ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਹਾਊਸ ਆਫ਼ ਕਾਮਨਜ਼ ਦੀ ਹੈੱਲਥ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਕੈਨੇਡਾ ਸਰਕਾਰ ਵੱਲੋਂ ਹੈੱਲਥਕੇਅਰ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਕੀਤਾ ਜਾ ਰਿਹਾ ਨਵਾਂ ਪੂੰਜੀ-ਨਿਵੇਸ਼ ਕਿਵੇਂ ਹੈੱਲਥ ਵਰਕਰਾਂ ਦੀ ਘਾਟ ਨੂੰ ਦੂਰ ਕਰੇਗਾ, ਮੈਡੀਕਲ ਖੋਜ ਤੇ ਕਲਿਨੀਕਲ ਸਿੱਖਿਆ ਨੂੰ ਅੱਗੇ ਵਧਾਏਗਾ ਅਤੇ ਸਮੁੱਚੇ ਦੇਸ਼ ਵਿੱਚ ਹੈੱਲਥ ਇਨਫ਼ਰਾਸਟਰੱਕਚਰ ਨੂੰ ਆਧੁਨਿਕ ਬਣਾਏਗਾ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਬੱਜਟ 2025 ਦੇ ਇੱਕ ਹਿੱਸੇ ਅਨੁਸਾਰ ਅਸੀਂ ਅੰਤਰਰਾਸ਼ਟਰੀ ਟੇਲੈਂਟ ਨੂੰ ਕੈਨੇਡਾ ਵਿੱਚ ਲਿਆਉਣ ਲਈ ਪੂੰਜੀ ਨਿਵੇਸ਼ ਕਰ ਰਹੇ ਹਾਂ। ਇਸ ਵਿੱਚ ਕੈਨੇਡੀਅਨ ਇੰਸਟੀਚਿਊਟ ਆਫ਼ ਹੈੱਲਥ ਸਾਇੰਸਿਜ਼ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਚੇਰੀ ਪੱਧਰ ਦੀ ਖੋਜ ਲਈ ਫ਼ੰਡਿੰਗ ਦੇਣਾ ਅਤੇ ਯੂਨੀਵਰਸਿਟੀਆਂ ਲਈ ਅੰਤਰਰਾਸ਼ਟਰੀ ਪੱਧਰ ਦੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਕਰਨ ਲਈ ਵਿੱਤੀ ਸਾਧਨ ਮਹੁੱਈਆ ਕਰਨਾ ਸ਼ਾਮਲ ਹੈ। ਸਰਕਾਰ ਵੱਲੋਂ ਲਏ ਗਏ ਇਹ ਕਦਮ ਕੈਨੇਡਾ ਦੇ ਹੈੱਲਥ ਸਿਸਟਮ ਦੇ ਖ਼ੇਤਰਾਂ ਕਲਿਨੀਕਲ ਐਜੂਕੇਸ਼ਨ ਅਤੇ ਮੈਡੀਕਲ ਖੋਜ ਨੂੰ ਮਜ਼ਬੂਤ ਕਰਨਗੇ।”
‘ਹੈੱਲਥ ਕੈਨੇਡਾ’ ਦੇ ਸਰਕਾਰੀ ਸੂਤਰਾਂ ਅਨੁਸਾਰ ਵਿਸ਼ਵ ਪੱਧਰ ‘ਤੇ ਖੋਜਾਰਥੀਆਂ ਨੂੰ ਖਿੱਚਣ, ਅਕੈਡੇਮਿਕ ਰਿਸਰਚ ਸੈਂਟਰਾਂ ਨੂੰ ਉਚੇਰੀ ਪੱਧਰ ਦੇ ਡਾਕਟਰਾਂ ਅਤੇ ਐਸੋਸੀਏਟ ਪ੍ਰੋਫੈਸਰਾਂ ਨੂੰ ਕੈਨੇਡਾ ਲਿਆਉਣ ਨੂੰ ਯਕੀਨੀ ਬਨਾਉਣ ਲਈ 1.7 ਬਿਲੀਅਨ ਡਾਲਰ ਬੱਜਟ ਵਿੱਚ ਰੱਖੇ ਗਏ ਹਨ। ਇਹ ਪੂੰਜੀ ਨਿਵੇਸ਼ ਕਲਿਨੀਕਲ ਟਰਾਇਲ ਵਧਾਉਣ, ਨਵੇਂ ਇਲਾਜਾਂ ਲਈ ਖੋਜ ਕਰਨ ਅਤੇ ਕਮਿਊਨਟੀ ਵਿੱਚ ਸੁਰੱਖਿਆ ਦੀ ਭਾਵਨਾਂ ਨੂੰ ਯਕੀਨੀ ਬਨਾਉਣ ਵਿੱਚ ਸਹਾਈ ਹੋਵੇਗਾ।
ਸੋਨੀਆ ਸਿੱਧੂ ਨੇ ਬੱਜਟ 2025 ਵਿੱਚ ਰੱਖੇ ਗਏ 5 ਬਿਲੀਅਨ ਹੈੱਲਥ ਇਨਫਰਾਸਟਰੱਕਚਰ ਫ਼ੰਡ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜੋ ਪ੍ਰੋਵਿੰਸਾਂ ਤੇ ਟੈਰੀਟਰੀਆਂ ਵਿੱਚ ਆਧੁਨਿਕ ਹਸਪਤਾਲ ਅਤੇ ਮੈਡੀਕਲ ਸਕੂਲ ਖੋਲ੍ਹਣ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੂੰਜੀ-ਨਿਵੇਸ਼ ਫ਼ਿਜ਼ੀਕਲ ਤੇ ਐਜੂਕੇਸ਼ਨਲ ਇਨਫ਼ਰਾਸਟਰੱਕਰ ਦੇ ਨਾਲ ਨਾਲ ਹੈੱਲਥ ਵਰਕਰਾਂ ਦੀ ਘਾਟ ਨੂੰ ਵੀ ਦੂਰ ਕਰੇਗਾ। ਹੈੱਲਥ ਕੈਨੇਡਾ ਦੇ ਉੱਚ-ਅਫ਼ਸਰਾਂ ਦਾ ਕਹਿਣਾ ਹੈ ਕਿ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੇ ਇਸ ਪਾਸੇ ਪੂੰਜੀ ਨਿਵੇਸ਼ ਕਰਨ ਲਈ ਜ਼ੋਰ ਦਿੱਤਾ ਹੈ ਜਿਸ ਨਾਲ ਲੋਕਾਂ ਦੀ ਉਮਰ ਵਿੱਚ ਵਾਧਾ ਹੋਣ ਦੀਆਂ ਸਹੂਲਤਾਂ ਮਿਲਣਗੀਆਂ ਅਤੇ ਮੈਡੀਕਲ ਸਿੱਖਿਆ ਦੇ ਪਸਾਰ ਵਿੱਚ ਹੋਰ ਵਾਧਾ ਹੋਵੇਗਾ।
ਇਸ ਦੇ ਨਾਲ ਹੀ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ ਪ੍ਰੋਗਰਾਮਾਂ ਬਾਰੇ ਸੁਆਲ ਵੀ ਉਠਾਇਆ ਜੋ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਹੈੱਲਥ ਵਰਕਰ ਭਰਤੀ ਕਰਨ ਵਿੱਚ ਸਹਾਇਤਾ ਕਰਦੇ ਹਨ। ਇੰਮੀਗ੍ਰੇਸ਼ਨ, ਰਫ਼ਿਊਜੀ ਐਂਡ ਸਿਟੀਜ਼ਨ ਕੈਨੇਡਾ (ਆਈ.ਆਰ.ਸੀ.ਸੀ.) ਦੇ ਅਫ਼ਸਰਾਂ ਨੇ ਨੋਟ ਕੀਤਾ ਹੈ ਕਿ ‘ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ’ (ਪੀ.ਐੱਨ.ਪੀ.) ਅਤੇ ਰੀਜਨਲ ਇੰਮੀਗ੍ਰੇਸ਼ਨ ਪਾਇਲਟ ਇਸ ਦਿਸ਼ਾ ਵਿੱਚ ਪਹਿਲਾਂ ਹੀ ਵਧੀਆ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਦੇ ਬਾਰੇ ਸੋਨੀਆ ਸਿੱਧੂ ਦਾ ਕਹਿਣਾ ਸੀ, ”ਅਜਿਹੇ ਪੂੰਜੀ ਨਿਵੇਸ਼ ਇੰਮੀਗ੍ਰੇਸ਼ਨ ਦੇ ਰਾਹ ਹੈੱਲਥ ਵਰਕਫ਼ੋਰਸ ਦੀ ਘਾਟ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ।”
ਐੱਮ.ਪੀ. ਸੋਨੀਆ ਸਿੱਧੂ ਨੇ ਹੋਰ ਕਿਹਾ, ”ਸਾਡੀ ਸਰਕਾਰ ਹੈੱਲਥ ਕੇਅਰ ਤੇ ਖੋਜ ਵਿੱਚ ਭਾਰੀ ਪੂੰਜੀ ਨਿਵੇਸ਼ ਕਰ ਰਹੀ ਹੈ। ਇਸ ਨਾਲ ਬਰੈਂਪਟਨ ਅਤੇ ਦੇਸ਼ ਦੇ ਹੋਰ ਭਾਗਾਂ ਵਿੱਚ ਲੋਕਾਂ ਦੀ ਵਧੀਆ ਸਿਹਤ ਸਹੂਲਤਾਂ ਤੱਕ ਪਹੁੰਚ ਯਕੀਨੀ ਹੋ ਜਾਏਗੀ। ਸਿੱਖਿਅਤ ਪ੍ਰੋਫ਼ੈਸ਼ਨਲਾਂ ਨੂੰ ਲਿਆਉਣ, ਹਸਪਤਾਲਾਂ ਤੇ ਮੈਡੀਕਲ ਸਕੂਲਾਂ ਨੂੰ ਆਧੁਨਿਕ ਬਨਾਉਣ ਅਤੇ ਮੈਡੀਕਲ ਖੋਜ ਨੂੰ ਹੋਰ ਅੱਗੇ ਵਧਾ ਕੇ ਅਸੀਂ ਹਰੇਕ ਕੈਨੇਡਾ-ਵਾਸੀ ਲਈ ਹੈੱਲਥ ਸਿਸਟਮ ਨੂੰ ਮਜ਼ਬੂਤ ਕਰ ਰਹੇ ਹਾਂ।”

