Breaking News
Home / ਦੁਨੀਆ / ਪਾਕਿਸਤਾਨ ਨੂੰ ਐਲਾਨਿਆ ਅੱਤਵਾਦ ਦੀ ਪਨਾਹਗਾਹ

ਪਾਕਿਸਤਾਨ ਨੂੰ ਐਲਾਨਿਆ ਅੱਤਵਾਦ ਦੀ ਪਨਾਹਗਾਹ

ਅਮਰੀਕਾ ਨੇ ਪਾਕਿ ਨੂੰ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਦੀ ਸੂਚੀ ‘ਚ ਪਾਇਆ, ਕਿਹਾ, ਲਸ਼ਕਰ ਤੇ ਜੈਸ਼ ਨੂੰ ਦੇ ਰਿਹੈ ਵਧਣ ਫੁੱਲਣ ਦਾ ਮੌਕਾ
ਵਾਸ਼ਿੰਗਟਨ : ਅਮਰੀਕਾ ਨੇ ਆਖਰਕਾਰ ਪਾਕਿਸਤਾਨ ਨੂੰ ਅੱਤਵਾਦ ਦਾ ਗੜ੍ਹ ਐਲਾਨ ਦਿੱਤਾ ਹੈ। ਉਸ ਨੇ ਪਾਕਿਸਤਾਨ ਦਾ ਨਾਂ ਅੱਤਵਾਦ ਦੇ ਪਨਾਹਗਾਹ ਦੇਸ਼ਾਂ ਦੀ ਸੂਚੀ ਵਿਚ ਪਾ ਦਿੱਤਾ ਹੈ। ਅਮਰੀਕਾ ਨੇ ਆਪਣੀ ਸਲਾਨਾ ਰਿਪੋਰਟ ਵਿਚ ਮੰਨਿਆ ਹੈ ਕਿ ਸਾਲ 2016 ਵਿਚ ਪਾਕਿਸਤਾਨ ਤੋਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਜਿਹੀਆਂ ਖਤਰਨਾਕ ਅੱਤਵਾਦੀ ਜਮਾਤਾਂ ਨੇ ਨਾ ਸਿਰਫ ਹਿੰਸਕ ਕਹਿਰ ਵਰ੍ਹਾਇਆ ਬਲਕਿ ਆਪਣੀ ਜਮਾਤ ਖੜ੍ਹੀ ਕੀਤੀ ਤੇ ਉਸ ਲਈ ਪੈਸੇ ਜੁਟਾਏ।
ਅੱਤਵਾਦ ‘ਤੇ ਅਮਰੀਕੀ ਕਾਂਗਰਸ ਵਿਚ ਪੇਸ਼ ਹੋਣ ਵਾਲੀ ਸਾਲਾਨਾ ਰਿਪੋਰਟ ਦਾ ਬਿਓਰਾ ਦਿੰਦਿਆਂ ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਪਾਕਿਸਤਾਨ ਨੂੰ ਅੱਤਵਾਦ ਦੀ ਸੁਰੱਖਿਅਤ ਪਨਾਹਗਾਹ ਦੇਸ਼ਾਂ ਤੇ ਖੇਤਰਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ।
ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨੀ ਫੌਜ ਤੇ ਸੁਰੱਖਿਆ ਬਲਾਂ ਨੇ ਕੇਵਲ ਉਨ੍ਹਾਂ ਜਮਾਤਾਂ ਵਿਰੁੱਧ ਕਾਰਵਾਈ ਕੀਤੀ ਜੋ ਉਨ੍ਹਾਂ ਦੇ ਦੇਸ਼ ਵਿਚ ਹਮਲੇ ਕਰਦੇ ਹਨ, ਜਿਵੇਂ ਤਹਿਰੀਕ-ਏ-ਤਾਲਿਬਾਨ-ਪਾਕਿਸਤਾਨ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨ ਤਾਲਿਬਾਨ ਜਾਂ ਹੱਕਾਨੀ ਵਿਰੁੱਧ ਕਾਰਵਾਈ ਨਹੀਂ ਕੀਤੀ ਤਾਂ ਜੋ ਅਫਗਾਨਿਸਤਾਨ ‘ਚ ਅਮਰੀਕੀ ਹਿੱਤਾਂ ਨੂੰ ਖਤਰੇ ਵਿਚ ਪਾਉਣ ਦੀ ਉਨ੍ਹਾਂ ਦੀ ਸਮਰੱਥਾ ਬਣੀ ਰਹੇ। ਅਮਰੀਕੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਨੇ ਦੂਜੇ ਦੇਸ਼ (ਭਾਰਤ) ‘ਤੇ ਹਮਲੇ ਕਰਨ ਵਾਲੀਆਂ ਅੱਤਵਾਦੀ ਜਮਾਤਾਂ ਜਿਵੇਂ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਨੂੰ ਵਧਣ ਫੁੱਲਣ ਦਾ ਮੌਕਾ ਦੇਣ ਲਈ ਸਾਲ 2016 ਵਿਚ ਪੂਰਾ ਜ਼ੋਰ ਲਾ ਦਿੱਤਾ। ਪਾਕਿਸਤਾਨ ਦੀ ਜ਼ਮੀਨ ਤੋਂ ਹੱਕਾਨੀ ਨੈਟਵਰਕ, ਲਸ਼ਕਰ ਤੇ ਜੈਸ਼ ਸਣੇ ਕਈ ਅੱਤਵਾਦੀ ਜਮਾਤਾਂ ਨੇ ਅੱਤਵਾਦ ਦਾ ਕਹਿਰ ਵਰਤਾਉਣਾ ਜਾਰੀ ਰੱਖਿਆ।
ਭਾਰਤ ਨੇ ਰੱਖੀ ਬਾਜ਼ ਅੱਖ : ਭਾਰਤੀ ਪ੍ਰਸ਼ਾਸਨ ਸਰਹੱਦ ਪਾਰ ਤੋਂ ਹੋਣ ਵਾਲੇ ਹਮਲਿਆਂ ਲਈ ਪਾਕਿਸਤਾਨ ਨੂੰ ਲਗਾਤਾਰ ਜ਼ਿੰਮੇਵਾਰ ਠਹਿਰਾਉਂਦਾ ਰਿਹਾ। ਜਨਵਰੀ ਵਿਚ ਭਾਰਤ ਨੇ ਪੰਜਾਬ ਦੇ ਪਠਾਨਕੋਟ ਸਥਿਤ ਆਪਣੇ ਫੌਜੀ ਅੱਡੇ ‘ਤੇ ਭਿਆਨਕ ਅੱਤਵਾਦੀ ਹਮਲੇ ਦਾ ਸਾਹਮਣਾ ਕੀਤਾ। ਭਾਰਤੀ ਪ੍ਰਸ਼ਾਸਨ ਦਾ ਦੋਸ਼ ਸੀ ਕਿ ਇਹ ਜੈਸ਼ ਨੇ ਕਰਵਾਇਆ ਹੈ। ਸਾਲ 2016 ਵਿਚ ਅੱਤਵਾਦ ਖਿਲਾਫ ਭਾਰਤ ਤੇ ਅਮਰੀਕਾ ਵਿਚਾਲੇ ਸਹਿਯੋਗ ਤੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਵਧ ਗਿਆ। ਭਾਰਤ ਨੇ ਆਈਐਸ ਤੇ ਅਲਕਾਇਦਾ ਦੇ ਭਾਰਤ ਵਿਚ ਪੈਂਠ ਬਣਾਉਣ ਦੀਆਂ ਕੋਸ਼ਿਸ਼ਾਂ ‘ਤੇ ਵੀ ਬਾਜ਼ ਅੱਖ ਰੱਖੀ। ਭਾਰਤ ‘ਚ ਹਮਲੇ ਦਾ ਐਲਾਨ ਕਰ ਚੁੱਕੀਆਂ ਇਨ੍ਹਾਂ ਜਥੇਬੰਦੀਆਂ ਦੀ ਸੰਨ੍ਹ ਦਾ ਪਤਾ ਉਦੋਂ ਲੱਗਾ, ਜਦੋਂ ਮੁੰਬਈ ਦੇ ਕੁਝ ਲੜਕਿਆਂ ਦੇ ਆਈਐਸ ਵਿਚ ਸ਼ਾਮਲ ਹੋਣ ਦੀ ਖੁਫੀਆ ਖਬਰ ਮਿਲੀ।
ਅਫਗਾਨਿਸਤਾਨ ਸਮੇਤ 12 ਹੋਰ ਦੇਸ਼
ਅਮਰੀਕਾ ਨੇ ਅੱਤਵਾਦ ਦੇ ਪਨਾਹਗਾਹ ਦੇਸ਼ਾਂ ਜਾਂ ਸਥਾਨਾਂ ਦੀ ਸੂਚੀ ਵਿਚ ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਸਮੇਤ 12 ਹੋਰਨਾਂ ਦੇਸ਼ਾਂ ਜਾਂ ਸਥਾਨਾਂ ਨੂੰ ਵੀ ਸ਼ਾਮਲ ਕੀਤਾ ਹੈ। ਇਨ੍ਹਾਂ ਵਿਚ ਸੋਮਾਲੀਆ, ਟ੍ਰਾਂਸ ਸਹਾਰਾ ਖੇਤਰ, ਸੁਲੂ/ਸੁਲਾਵੇਸੀ ਸਾਗਰ ਖੇਤਰ, ਦੱਖਣੀ ਫਿਲਪੀਨ, ਮਿਸਰ, ਇਰਾਕ, ਲੈਬਨਾਨ, ਲਿਬੀਆ, ਯਮਨ, ਕੋਲੰਬੀਆ ਅਤੇ ਵੇਨੇਜ਼ੁਲਾ ਵੀ ਸ਼ਾਮਲ ਹਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …