
ਦੋ ਚੋਣ ਕਮਿਸ਼ਨਰਾਂ ਨੇ ਕੈਬਨਿਟ ਸਕੱਤਰ ਕੋਲ ਕੀਤੀ ਸੀ ਸ਼ਿਕਾਇਤ, ਪਰ ਕਾਰਵਾਈ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੇ ਕੰਮਕਾਜ ਨੂੰ ਲੈ ਕੇ ਹੋਏ ਵਿਵਾਦ ਬਾਰੇ ਨਵੇਂ ਵੇਰਵੇ ਸਾਹਮਣੇ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਆਰ.ਟੀ.ਆਈ. ਅਧੀਨ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਮਨੀਸ਼ ਗਰਗ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਮਨੀਸ਼ ਗਰਗ ਬਿਨਾ ਕਿਸੇ ਚਰਚਾ ਦੇ ਫੈਸਲੇ ਲੈ ਰਹੇ ਹਨ, ਹਾਲਾਂਕਿ ਇਸ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕੈਬਨਿਟ ਸਕੱਤਰੇਤ ਨੇ ਮੰਨਿਆ ਕਿ ਪੂਰੇ ਕਮਿਸ਼ਨ ਵਲੋਂ ਰਸਮੀ ਸ਼ਿਕਾਇਤ ਮਿਲਣ ਤੋਂ ਬਿਨਾ ਕਾਰਵਾਈ ਕਰਨ ਨੂੰ ਇਕ ਸੰਵਿਧਾਨਕ ਸੰਸਥਾ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਵਜੋਂ ਸਮਝਿਆ ਜਾ ਸਕਦਾ ਹੈ। ਆਰ.ਟੀ.ਆਈ. ਕਾਰਕੁਨ ਅਤੇ ਰਿਟਾਇਰਡ ਕੋਮੋਡੋਰ ਲੋਕੇਸ਼ ਕੇ. ਬੱਤਰਾ ਨੂੰ ਮਿਲੇ ਜਵਾਬ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਮਨੀਸ਼ ਗਰਗ ਨੂੰ 2 ਸਤੰਬਰ 2024 ਨੂੰ ਕੈਬਨਿਟ ਦੀ ਨਿਯੁਕਤੀ ਸੰਮਤੀ ਦੇ ਜ਼ਰੀਏ ਚੋਣ ਕਮਿਸ਼ਨ ਵਿਚ ਨਿਯੁਕਤ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਲੰਘੀ 29 ਜੁਲਾਈ 2026 ਨੂੰ ਕੈਬਨਿਟ ਸਕੱਤਰ ਟੀਵੀ ਸੋਮਨਾਥਨ ਨੂੰ ਵੱਖ-ਵੱਖ ਪੱਤਰ ਲਿਖਿਆ ਸੀ।

