1.6 C
Toronto
Friday, February 20, 2026
spot_img
Homeਕੈਨੇਡਾਐੱਫ਼.ਸੀ.ਐੱਫ਼.ਸੀ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ 'ਵੈਲਨਟਾਈਨ-ਦਿਵਸ' ਮਨਾਇਆ

ਐੱਫ਼.ਸੀ.ਐੱਫ਼.ਸੀ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ‘ਵੈਲਨਟਾਈਨ-ਦਿਵਸ’ ਮਨਾਇਆ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 15 ਫਰਵਰੀ ਨੂੰ ‘ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ’ ਦੇ ਮੈਂਬਰਾਂ ਵੱਲੋਂ ਵੈਲਨਟਾਈਨ-ਦਿਵਸ ਪੂਰੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਥਾਨਕ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿੱਚ ਹੋਏ ਖ਼ੁਸੀਆਂ ਭਰਪੂਰ ਸਮਾਗ਼ਮ ਵਿੱਚ ਕਲੱਬ ਦੇ 100 ਤੋਂ ਵਧੇਰੇ ਮੈਂਬਰ ਸ਼ਾਮਲ ਹੋਏ। ਰੰਗ-ਬਿਰੰਗੀਆਂ ਪੁਸ਼ਾਕਾਂ ਵਿੱਚ ਸਜੇ ਹੋਏ ਸਾਰੇ ਸੀਨੀਅਰ ਅੰਦਰੂਨੀ ਖ਼ੁਸ਼ੀ ਅਤੇ ਪੂਰੇ ਉਤਸ਼ਾਹ ਤੇ ਉਮਾਹ ਦਾ ਇਜ਼ਹਾਰ ਕਰ ਰਹੇ ਸਨ।
ਸਮਾਗਮ ਦੀ ਸ਼ੁਰੂਆਤ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਸੁਆਗ਼ਤ ਕਰਦੇ ਹੋਏ ਇਨ੍ਹਾਂ ਸ਼ਬਦਾਂ ਨਾਲ ਕੀਤੀ ਗਈ, ”ਵੈਲਨਟਾਈਨ-ਦਿਵਸ ਕੇਵਲ ਰੋਮਾਂਸ ਦਾ ਦਿਨ ਹੀ ਨਹੀਂ ਹੈ, ਸਗੋਂ ਇਹ ਪਰਿਵਾਰਾਂ, ਦੋਸਤਾਂ-ਮਿੱਤਰਾਂ ਤੇ ਕਮਿਊਨਿਟੀਆਂ ਪ੍ਰਤੀ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕਰਨ ਅਤੇ ਸ਼ੁਕਰਗੁਜ਼ਾਰ ਹੋਣ ਦੀਆਂ ਭਾਵਨਾਵਾਂ ਦਾ ਸੰਚਾਰ ਕਰਨਾ ਹੈ। ਆਪਣੀ ਇਸ ਐੱਫ਼.ਸੀ.ਐੱਫ਼.ਸੀ. ਕਲੱਬ ਵਿੱਚ ਅਸੀਂ ਆਪਣੇ ਸੀਨੀਅਰਾ ਸਾਥੀਆਂ ਨੂੰ ਸਮਾਜਿਕ ਤੇ ਭਾਵਨਾਤਮਿਕ ਤੌਰ ‘ਤੇ ਜੋੜਨ ਅਤੇ ਦੋਸਤੀ ਦੇ ਮਾਹੌਲ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦੇ ਹਾਂ।”
ਬਰੈਂਪਟਨ ਦੀ ਰੀਜਨਲ ਕੌੰਸਲਰ ਰੋਵੀਨਾ ਸੰਤੋਸ ਵੱਲੋਂ ਇਸ ਸਮਾਗਮ ਵਿੱਚ ਮੁੱਖ-ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲੁਆਈ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ, ”ਸੀਨੀਅਰਜ਼ ਵੱਲੋਂ ਇਹ ਸ਼ੁਭ-ਦਿਨ ਏਨੀ ਊਰਜਾ, ਸ਼ੌਕ ਅਤੇ ਉਤਸ਼ਾਹ ਨਾਲ ਮਨਾਉਂਦਿਆਂ ਹੋਇਆਂ ਵੇਖ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ। ਇਹ ਕਲੱਬ ਸੀਅਨੀਅਰਾਂ ਨੂੰ ਬੜੇ ਚੰਗੇ ਢੰਗ ਨਾਲ ਜੋੜਨ ਅਤੇ ਉਨ੍ਹਾਂ ਲਈ ਉਤਸ਼ਾਹ ਭਰਪੂਰ ਮਾਹੌਲ ਕਾਇਮ ਰੱਖਣ ਲਈ ਬੜੇ ਵਧੀਆ ਉਪਰਾਲੇ ਕਰ ਰਹੀ ਹੈ।” ਕਲੱਬ ਦੀਆਂ ਸਮੇਂ-ਸਮੇਂ ਕਰਵਾਈਆਂ ਜਾਂਦੀਆਂ ਸਰਗਰਮੀਆਂ ਦੀ ਉਨ੍ਹਾਂ ਬੱਲੋਂ ਭਾਰੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਹੋਏ ਵਰਾਇਟੀ ਪ੍ਰੋਗਰਾਮ ਵਿੱਚ ਕਲੱਬ ਦੇ ਮੈਂਬਰਾਂ ਵੱਲੋਂ ਸੋਲੋ ਗੀਤ, ਸੰਗੀਤ, ਪ੍ਰੇਮ-ਪਿਆਰ ਵਾਲੇ ਹਿੰਦੀ ਫ਼ਿਲਮੀ ਗਾਣੇ, ਗਰੁੱਪ-ਡਾਂਸ, ਕਪਲ-ਡਾਂਸ ਅਤੇ ਮਨੋਰੰਜਨ ਦੀਆਂ ਕਈ ਹੋਰ ਆਈਟਮਾਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਖ਼ੂਬ ਹਾਸਾ-ਮਖ਼ੌਲ ਵੀ ਚੱਲਦਾ ਰਿਹਾ। ਇਸ ਸਮੁੱਚੇ ਪ੍ਰੋਗਰਾਮ ਨੂੰ ਕਮਲ ਬਾਬਰਾ ਅਤੇ ਅਨੁਜ ਕਾਬੁਲੀ ਵੱਲੋਂ ਬਹੁਤ ਵਧੀਆ ਤਰਤੀਬ ਦੇ ਕੇ ਪੇਸ਼ ਕੀਤਾ ਗਿਆ। ਇਸ ਦਾ ਇੱਕ ਦਿਲਚਸਪ ਭਾਗ ਯੋਗਾ ਸੈਸ਼ਨ ਸੀ, ਜਿਸ ਨੂੰ ਅਨੁਜ ਕਾਬੁਲੀ ਨੇ ਬੌਲੀਵੁੱਡ ਫ਼ਿਲਮੀ ਸੰਗੀਤ ਦੇ ਨਾਲ ਮੈਚ ਕਰਕੇ ਬਾਖ਼ੂਬੀ ਨਿਭਾਇਆ।
ਕਲੱਬ ਦੀ ਪ੍ਰਧਾਨ ਜਸਵਿੰਦਰ ਦੈਂਦ ਵੱਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਇਸ ਸਮਾਗਮ ਨੂੰ ਸਫ਼ਲ ਬਨਾਉਣ ਲਈ ਧੰਨਵਾਦ ਕੀਤਾ ਗਿਆ। ਮੈਂਬਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਸਾਡੀ ਇਹ ਕਲੱਬ ਇੱਕ ਪਰਿਵਾਰ ਦੀ ਨਿਆਈਂ ਹੈ। ਇਸ ਵਿੱਚ ਮਨਾਏ ਜਾਂਦੇ ਇਸ ਤਰ੍ਹਾਂ ਦੇ ਉਤਸਵ ਸਾਡੇ ਸੀਨੀਅਰਾਂ ਵਿੱਚ ਨੇੜਤਾ ਪੈਦਾ ਕਰਕੇ ਉਨ੍ਹਾਂ ਦੇ ਇਕੱਲੇਪਨ ਨੂੰ ਦੂਰ ਰੱਖਦੇ ਹਨ। ਇਨ੍ਹਾਂ ਯਾਦਗਾਰੀ ਸਮਾਗਮਾਂ ਦੀਆਂ ਮਿੱਠੀਆਂ ਯਾਦਾਂ ਕਈ ਦੇਰ ਤੱਕ ਉਨ੍ਹਾਂ ਦੇ ਦਿਮਾਗਾਂ ਵਿੱਚ ਤਾਜ਼ੀਆਂ ਰਹਿੰਦੀਆਂ ਹਨ।
ਮੈਂ ਇਹ ਸ਼ਾਨਦਾਰ ਸਮਾਗਮ ਰਚਾਉਣ ਲਈ ਸਾਰੇ ਮੈਂਬਰਾਂ ਅਤੇ ਵਾਲੰਟੀਅਰਾਂ ਦਾ ਦਿਲੀ ਧੰਨਵਾਦ ਕਰਦੀ ਹਾਂ।”
ਸਮਾਗਮ ਦੇ ਇਨ੍ਹਾਂ ਯਾਦਗਾਰੀ ਪਲਾਂ ਦੀ ਫ਼ੋਟੋਗ੍ਰਾਫ਼ੀ ਕਲੱਬ ਦੇ ਐਗਜ਼ੈੱਕਟਿਵ ਮੈਂਬਰ ਮਨਮੋਹਨ ਦੁੱਗਲ ਵੱਲੋਂ ਕੀਤੀ ਗਈ। ਉਨ੍ਹਾਂ ਵੱਲੋਂ ਇਸ ਮੌਕੇ ਲਈਆਂ ਗਈਆਂ ਤਸਵੀਰਾਂ ਇਸ ਸਮਾਗਮ ਨੂੰ ਚਿਰੰਜੀਵੀ ਬਣਾਈ ਰੱਖਣਗੀਆਂ।
ਸਮਾਗਮ ਦੇ ਅਖ਼ੀਰ ਵਿੱਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਮੁੱਖ ਮਹਿਮਾਨ ਰੋਵੀਨਾ ਸੰਤੋਸ ਕਲੱਬ ਦੇ ਸਮੂਹ ਮੈਂਬਰਾਂ, ਕਲਾਕਾਰਾਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਹ ਸ਼ਾਮ ਬਹੁਤ ਵਧੀਆ ਤੇ ਯਾਦਗਾਰੀ ਬਣ ਗਈ ਅਤੇ ਕਲੱਬ ਵੱਲੋਂ ਅੱਗੋਂ ਵੀ ਅਜਿਹੇ ਯਤਨ ਜਾਰੀ ਰੱਖੇ ਜਾਣਗੇ।

 

RELATED ARTICLES
POPULAR POSTS