16.5 C
Toronto
Friday, October 16, 2026
spot_img
Homeਕੈਨੇਡਾਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਆਪਣਾ ਭਰਵਾਂ ਸਲਾਨਾ ਇਜਲਾਸ

ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਐਸੋਸੀਏਸ਼ਨ ਨੇ ਕੀਤਾ ਆਪਣਾ ਭਰਵਾਂ ਸਲਾਨਾ ਇਜਲਾਸ

ਬਰੈਂਪਟਨ/ਡਾ. ਝੰਡ
ਪਰਵਾਸੀ ਪੰਜਾਬੀ ਪੈੱਸ਼ਨਰਜ਼ ਐਸੋਸੀਏਸ਼ਨ ਵੱਲੋਂ ਆਪਣਾ ਸਲਾਨਾ ਇਜਲਾਸ ਲੰਘੇ ਸ਼ਨੀਵਾਰ 10 ਅਕਤੂਬਰ ਨੂੰ ਸਥਾਨਕ ਵਿਸ਼ਵ ਪੰਜਾਬੀ ਭਵਨ ਵਿਖੇ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ, ਸੀਨੀਅਰ ਮੀਤ-ਪ੍ਰਧਾਨ ਮੁਹਿੰਦਰ ਸਿੰਘ ਮੋਹੀ, ਚੇਅਰਮੈਨ ਡਾ. ਪਰਮਜੀਤ ਸਿੰਘ ਢਿੱਲੋਂ, ਮੀਤ-ਪ੍ਰਧਾਨ ਇੰਜੀ. ਅੰਮ੍ਰਿਤਪਾਲ ਸਿੰਘ ਅਤੇ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਸ਼ਾਮਲ ਸਨ।
ਮੀਟਿੰਗ ਦੇ ਆਰੰਭ ਵਿੱਚ ਪ੍ਰਧਾਨ ਇੰਜੀ. ਬਲਦੇਵ ਸਿੰਘ ਬਰਾੜ ਵੱਲੋਂ ਸਮੂਹ ਮੈਂਬਰਾਂ ਦਾ ਸੁਆਗਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਨਿੱਘੀ ‘ਜੀ-ਆਇਆਂ’ ਕਹੀ ਗਈ।
ਉਪਰੰਤ, ਮੰਚ-ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਐਸੋਸੀਏਸ਼ਨ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ, ਬਰੈਂਪਟਨ ਸਿਟੀ ਸਰਕਾਰ, ਓਨਟਾਰੀਓ ਸੂਬਾ ਸਰਕਾਰ ਅਤੇ ਕੈਨੇਡਾ ਦੀ ਫ਼ੈੱਡਰਲ ਸਰਕਾਰ ਤੱਕ ਲਿਖਤੀ ਰੂਪ ਵਿੱਚ ਪਹੁੰਚਾਉਣ ਅਤੇ ਵੱਖ-ਵੱਖ ਪੱਧਰ ‘ਤੇ ਸਰਕਾਰੀ ਨੁਮਾਇੰਦਿਆਂ ਨਾਲ ਮੁਲਾਕਾਤਾਂ ਕਰਕੇ ਵਿਚਾਰ-ਵਟਾਂਦਰਾ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਰਿਪੋਰਟ ਵਿੱਚ ਆਉਣ ਵਾਲੇ ਸਾਲ ਵਿੱਚ ਇਹ ਸਰਗਰਮੀਆਂ ਹੋਰ ਤੇਜ਼ ਕਰਨ ਬਾਰੇ ਵੀ ਜ਼ਿਕਰ ਕੀਤਾ ਗਿਆ। ਪੰਜਾਬ ਸਰਕਾਰ ਨਾਲ ਸਬੰਧਿਤ ਚਿੱਠੀ-ਪੱਤਰ ਬਾਰੇ ਦੱਸਦਿਆਂ ਐਸੋਸੀਏਸ਼ਨ ਦੇ ਸਕੱਤਰ ਪ੍ਰਿਤਪਾਲ ਸਿੰਘ ਸਚਦੇਵਾ ਨੇ ਮੁੱਖ ਤੌਰ ‘ਤੇ ਮਹਿੰਗਾਈ ਭੱਤੇ ਦੀ ਮੰਗ ਮਨਵਾਉਣ ਬਾਰੇ ਕੀਤੇ ਗਏ ਯਤਨਾਂ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਵੱਖ- ਵੱਖ ਅਦਾਲਤੀ ਫੈਸਲੇ ਮੁਲਾਜ਼ਮਾਂ ਅਤੇ ਪੈੱਨਸ਼ਨਰਾਂ ਨੂੰ ਬਣਦਾ 60% ਦੇਣ ਦੇ ਹੱਕ ਵਿੱਚ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਫ਼ੈਸਲਿਆਂ ‘ਤੇ ਅਮਲ ਨਹੀਂ ਕਰ ਰਹੀ ਹੈ ਜੋ ਮੁਲਾਜ਼ਮਾਂ ਅਤੇ ਪੈੱਨਸ਼ਨਰਾਂ ਨਾਲ ਘੋਰ ਬੇਇਨਸਾਫ਼ੀ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ 1954 ਵਿੱਚ ਜਦੋਂ ਕੈਨੇਡੀਅਨ ਸੀਨੀਅਰਜ਼ ਨੂੰ ਓ.ਏ.ਐੱਸ. ਦੇਣ ਬਾਰੇ ਕੈਨੇਡਾ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਤਾਂ ਇਸ ਵਿੱਚ ਇੱਕ ਫਾਰਮੂਲਾ ਦਿੱਤਾ ਗਿਆ ਸੀ ਜੋ ਇਸ ਵਿੱਚ ਵਾਧੇ ਨੂੰ ਦਰਸਾਉਂਦਾ ਸੀ। ਜਿਹੜਾ ਕਿ ਹੁਣ ਸਰਕਾਰ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ। ਸੀਨੀਅਰ ਮੀਤ-ਪ੍ਰਧਾਨ ਮੁਹਿੰਦਰ ਸਿੰਘ ਮੋਹੀ ਨੇ ਬਰਾੜ ਹੁਰਾਂ ਵੱਲੋਂ ਪੇਸ਼ ਕੀਤੇ ਗਏ ਇਸ ਮਹੱਤਵਪੂਰਨ ਨੁਕਤੇ ਅਤੇ ਹੋਰ ਨੁਕਤਿਆਂ ਦੀ ਭਰਪੂਰ ਵਿਆਖਿਆ ਕੀਤੀ, ਜਦਕਿ ਇੰਜੀ. ਅੰਮ੍ਰਿਤਪਾਲ ਸਿੰਘ ਵੱਲੋਂ ਇਸ ਮੌਕੇ ਪ੍ਰੋਵਿੰਸ਼ੀਅਲ ਸਰਕਾਰ ਨਾਲ ਸਬੰਧਿਤ ਮੰਗਾਂ ਦੀ ਵਿਆਖਿਆ ਕੀਤੀ ਗਈ। ਪਿਛਲੇ ਸਾਲ ਦਾ ਲੇਖਾ-ਜੋਖਾ ਵਿੱਤ-ਸਕੱਤਰ ਸੁਰਿੰਦਰ ਸੁਰਿੰਦਰਜੀਤ ਸਿੰਘ ਬੁੱਟਰ ਵੱਲੋਂ ਪੇਸ਼ ਕੀਤਾ ਗਿਆ। ਜਨਰਲ ਸਕੱਤਰ ਦੀ ਰਿਪੋਰਟ ਅਤੇ ਲੇਖਾ-ਜੋਖਾ ਰਿਪੋਰਟ ਹਾਊਸ ਦੇ ਮੈਂਬਰਾਂ ਵੱਲੋਂ ਸਰਬ-ਸੰਮਤੀ ਨਾਲ ਪਾਸ ਕਰ ਦਿੱਤੀਆਂ ਗਈਆਂ।
ਉਪਰੰਤ, ਐਸੋਸੀਏਸ਼ਨ ਦੇ ਸੰਵਿਧਾਨ ਅਨੁਸਾਰ ਐਸੋਸੀਏਸ਼ਨ ਦੇ ਤਿੰਨ ਮੁੱਖ ਅਹੁਦੇਦਾਰਾਂ – ਪ੍ਰਧਾਨ, ਜਨਰਲ ਸਕੱਤਰ ਅਤੇ ਚੇਅਰਮੈਨ ਦੀ ਚੋਣ ਕਰਨ ਲਈ ਰਿਟਰਨਿੰਗ ਅਫ਼ਸਰ ਦੀ ਜ਼ਿੰਮੇਂਵਾਰੀ ਪ੍ਰੋ. ਇੰਦਰਦੀਪ ਸਿੰਘ ਨੇ ਨਿਭਾਈ।
ਉਨ੍ਹਾਂ ਵੱਲੋਂ ਹਾਊਸ ਦੇ ਮੈਂਬਰਾਂ ਨੂੰ ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਦੇਣ ਲਈ ਕਿਹਾ ਗਿਆ, ਜਿਸਦੇ ਜੁਆਬ ਵਿੱਚ ਤਿੰਨਾਂ ਹੀ ਅਹੁਦਿਆਂ ਲਈ ਕੇਵਲ ਇੱਕ-ਇੱਕ ਉਮੀਦਵਾਰ ਦੇ ਹੀ ਨਾਂ ਸਾਹਮਣੇ ਆਏ। ਨਤੀਜੇ ਵਜੋਂ, ਇਨ੍ਹਾਂ ਤਿੰਨਾਂ ਉਮੀਦਵਾਰਾਂ ਨੂੰ ਸਰਬ-ਸੰਮਤੀ ਨਾਲ ਇੰਜ. ਬਲਦੇਵ ਸਿੰਘ ਬਰਾੜ ਨੂੰ ਪ੍ਰਧਾਨ, ਪ੍ਰੋ. ਜਗੀਰ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਅਤੇ ਡਾ. ਪਰਮਜੀਤ ਸਿੰਘ ਢਿੱਲੋਂ ਨੂੰ ਚੇਅਰਮੈਨ ਚੁਣ ਲਿਆ ਗਿਆ।
ਇਸ ਦੌਰਾਨ ਕੈਨੇਡਾ ਰਹਿੰਦੇ ਐਸੋਸੀਏਸ਼ਨ ਦੇ ਸੱਭ ਤੋਂ ਸੀਨੀਅਰ ਪੈੱਨਸ਼ਨਰ 84ਸਾਲਾ ਸ. ਸਤਨਾਮ ਸਿੰਘ ਅਤੇ ਫ਼ਾਈਨਾਂਸ਼ੀਅਲ ਸਲਾਹਕਾਰ ਸ. ਸੁਰਿੰਦਰ ਸਿੰਘ ਸਿੱਧੂ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਪੈੱਨਸ਼ਨਰਾਂ ਲਈ ਜੀਵਨ-ਪ੍ਰਮਾਣ ਪੱਤਰ ਦੇਣ ਸਬੰਧੀ ਮੈਂਬਰਾਂ ਨੂੰ ਦੱਸਿਆ ਗਿਆ ਕਿ 80 ਸਾਲ ਜਾਂ ਇਸ ਤੋਂ ਵਧੇਰੇ ਉਮਰ ਵਾਲੇ ਪੈੱਨਸ਼ਨਰਾਂ ਦੇ ਡਿਜੀਟਲ ਲਾਈਫ਼ ਸਰਟੀਫ਼ੀਕੇਟ ਅਕਤੂਬਰ ਮਹੀਨੇ ਵਿੱਚ ਅਤੇ 80 ਸਾਲ ਤੋਂ ਘੱਟ ਉਮਰ ਵਾਲੇ ਪੈੱਨਲਨਰਾਂ ਲਈ ਇਹ ਨਵੰਬਰ ਵਿੱਚ ਬਣਾਏ ਜਾਣੇ ਹਨ। ਦੋਹਾਂ ਉਮਰ-ਵਰਗਾਂ ਦੇ ਮੈਂਬਰਾਂ ਦੇ ਡਿਜੀਟਲ ਲਾਈਫ਼ ਸਰਟੀਫ਼ੀਕੇਟਾਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਬਲਦੇਵ ਸਿੰਘ ਬਰਾੜ ਨਾਲ 437-244-5003 ਜਾਂ ਜਨਰਲ ਸਕੱਤਰ ਪ੍ਰੋ. ਜਗੀਰ ਸਿੰਘ ਕਾਹਲੋਂ ਨਾਲ 647-533-8297 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਐਸੋਸੀਏਸ਼ਨ ਦੇ ਫ਼ਾਈਨਾਂਸ਼ੀਅਲ ਸਲਾਹਕਾਰ ਸੁਰਿੰਦਰ ਸਿੱਧੂ ਨੇ ਬੈਂਕਿੰਗ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਰਵਾਸੀ ਤਿੰਨ ਕਿਸਮ ਦੇ ਬੈਂਕ ਖਾਤੇ NRO, NRE ਤੇ FOCNAI ਭਾਰਤ ਵਿੱਚ ਖੋਲ੍ਹ ਸਕਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਦੇ ਪੈੱਨਸ਼ਨਰ ਜੋ ਕੈਨੇਡਾ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਆਪਣੀ ਭਾਰਤ ਵਾਲੀ ਪੈੱਨਸ਼ਨ ਆਪਣੀ ਕੈਨੇਡਾ ਵਾਲੀ ਪੈੱਨਸ਼ਨ ਵਿੱਚ ਦਰਸਾਉਣੀ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ।
ਮੀਟਿੰਗ ਦੌਰਾਨ ਲਹਿੰਦੇ ਪੰਜਾਬ ਦੇ ਸੂਫ਼ੀ ਗਾਉਕ ਜਨਾਬ ਹੁਸਨੈਨ ਅਕਬਰ ਨੇ ਖ਼ੂਬ ਸੂਫ਼ੀ ਰੰਗ ਬੰਨ੍ਹਿਆ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੋਂ ਪੁੱਜੇ ਸਿੱਖਿਆ ਵਿਭਾਗ ਦੇ ਉੱਚ-ਅਧਿਕਾਰੀ ਸ.ਸ. ਬਹਿਲ ਵੱਲੋਂ ਆਪਣੀ ਨਜ਼ਮ ‘ਤੈਂ ਕੀ ਦਰਦ ਨਾ ਆਇਆ’ ਸੁਣਾ ਕੇ ਬਾਖ਼ੂਬੀ ਇਤਿਹਾਸਕ ਪੇਸ਼ਕਾਰੀ ਕੀਤੀ ਗਈ। ਦੋਹਾਂ ਨੂੰ ਸਰੋਤਿਆਂ ਵੱਲੋਂ ਤਾੜੀਆਂ ਦੇ ਰੂਪ ਵਿੱਚ ਭਾਰੀ ਦਾਦ ਮਿਲੀ।

 

 

RELATED ARTICLES
POPULAR POSTS