
ਕਿਹਾ : ਪਾਰਟੀ ਜੇਕਰ ਮੈਨੂੰ ਹਟਾ ਵੀ ਦਿੰਦੀ ਹੈ ਤਾਂ ਵੀ ਮੈਂ ਕਾਂਗਰਸ ਲਈ ਕੰਮ ਕਰਦਾ ਰਹਾਂਗਾ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਅਹੁਦੇ ਤੋਂ ਪਿੱਛੇ ਨਹੀਂ ਹਟਣਗੇ। ਵੜਿੰਗ ਨੇ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਨ ਉਨ੍ਹਾਂ ਨੂੰ ਬਦਲਣ ਦਾ ਫੈਸਲਾ ਕਰਦੀ ਹੈ ਤਾਂ ਵੀ ਉਹ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਦੇ ਰਹਿਣਗੇ। ਇਕ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਮੈਂ ਪਾਰਟੀ ਲਈ ਪੂਰੇ ਦਿਲ ਨਾਲ ਕੰਮ ਕੀਤਾ ਹੈ। ਕਾਂਗਰਸ ਨੇ ਪੰਜਾਬ ਵਿਚ 7 ਲੋਕ ਸਭਾ ਸੀਟਾਂ ਜਿੱਤੀਆਂ ਸਨ। ਉਨ੍ਹਾਂ ਕਿਹਾ ਜੇਕਰ ਮੈਨੂੰ ਹਟਾਇਆ ਜਾਂਦਾ ਹੈ ਤਾਂ ਵੀ ਮੈਂ ਪਾਰਟੀ ਦੀ ਤਾਕਤ ਲਈ ਖੁਸ਼ੀ ਨਾਲ ਕੰਮ ਕਰਾਂਗਾ। ਵੜਿੰਗ ਨੇ ਟਿੱਪਣੀ ਕਰਦਿਆਂ ਕਿਹਾ ਕਿ, ਸਿਖਰ ’ਤੇ ਪਹੁੰਚਣਾ ਇਕ ਪ੍ਰਾਪਤੀ ਹੈ, ਪਰ ਕੋਈ ਵੀ ਸਦਾ ਲਈ ਸਿਖਰ ’ਤੇ ਨਹੀਂ ਰਹਿੰਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਦੀਆਂ ਇਹ ਟਿੱਪਣੀਆਂ, ‘‘ਹਰ ਬੂਥ, ਕਾਂਗਰਸ ਮਜ਼ਬੂਤ’’ ਪ੍ਰੋਗਰਾਮਾਂ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿਚ ਵਾਰ-ਵਾਰ ਲੱਗ ਰਹੇ ਨਾਅਰਿਆਂ ਦੇ ਚੱਲਦਿਆਂ ਆਈਆਂ ਹਨ। ਇਸਦੇ ਚੱਲਦਿਆਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਕਜੁੱਟ ਹੈ।

