-2.7 C
Toronto
Thursday, December 25, 2025
spot_img
Homeਦੁਨੀਆਭਾਰਤ ਨਾਲ ਤਿੰਨ ਜੰਗਾਂ ਬਾਅਦ ਪਾਕਿ ਆਪਣਾ ਸਬਕ ਸਿੱਖ ਚੁੱਕਿਆ ਹੈ :...

ਭਾਰਤ ਨਾਲ ਤਿੰਨ ਜੰਗਾਂ ਬਾਅਦ ਪਾਕਿ ਆਪਣਾ ਸਬਕ ਸਿੱਖ ਚੁੱਕਿਆ ਹੈ : ਸ਼ਾਹਬਾਜ਼ ਸ਼ਰੀਫ਼

ਕਿਹਾ, ਗੱਲਬਾਤ ਰਾਹੀਂ ਕੱਢਣਾ ਚਾਹੀਦੈ ਕਸ਼ਮੀਰ ਵਰਗੇ ਭਖਦੇ ਮੁੱਦਿਆਂ ਦਾ ਹੱਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਪਾਕਿ ਦੀਆਂ ਭਾਰਤ ਨਾਲ ਤਿੰਨ ਜੰਗਾਂ ਹੋ ਚੁੱਕੀਆਂ ਹਨ ਅਤੇ ਇਸ ਨਾਲ ਗਰੀਬੀ ਅਤੇ ਬੇਰੁਜ਼ਗਾਰੀ ਹੀ ਆਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣਾ ਸਬਕ ਸਿੱਖ ਲਿਆ ਹੈ ਅਤੇ ਹੁਣ ਅਸੀਂ ਅਮਨ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹਾਂ। ਸ਼ਾਹਬਾਜ਼ ਸ਼ਰੀਫ਼ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਭਾਰਤ ਅਤੇ ਪਾਕਿ ਗੁਆਂਢੀ ਹਨ ਅਤੇ ਦੋਵਾਂ ਨੂੰ ਇਕ ਦੂਜੇ ਦੇ ਨਾਲ ਹੀ ਰਹਿਣਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ਾਂਤੀ ਨਾਲ ਰਹਿੰਦੇ ਹਾਂ, ਤਰੱਕੀ ਕਰਦੇ ਹਾਂ ਜਾਂ ਇਕ-ਦੂਜੇ ਨਾਲ ਲੜ ਕੇ ਆਪਣਾ ਸਮਾਂ ਅਤੇ ਸਾਧਨ ਬਰਬਾਦ ਕਰਦੇ ਹਾਂ। ਅਸੀਂ ਬੰਬਾਂ ਅਤੇ ਗੋਲਾ-ਬਾਰੂਦ ‘ਤੇ ਆਪਣੇ ਵਸੀਲੇ ਬਰਬਾਦ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਇਹੋ ਸੰਦੇਸ਼ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਣਾ ਚਾਹੁੰਦੇ ਹਨ।
ਸ਼ਾਹਬਾਜ਼ ਸ਼ਰੀਫ਼ ਨੇ ਇੰਟਰਵਿਊ ਦੌਰਾਨ ਕਿਹਾ ਕਿ ਪਾਕਿ ਕੋਲ ਇੰਜੀਨੀਅਰ, ਡਾਕਟਰ ਅਤੇ ਹੁਨਰਮੰਦ ਮਜ਼ਦੂਰ ਹਨ ਅਤੇ ਉਹ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਅਸੀਂ ਇਨ੍ਹਾਂ ਸਭ ਨੂੰ ਦੇਸ਼ ਦੀ ਖ਼ੁਸ਼ਹਾਲੀ ਲਈ ਵਰਤਣਾ ਚਾਹੁੰਦੇ ਹਾਂ, ਤਾਂ ਜੋ ਖੇਤਰ ‘ਚ ਸ਼ਾਂਤੀ ਬਹਾਲ ਹੋ ਸਕੇ ਅਤੇ ਦੋਵੇਂ ਦੇਸ਼ ਤਰੱਕੀ ਕਰ ਸਕਣ। ਉਨ੍ਹਾਂ ਕਿਹਾ ਕਿ ਯੂ. ਏ. ਈ. ਭਾਰਤ ਅਤੇ ਪਾਕਿ ਨੂੰ ਇਕੱਠੇ ਲਿਆਉਣ ‘ਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਇਸ ਦੌਰਾਨ ਪਾਕਿ ਪ੍ਰਧਾਨ ਮੰਤਰੀ ਨੇ ਇਕ ਵਾਰ ਫਿਰ ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਨਰਿੰਦਰ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਕਸ਼ਮੀਰ ‘ਚ ਜੋ ਹੋ ਰਿਹਾ ਹੈ, ਉਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਹੋਣੀ ਚਾਹੀਦੀ ਹੈ।
ਇਸ ਦੌਰਾਨ ਸ਼ਾਹਬਾਜ਼ ਸ਼ਰੀਫ਼ ਨੇ ਇਹ ਵੀ ਕਿਹਾ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਕਹਿਣਾ ਚਾਹੁੰਦੇ ਹਨ ਕਿ ਸਾਨੂੰ ਗੱਲਬਾਤ ਰਾਹੀਂ ਕਸ਼ਮੀਰ ਵਰਗੇ ਭਖਦੇ ਮੁੱਦਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੋਵੇਂ ਦੇਸ਼ ਪ੍ਰਮਾਣੂ ਸ਼ਕਤੀ ਨਾਲ ਭਰਪੂਰ ਦੇਸ਼ ਹਨ ਅਤੇ ਅੱਲਾ ਜਾਣਦਾ ਹੈ ਕਿ ਜੇਕਰ ਦੋਵੇਂ ਦੇਸ਼ ਇਸ ਦਿਸ਼ਾ ਵੱਲ ਵਧਦੇ ਹਨ ਤਾਂ ਕੀ ਹੋਵੇਗਾ?

 

RELATED ARTICLES
POPULAR POSTS