ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਗਲੋਬਲ ਟੈਰਿਫ ਵਧਾਉਣ ਦੀ ਆਖਰੀ ਤਰੀਕ 9 ਜੁਲਾਈ ਤੋਂ ਵਧਾ ਕੇ 1 ਅਗਸਤ ਕਰ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਬੰਗਲਾਦੇਸ਼ ਅਤੇ ਜਪਾਨ ਸਣੇ 14 ਦੇਸ਼ਾਂ ’ਤੇ ਟੈਰਿਫ ਵਧਾਉਣ ਦਾ ਐਲਾਨ ਵੀ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਇਨ੍ਹਾਂ ਦੇਸ਼ਾਂ ਨੂੰ ਰਸਮੀ ਤੌਰ ’ਤੇ ਪੱਤਰ ਭੇਜ ਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਟਰੰਪ ਨੇ ਕਿਹਾ ਕਿ ਹੁਣ ਅਸੀਂ ਯੂਨਾਈਟਿਡ ਕਿੰਗਡਮ ਅਤੇ ਚੀਨ ਨਾਲ ਸਮਝੌਤਾ ਕੀਤਾ ਹੈ ਅਤੇ ਅਸੀਂ ਭਾਰਤ ਨਾਲ ਵੀ ਇੱਕ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ। ਇਸ ਦੌਰਾਨ ਟਰੰਪ ਨੇ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਦੋਵਾਂ ਮੁਲਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਲੜਾਈ ਜਾਰੀ ਰੱਖਦੇ ਹਨ ਤਾਂ ਅਮਰੀਕਾ ਉਨ੍ਹਾਂ ਨਾਲ ਵਪਾਰ ਨਹੀਂ ਕਰੇਗਾ।