਰੇ ਦੇ ਸ਼ਰਧਾਲੂਆਂ ਦਾ ਅਜਿਹਾ ਵਿਸ਼ਵਾਸ ਹੈ ਕਿ ਮੌਤ ਤੋਂ ਬਾਅਦ ਜੇਕਰ ਉਹਨਾਂ ਦੀਆਂ ਅਸਥੀਆਂ ਡੇਰੇ ਦੀ ਜ਼ਮੀਨ ਵਿਚ ਦਬਾਈਆਂ ਜਾਣਗੀਆਂ ਤਾਂ ਉਹਨਾਂ ਨੂੰ ਮੁਕਤੀ ਮਿਲੇਗੀ। ਸ਼ਰਧਾਲੂਆਂ ਦੀ ਇੱਛਾ ਦੇ ਚੱਲਦਿਆਂ ਡੇਰਾ ਦੀ ਪ੍ਰਬੰਧਕ ਕਮੇਟੀ ਨੇ ਜਰਮਨੀ ਦੇ ਇਕ ਵਿਗਿਆਨਕ ਕੋਲੋਂ ਇਸ ਬਾਰੇ ਸਲਾਹ ਲਈ ਸੀ। ਉਸ ਨੇ ਦੱਸਿਆ ਕਿ ਹੱਡੀਆਂ ਵਿਚ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਈ ਗੁਣਾ ਵਧਾਏਗੀ। ਜਰਮਨ ਦੇ ਵਿਗਿਆਨੀ ਦੇ ਕਹਿਣ ‘ਤੇ ਡੇਰਾ ਕਮੇਟੀ ਨੇ ਸ਼ਰਧਾਲੂਆਂ ਦੀ ਅਸਥੀਆਂ ਨੂੰ ਡੇਰੇ ਦੀ ਜ਼ਮੀਨ ਵਿਚ ਦਬਾਉਣਾ ਸ਼ੁਰੂ ਕੀਤਾ।
ਅਖਬਾਰ ਵਿਚ ਇਸ਼ਤਿਹਾਰ ਦੇ ਕੇ ਬੱਚੇ ਦਾਨ ਮੰਗਦਾ ਸੀ ਰਾਮ ਰਹੀਮ
ਨਵੀਂ ਦਿੱਲੀ : ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿਚ ਰਾਮ ਰਹੀਮ ਬੇਸ਼ੱਕ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ, ਪਰ ਫਿਰ ਵੀ ਉਸਦੇ ਪਾਪਾਂ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਕਿਸ ਤਰ੍ਹਾਂ ਰਾਮ ਰਹੀਮ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਕੋਲੋਂ ਦਾਨ ਦੇ ਰੂਪ ਵਿਚ ਲੈ ਲੈਂਦਾ ਸੀ ਅਤੇ ਦੂਜੇ ਪਰਿਵਾਰਾਂ ਨੂੰ ਦੇ ਦਿੰਦਾ ਸੀ। ਰਾਮ ਰਹੀਮ ਇਸ਼ਤਿਹਾਰ ਵਿਚ ਇਹ ਲਾਲਚ ਦਿੰਦਾ ਸੀ ਕਿ ਬੱਚਾ ਦਾਨ ਦੇਣ ਨਾਲ ਘਰ ਵਿਚ ਖੁਸ਼ਹਾਲੀ ਆਉਂਦੀ ਹੈ। ਰਾਮ ਰਹੀਮ ਇਹ ਸਭ ਕੁਝ ਡੇਰੇ ਵਿਚ ਛਪਣ ਵਾਲੀ ਅਖਬਾਰ ਵਿਚ ਇਸ਼ਤਿਹਾਰ ਦੇ ਜ਼ਰੀਏ ਕਰਦਾ ਸੀ। ਇਥੋਂ ਤੱਕ ਕਿ ਮਾਪੇ ਅੰਨ੍ਹੀ ਸ਼ਰਧਾ ਦੇ ਚੱਲਦਿਆਂ ਆਪਣੇ ਬੱਚੇ ਦਾਨ ਦੇ ਰੂਪ ਵਿਚ ਦੇ ਦਿੰਦੇ ਸਨ। ਅਜਿਹੀ ਵਿੱਥਿਆ ਪਾਣੀਪਤ ਦੀ ਇਕ ਲਲਿਤਾ ਨਾਂ ਦੀ ਮਹਿਲਾ ਨੇ ਸੁਣਾਈ ਹੈ। ਉਸ ਨੇ 12 ਸਾਲ ਪਹਿਲਾਂ ਡੇਰੇ ਦੀ ਅਖਬਾਰ ਵਿਚ ਇਸ਼ਤਿਹਾਰ ਦੇਖ ਕੇ ਆਪਣਾ ਬੱਚਾ ਦਾਨ ਵਿਚ ਦੇ ਦਿੱਤਾ ਸੀ ਅਤੇ ਹੁਣ ਆਪਣੇ ਬੱਚੇ ਨੂੰ ਯਾਦ ਕਰਕੇ ਰੋ ਰਹੀ ਹੈ।
ਰਾਖੀ ਬਣੇਗੀ ਬਾਬੇ ਦੀ ‘ਹਨੀ’
ਮੁਕਤਸਰ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੀਵਨ ‘ਤੇ ਜਲਦੀ ਹੀ ਦਰਸ਼ਕਾਂ ਨੂੰ ਫਿਲਮ ਦੇਖਣ ਨੂੰ ਮਿਲੇਗੀ। ਫਿਲਮ ਵਿਚ ਰਜ਼ਾ ਮੁਰਾਦ ਰਾਮ ਰਹੀਮ ਦੀ ਭੂਮਿਕਾ ਨਿਭਾਉਣਗੇ। ਰਾਕੇਸ਼ ਸਾਵੰਤ ਦਾ ਕਹਿਣਾ ਹੈ ਕਿ ਫਿਲਮ ਵਿਚ ਰਜ਼ਾ ਮੁਰਾਦ ਹੀ ਰਾਮ ਰਹੀਮ ਦਾ ਰੋਲ ਨਿਭਾਉਣਗੇ। ਅਦਾਕਾਰਾ ਰਾਖੀ ਸਾਵੰਤ ਫਿਲਮ ਵਿਚ ਹਨੀਪ੍ਰੀਤ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਫ਼ਿਲਮ ‘ਚ ਸ਼ਕਤੀ ਕਪੂਰ, ਗੁਲਸ਼ਨ ਗਰੋਵਰ, ਗੋਵਿੰਦ ਨਾਮਦੇਵ, ਮੋਹਨ ਜੋਸ਼ੀ, ਮਿਲਿੰਦ ਗੁਣਾਜੀ, ਸ਼ਿਆਜੀ ਸ਼ਿੰਦੇ ਜਿਹੇ ਦਿੱਗਜ਼ ਅਦਾਕਾਰ ਵੀ ਭੂਮਿਕਾ ਨਿਭਾਉਣਗੇ।
ਡੇਰੇ ਦੇ 90 ਤੋਂ ਵੱਧ ਬੈਂਕ ਖਾਤੇ ਸੀਲ
ਸਿਰਸਾ : ਇਕੱਲੇ ਸਿਰਸਾ ਵਿਚ ਪੁਰਾਣੇ ਤੋਂ ਲੈ ਕੇ ਨਵੇਂ ਡੇਰਾ ਸੱਚਾ ਸੌਦਾ ਤੱਕ 3 ਬੈਂਕਾਂ ਦੀਆਂ ਸ਼ਾਖਾਵਾਂ ਵਿਚ ਹੀ ਡੇਰੇ ਦੇ 90 ਤੋਂ ਵੱਧ ਬੈਂਕ ਖਾਤਿਆਂ ਵਿਚ ਲਗਭਗ 68.50 ਕਰੋੜ ਰੁਪਏ ਜਮ੍ਹਾਂ ਸਨ। ਇਨ੍ਹਾਂ ਸਾਰੇ ਖਾਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਸਾਰੇ ਕਰੰਟ ਅਕਾਊਂਟ ਸਨ ਅਤੇ ਡੇਰਾ ਸੱਚਾ ਸੌਦਾ ਟਰੱਸਟ ਅਤੇ ਡੇਰੇ ਦੇ ਦੂਸਰੇ ਵਿੰਗ ਆਦਿ ਦੇ ਨਾਂ ‘ਤੇ ਸਨ। ਦਰਅਸਲ 25 ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡੇਰਾ ਸੱਚਾ ਸੌਦਾ ਦੀ ਜਾਇਦਾਦ ਅਟੈਚ ਕਰਨ ਸਬੰਧੀ ਹੁਕਮ ਦੇ ਮਗਰੋਂ ਜ਼ਿਲ੍ਹੇ ਵਿਚ ਪ੍ਰਸ਼ਾਸਨ ਨੇ ਡੇਰੇ ਦੇ ਬੈਂਕ ਖਾਤਿਆਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਡੇਰਾ ਮੁਖੀ ਗੁਰਮੀਤ ਦਾ ਖਾਤਾ ਵੀ ਸੀਲ ਕਰ ਦਿੱਤਾ ਹੈ।