Breaking News
Home / ਕੈਨੇਡਾ / ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਮਿਡਲੈਂਡ ਥਾਊਜ਼ੈਂਡ ਆਈਲੈਂਡ ਦਾ ਟੂਰ ਲਗਾਇਆ ਗਿਆ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਮਿਡਲੈਂਡ ਥਾਊਜ਼ੈਂਡ ਆਈਲੈਂਡ ਦਾ ਟੂਰ ਲਗਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 25 ਅਗਸਤ ਨੂੰ ਫ਼ਾਦਰ ਟੌਬਿਨ ਸੀਨੀਅਰਜ ਕਲੱਬ ਦੇ ਮੈਂਬਰਾਂ ਨੇ ਮਿਡਲੈਂਡ ਥਾਊਜ਼ੈਂਡ ਲੈਂਡ ਦਾ ਟੂਰ ਲਗਾਇਆ। ਉਹ ਸਵੇਰੇ 7.30 ਵਜੇ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਪਹੁੰਚ ਗਏ ਅਤੇ 8.00 ਵਜੇ ਬੱਸ ਵਿਚ ਸਵਾਰ ਹੋ ਕੇ ਮਿਡਲੈਂਡ ਵੱਲ ਚੱਲ ਪਏ। ਬੱਸ ਚੱਲਣ ਤੋਂ ਪਹਿਲਾਂ ਸਾਰਿਆਂ ਨੂੰ ਕੋਲਡ ਡਰਿੰਕਸ ਅਤੇ ਸਨੈਕਸ ਵਰਤਾਏ ਗਏ। ਸਾਬਕਾ ਪ੍ਰਧਾਨ ਕਰਤਾਰ ਸਿੰਘ ਚਾਹਲ, ਬਲਬੀਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਗਿੱਲ, ਗੁਰਦੇਵ ਸਿੰਘ ਹੰਸਰਾ ਅਤੇ ਗੁਰਮੀਤ ਸਿੰਘ ਸੰਧੂ ਵੱਲੋਂ ਸੀਟਾਂ ‘ਤੇ ਬੈਠੀਆਂ ਸਵਾਰੀਆਂ ਲਈ ਇਹ ਸੇਵਾ ਬਾਖ਼ੂਬੀ ਨਿਭਾਈ ਗਈ। ਮੌਸਮ ਖ਼ੁਸ਼-ਗ਼ਵਾਰ ਹੋਣ ਕਾਰਨ ਬੱਸ ਦਾ ਸਫ਼ਰ ਬੜਾ ਅਨੰਦਮਈ ਰਿਹਾ ਅਤੇ ਸਵਾ ਕੁ ਦਸ ਵਜੇ ਬੱਸ ਮਿਡਲੈਂਡ ਕਰੂਜ਼ ਦੇ ਨੇੜੇ ਪਹੁੰਚ ਗਈ। ਏਨੇ ਨੂੰ ਦੂਸਰੀ ਕਲੱਬ ਦੀ ਬੱਸ ਵੀ ਉੱਥੇ ਪਹੁੰਚ ਗਈ ਜਿਸ ਦੇ ਨਾਲ ਕਰੂਜ਼ ਦੀ ਸਾਂਝੀ ਐਡਵਾਂਸ ਬੁੱਕਿੰਗ ਸ. ਜਗੀਰ ਸਿੰਘ ਸੈਂਹਬੀ ਦੇ ਸਹਿਯੋਗ ਨਾਲ ਕਰਵਾਈ ਗਈ ਸੀ।
ਨਿਸਚਤ ਸਮੇਂ ਅਨੁਸਾਰ 11.00 ਵਜੇ ਦੋਹਾਂ ਬੱਸਾਂ ਦੀਆਂ ਸਵਾਰੀਆਂ ਬੋਟ ਕਰੂਜ਼ ਵਿਚ ਬੈਠ ਗਈਆਂ ਅਤੇ ਕੁਝ ਮਿੰਟਾਂ ਬਾਅਦ ਹੀ ਇਹ ਥਾਊਜ਼ੈਂਡ ਆਈਲੈਂਡਜ਼ ਦੇ ਸਫ਼ਰ ‘ਤੇ ਚੱਲ ਪਿਆ। ਕਰੂਜ਼ ਦੇ ਢਾਈ ਘੰਟੇ ਦੇ ਸਫ਼ਰ ਦੌਰਾਨ ਹੀ ਬਾਰਸ਼ ਸ਼ੁਰੂ ਹੋ ਗਈ ਜਿਸ ਨਾਲ ਇਸ ਸਫ਼ਰ ਦਾ ਨਜ਼ਾਰਾ ਹੋਰ ਵੀ ਮਨਮੋਹਕ ਹੋ ਗਿਆ। ਤੇਜ਼ ਹਵਾ ਅਤੇ ਬਾਰਸ਼ ਦੇ ਸੁਮੇਲ ਨਾਲ ਉੱਠਦੀਆਂ ਪਾਣੀ ਦੀਆਂ ਲਹਿਰਾਂ ਦਾ ਨਜ਼ਾਰਾ ਵੇਖਣਯੋਗ ਹੀ ਸੀ। ਝੀਲ ਵਿਚ ਅਨੇਕਾਂ ਹੀ ਛੋਟੇ-ਵੱਡੇ ਟਾਪੂਆਂ ਨੂੰ ਵੇਖਣਾ ਸਾਰਿਆਂ ਲਈ ਬੜਾ ਅਨੰਦਮਈ ਰਿਹਾ। ਘੁੰਮਦਾ-ਘੁਮਾਉਂਦਾ ਬੋਟ ਕਰੂਜ਼ ਠੀਕ 1 ਵੱਜ ਕੇ 50 ਮਿੰਟ ਉਤੇ ਡੈੱਕ ‘ਤੇ ਆਣ ਲੱਗਾ।
ਵਾਪਸੀ ‘ਤੇ ਸਾਰਿਆਂ ਨੇ ਆਪਣੇ ਨਾਲ ਲਿਆਂਦਾ ਭੋਜਨ ਝੀਲ ਦੇ ਕਿਨਾਰੇ ਬੈਠ ਕੇ ਛਕਿਆ। ਲੱਗਭੱਗ ਤਿੰਨ ਵਜੇ ਬੱਸ ਵਾਪਸੀ ਸਫ਼ਰ ਲਈ ਚੱਲ ਪਈ। ਇਸ ਦੌਰਾਨ ਰਸਤੇ ਵਿਚ ਪੈਂਦੇ ਇਕ ਪੁਰਾਤਨ ਚਰਚ ਦੇ ਵੀ ਦਰਸ਼ਨ ਕੀਤੇ। ਚਰਚ ਦੇ ਇਤਿਹਾਸ ਬਾਰੇ ਉਸ ਦੇ ਪ੍ਰਬੰਧਕਾਂ ਵੱਲੋਂ ਭਰਪੂਰ ਚਾਨਣਾ ਪਾਇਆ ਗਿਆ ਜਿਸ ਨੂੰ ਸਾਰਿਆਂ ਨੇ ਬੜੇ ਧਿਆਨ ਨਾਲ ਸੁਣਿਆਂ। ਰਸਤੇ ਵਿਚ ਇਕ ਜਗ੍ਹਾ ਬੱਸ ਰੋਕ ਕੇ ਇਕ ਟਿਮ ਹੌਰਟਨ ਤੋਂ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਚਾਹ/ਕੌਫ਼ੀ ਪਿਲਾਈ ਗਈ। ਇਸ ਟੂਰ ਨੂੰ ਸਫਲ਼ ਬਨਾਉਣ ਲਈ ਪ੍ਰਧਾਨ ਰਣਜੀਤ ਸਿੰਘ ਤੱਗੜ ਅਤੇ ਮੀਤ-ਪ੍ਰਧਾਨ ਨਿਰਮਲ ਸਿੰਘ ਢੱਡਵਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਬੀਬੀਆਂ ਦੀ ਅਗਵਾਈ ਸੁਰਿੰਦਰ ਕੌਰ ਪੂਨੀ, ਭਜਨ ਕੌਰ ਢੱਡਵਾਲ ਅਤੇ ਮਨਜੀਤ ਕੋਰ ਹੰਸਰਾ ਵੱਲੋਂ ਕੀਤੀ ਗਈ। ਬਰੈਂਪਟਨ ਦੀਆਂ ਮਾਣਯੋਗ ਸ਼ਖ਼ਸੀਅਤਾਂ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਅਤੇ ਇੰਜੀ. ਜਤਿੰਦਰ ਸਿੰਘ ਵੱਲੋਂ ਇਸ ਟੂਰ ਵਿਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਤਰ੍ਹਾਂ ਕਲੱਬ ਦਾ ਇਸ ਸੀਜ਼ਨ ਦਾ ਇਹ ਚੌਥਾ ਟੂਰ ਬੇਹੱਦ ਸਫ਼ਲ ਰਿਹਾ।

Check Also

‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਿਟੀ ਹਾਲ ‘ਚ ਬੁਲਾ ਕੇ ਕੀਤਾ ਗਿਆ ਸਨਮਾਨਿਤ

ਜੀਟੀਐੱਮ ਨੇ ਹਰਜੀਤ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਬਰੈਂਪਟਨ/ਡਾ. ਝੰਡ : ਅਮਰੀਕਾ ਦੇ ਮਸ਼ਹੂਰ …