13 ਹਜ਼ਾਰ ਤੋਂ ਵੱਧ ਪੰਚਾਇਤਾਂ ਦੀ ਹੋਵੇਗੀ ਚੋਣ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪੰਚਾਇਤੀ ਚੋਣਾਂ 15 ਅਕਤੂਬਰ 2024 ਦਿਨ ਮੰਗਲਵਾਰ ਨੂੰ ਹੋਣ ਜਾ ਰਹੀਆਂ ਹਨ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾ ਸਕਣਗੀਆਂ । ਇਸ ਸਬੰਧੀ ਐਲਾਨ ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤਾ ਹੈ। ਇਸਦੇ ਨਾਲ ਹੀ ਅੱਜ ਬੁੱਧਵਾਰ ਤੋਂ ਹੀ ਪੰਜਾਬ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਇਸਦੇ ਚੱਲਦਿਆਂ 27 ਸਤੰਬਰ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸੇ ਦਿਨ ਤੋਂ ਹੀ ਉਮੀਦਵਾਰ ਨਾਮਜ਼ਦਗੀ ਫਾਰਮ ਭਰ ਸਕਣਗੇ। ਨਾਮਜ਼ਦਗੀਆਂ ਭਰਨ ਦਾ 4 ਅਕਤੂਬਰ ਨੂੰ ਆਖਰੀ ਦਿਨ ਹੋਵੇਗਾ।
ਰਾਜ ਕਮਲ ਚੌਧਰੀ ਨੇ ਦੱਸਿਆ ਕਿ ਪੰਜਾਬ ਵਿਚ 13,237 ਪੰਚਾਇਤਾਂ ਹਨ ਅਤੇ ਇਨ੍ਹਾਂ ਚੋਣਾਂ ਲਈ ਪੰਜਾਬ ਵਿਚ 19,110 ਬੂਥ ਬਣਾਏ ਜਾਣਗੇ। ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣਗੀਆਂ। ਸਰਪੰਚ ਦੀ ਚੋਣ ਲਈ 38 ਅਤੇ ਪੰਚ ਦੀ ਚੋਣ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਬੈਲਟ ਪੇਪਰ ਵਿਚ ਨੋਟਾ ਵੀ ਰੱਖਿਆ ਗਿਆ ਹੈ। ਸਰਪੰਚ ਦੀ ਚੋਣ ਲਈ 40 ਹਜ਼ਾਰ ਰੁਪਏ ਤੇ ਪੰਚ ਦੀ ਚੋਣ ਵਾਸਤੇ ਉਮੀਦਵਾਰਾਂ ਲਈ ਖਰਚੇ ਦੀ ਲਿਮਟ 30 ਹਜ਼ਾਰ ਰੁਪਏ ਰੱਖੀ ਗਈ ਹੈ।