Breaking News
Home / ਦੁਨੀਆ / ਟਰੰਪ ਨੇ ਐਚ1-ਬੀ ਵੀਜ਼ਾ ‘ਤੇ ਲਗਾਈਆਂ ਪਾਬੰਦੀਆਂ

ਟਰੰਪ ਨੇ ਐਚ1-ਬੀ ਵੀਜ਼ਾ ‘ਤੇ ਲਗਾਈਆਂ ਪਾਬੰਦੀਆਂ

ਭਾਰਤ ‘ਤੇ ਪਏਗਾ ਸਭ ਤੋਂ ਜ਼ਿਆਦਾ ਅਸਰ
ਵਾਸ਼ਿੰਗਟਨ : ਕੋਰੋਨਾ ਸੰਕਟ ਕਾਰਨ ਅਮਰੀਕਾ ਵਿਚ ਵਧੀ ਬੇਰੁਜ਼ਗਾਰੀ ਦੀ ਦਰ ਦੇ ਚੱਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦੇ ਹੋਏ ਐੱਚ1-ਬੀ ਵੀਜ਼ਾ ‘ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਧਿਆਨ ਰਹੇ ਕਿ 31 ਦਸੰਬਰ 2020 ਤੱਕ ਐੱਚ1-ਬੀ ਵੀਜ਼ਾ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਟਰੰਪ ਦੇ ਇਸ ਫ਼ੈਸਲੇ ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚ ਸਭ ਤੋਂ ਅੱਗੇ ਭਾਰਤ ਹੈ। ਕਿਉਂਕਿ ਅਮਰੀਕਾ ਵਿਚ ਭਾਰਤੀ ਆਈ.ਟੀ. ਪ੍ਰੋਫੈਸ਼ਨਲਜ਼ ਨੂੰ ਸਭ ਤੋਂ ਵੱਧ ਵੀਜ਼ੇ ਦੀ ਜ਼ਰੂਰਤ ਹੁੰਦੀ ਹੈ। ਅਸਲ ਵਿਚ ਇਸੇ ਵੀਜ਼ੇ ਨਾਲ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਦੀ ਇਜਾਜ਼ਤ ਦੇਣ ਵਿਚ ਮਦਦ ਮਿਲਦੀ ਹੈ। ਬੰਦ ਕੀਤੇ ਗਏ ਵੀਜ਼ਿਆਂ ਵਿਚ ਐਚ-1ਬੀ ਤੋਂ ਇਲਾਵਾ ਐੱਚ-4, ਐੱਚ-2ਬੀ, ‘ਜੇ’ ਤੇ ‘ਐੱਲ’ ਟਾਈਪ ਵੀਜ਼ਾ ਸ਼ਾਮਲ ਹਨ। ਇਸ ਫ਼ੈਸਲੇ ਨਾਲ ਅਮਰੀਕੀਆਂ ਲਈ ਕਰੀਬ 5,25,000 ਨੌਕਰੀਆਂ ਖਾਲੀ ਹੋ ਜਾਣਗੀਆਂ। ਟਰੰਪ ਦਾ ਕਹਿਣਾ ਹੈ ਕਿ ਇਹ ਕਦਮ ਉਨ੍ਹਾਂ ਕਰੋੜਾਂ ਅਮਰੀਕੀਆਂ ਦੀ ਮਦਦ ਕਰਨ ਲਈ ਜ਼ਰੂਰੀ ਹੈ ਜੋ ਮੌਜੂਦਾ ਆਰਥਿਕ ਸੰਕਟ ਕਾਰਨ ਆਪਣੀ ਨੌਕਰੀ ਗੁਆ ਬੈਠੇ ਹਨ। ਕਾਰੋਬਾਰੀ ਸੰਗਠਨਾਂ, ਸੰਸਦ ਮੈਂਬਰਾਂ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਵਿਰੋਧ ਦੇ ਬਾਵਜੂਦ ਟਰੰਪ ਨੇ ਨਵੰਬਰ ਵਿਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਹ ਹੁਕਮ ਜਾਰੀ ਕਰ ਦਿੱਤੇ ਹਨ। ਇਸ ਹੁਕਮ ਦਾ ਅਸਰ ਅਮਰੀਕੀ ਤੇ ਭਾਰਤੀ ਕੰਪਨੀਆਂ ਉਤੇ ਵੀ ਪਵੇਗਾ ਜਿਨ੍ਹਾਂ ਨੂੰ ਵਿੱਤੀ ਵਰ੍ਹੇ 2021 ਲਈ ਪਹਿਲੀ ਅਕਤੂਬਰ ਤੋਂ ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਜਾਰੀ ਕੀਤੇ ਹਨ। ਉਨ੍ਹਾਂ ਨੂੰ ਹੁਣ ਦੁਬਾਰਾ ਵੀਜ਼ਾ ਸਟੈਂਪ ਲਈ ਅਮਰੀਕੀ ਕੂਟਨੀਤਕ ਮਿਸ਼ਨ ਤੱਕ ਪਹੁੰਚ ਕਰਨ ਲਈ ਘੱਟੋ-ਘੱਟ ਮੌਜੂਦਾ ਵਿੱਤੀ ਵਰ੍ਹੇ ਦੇ ਖ਼ਤਮ ਹੋਣ ਦੀ ਉਡੀਕ ਕਰਨੀ ਪਵੇਗੀ।
ਟਰੰਪ ਨੇ ਕਰੋਨਾ ਨੂੰ ਦੱਸਿਆ ‘ਕੁੰਗ ਫਲੂ’
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਚੀਨ ਨੂੰ ਕਰੋਨਾਵਾਇਰਸ ਦੇ ਵਿਸ਼ਵ-ਵਿਆਪੀ ਫੈਲਣ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਬਿਮਾਰੀ ਨੂੰ ‘ਕੁੰਗ ਫਲੂ’ ਕਿਹਾ। ਟਰੰਪ ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਏ ਕਰੋਨਾਵਾਇਰਸ ਮਹਾਮਾਰੀ ਲਈ ਚੀਨ ‘ਤੇ ਵਾਰ-ਵਾਰ ਦੋਸ਼ ਲਗਾਉਂਦੇ ਰਹੇ ਹਨ। ਓਕਲਾਹੋਮਾ ਦੇ ਟੁਲਸਾ ਵਿਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਕੋਵਿਡ-19 ਬਿਮਾਰੀ ਦੇ ਇੰਨੇ ਨਾਮ ਹਨ ਕਿ ਇਤਿਹਾਸ ਵਿਚ ਕਿਸੇ ਹੋਰ ਬਿਮਾਰੀ ਦੇ ਨਹੀਂ ਹਨ। ਉਨ੍ਹਾਂ ਕਿਹਾ, ”ਮੈਂ ਇਸ ਨੂੰ ਕੁੰਗ ਫਲੂ ਕਹਿ ਸਕਦਾ ਹਾਂ। ਮੈਂ ਇਸ ਲਈ 19 ਵੱਖ ਵੱਖ ਨਾਮ ਲੈ ਸਕਦਾ ਹਾਂ।” ਕੁੰਗ ਫਲੂ ਸ਼ਬਦ ਚੀਨ ਦੇ ਰਵਾਇਤੀ ਮਾਰਸ਼ਲ ਆਰਟ ਕੁੰਗ ਫੂ ਨਾਲ ਮਿਲਦਾ-ਜੁਲਦਾ ਹੈ।

Check Also

ਜਿੰਦਰ ਨੂੰ ਢਾਹਾਂ ਪੰਜਾਬੀ ਸਾਹਿਤ ਪੁਰਸਕਾਰ

ਸੁਰਿੰਦਰ ਨੀਰ ਅਤੇ ਸ਼ਹਿਜ਼ਾਦ ਅਸਲਮ ਦਾ ਵੀ ਕੀਤਾ ਸਨਮਾਨ ਵੈਨਕੂਵਰ/ਬਿਊਰੋ ਨਿਊਜ਼ : ਨਵਾਂ ਸ਼ਹਿਰ ਜ਼ਿਲ੍ਹੇ …