ਸੋਹਣ ਸਿੰਘ ਪੂੰਨੀ
ਕੈਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਵਿੱਚ ਰਹਿਣ ਵਾਲ਼ੇ ਗਦਰ ਪਾਰਟੀ ਦੇ ਯੋਧੇ ਦੇਸ਼ ਦੀ ਆਜ਼ਾਦੀ ਲਈ ਉਦੋਂ ਹਥਿਆਰ ਚੁੱਕ ਕੇ ਲੜੇ ਸਨ ਜਦੋਂ ਸਾਰੇ ਦਾ ਸਾਰਾ ਹਿੰਦੁਸਤਾਨ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਛਾਤੀ ਨਾਲ਼ ਲਾਈ ਘੂਕ ਸੁੱਤਾ ਪਿਆ ਸੀ ਤੇ ਉਸ ਦੇ ਵੱਡੇ ਵੱਡੇ ਨੇਤਾ ਨਿੱਕਿਆਂ-ਨਿੱਕਿਆਂ ਸੁਧਾਰਾਂ ਲਈ ਅੰਗਰੇਜ਼ਾਂ ਤੋਂ ਭੀਖ ਮੰਗਦੇ ਫਿਰਦੇ ਸਨ। ਹਥਿਆਰ ਚੁੱਕ ਕੇ ਲੜਨਾ ਤਾਂ ਦੂਰ ਦੀ ਗੱਲ ਰਹੀ, ਉਹ ਦੇਸ਼ ਲਈ ਆਜ਼ਾਦੀ ਮੰਗਣ ਦਾ ਹੌਸਲਾ ਤੱਕ ਨਹੀਂ ਸੀ ਕਰ ਸਕਦੇ। ਉਹ ਸਿਰਫ ‘ਅੰਦਰੂਨੀ ਖੁਦਮੁਖਤਿਆਰੀ’ ਮੰਗਦੇ ਸਨ, ਉਹ ਵੀ ਡਰਦਿਆਂ ਡਰਦਿਆਂ।
ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਵਾਲ਼ੀ ਗਦਰ ਪਾਰਟੀ ਵਿਚ ਇਸ ਤਰ੍ਹਾਂ ਦੇ ਯੋਧੇ ਵੀ ਹੋਏ ਨੇ ਜਿਨ੍ਹਾਂ ਦਾ ਕੋਈ ਨਾਂ ਤੱਕ ਨਹੀਂ ਜਾਣਦਾ।
ਇਸ ਤਰ੍ਹਾਂ ਦਾ ਹੀ ਇਕ ਗਦਰੀ ਯੋਧਾ ‘ਬੜੇ ਪਿੰਡ’ ਦਾ ਬਸਾਵਾ ਸਿੰਘ ਹੋਇਆ ਹੈ। ਹੋਰ ਤਾਂ ਹੋਰ, ‘ਬੜੇ ਪਿੰਡ’ ਦੇ ਲੋਕਾਂ ਨੂੰ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਪਿੰਡ ਦਾ ਬਸਾਵਾ ਸਿੰਘ ਨਾਂ ਦਾ ਕੋਈ ਗਦਰੀ ਵੀ ਹੋਇਆ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰੀ ਸੀ।
ਇਸ ਲਈ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਲੋਕਾਂ ਨੂੰ ਤਾਂ ਇਹ ਦੱਸਿਆ ਹੀ ਨਹੀਂ ਗਿਆ ਕਿ ਆਜ਼ਾਦੀ ਸਿਰਫ ਸ਼ਾਂਤਮਈ ਤਰੀਕਿਆਂ ਨਾਲ਼ ਹੀ ਨਹੀਂ ਮਿਲ ਗਈ, ਸਿਰ ਦੇਣੇ ਪਏ ਨੇ ਇਸ ਲਈ, ਸਿਰ! ਕਸੂਰ ਲੋਕਾਂ ਦਾ ਨਹੀਂ, ਸਰਕਾਰਾਂ ਦਾ ਹੈ ਜਾਂ ਡਰੂ ਤੇ ਮੌਕਾ-ਪ੍ਰਸਤ ਇਤਿਹਾਸਕਾਰਾਂ ਦਾ ਹੈ।
ਫਗਵਾੜੇ ਤੋਂ ਪੰਦਰਾਂ-ਸੋਲ਼ਾਂ ਕਿਲੋਮੀਟਰ ਦੱਖਣ ਵੱਲ, ਗੁਰਾਇਆ ਨੇੜੇ ਜ਼ਿਲ੍ਹਾ ਜਲੰਧਰ ਦਾ ਮਸ਼ਹੂਰ ਪਿੰਡ ‘ਬੜਾ ਪਿੰਡ’ ਹੈ। ਇਸ ਪਿੰਡ ਵਿਚ ਬਹੁ-ਗਿਣਤੀ ਸਹੋਤਾ ਗੋਤ ਦੇ ਜੱਟਾਂ ਦੀ ਹੈ। ਇਸ ਪਿੰਡ ਦੇ ਲੋਕਾਂ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ (ਮੇਰੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਪੜ੍ਹਨ ਸਮੇਂ ਕਾਲਜ ਦੇ ਪ੍ਰਿੰਸੀਪਲ ਜਗਜੀਤ ਸਿੰਘ ‘ਰਾਂਝਾ’ ਬੜੇ ਪਿੰਡ ਦੇ ਹੀ ਸਨ)। ਬਸਾਵਾ ਸਿੰਘ ਦਾ ਜਨਮ ਵੀ ‘ਬੜੇ ਪਿੰਡ’ ਵਿੱਚ ਹੀ ਹੋਇਆ ਸੀ।
ਬਸਾਵਾ ਸਿੰਘ ਦਾ ਬਾਪ ਝੰਡਾ ਸਿੰਘ ਸਹੋਤਾ ਥੋੜ੍ਹੀ ਜ਼ਮੀਨ ਵਾਲ਼ਾ ਗਰੀਬ ਕਿਸਾਨ ਸੀ। ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ਼ ਚੱਲਦਾ ਸੀ। ਅੰਗਰੇਜ਼ ਸਰਕਾਰ ਦੀ ਨੀਤੀ ਕਾਰਨ ਉਸ ਜ਼ਮਾਨੇ ‘ਚ ਪਿੰਡਾਂ ਦੇ ਆਮ ਮੁੰਡਿਆਂ ਲਈ ਫੌਜ ਹੀ ਨੌਕਰੀ ਦਾ ਇੱਕੋ-ਇੱਕ ਵਸੀਲਾ ਹੁੰਦਾ ਸੀ। ਗਰੀਬੀ ਕਰਕੇ ਬਸਾਵਾ ਸਿੰਘ ਫੌਜ ਵਿੱਚ ਭਰਤੀ ਹੋ ਗਏ। ਆਪ ਨੇ ਕੁੱਝ ਸਾਲ 92ਵੀਂ ਪੰਜਾਬ ਰਜਮੈਂਟ ਵਿੱਚ ਗਰੰਥੀ ਵਜੋਂ ਸੇਵਾਵਾਂ ਨਿਭਾਈਆਂ।
ਭਾਈ ਬਸਾਵਾ ਸਿੱਖ ਸਨ, ਗੁਰੂ ਸਾਹਿਬ ਦੇ ਅਸਲੀ ਸਿਖ ਜੋ ਹੱਕ-ਸੱਚ ਲਈ ਖੜ੍ਹਨਾ, ਲੜਨਾ ਤੇ ਮਰਨਾ ਜਾਣਦੇ ਸਨ।
ਉਹ ਇਹ ਗੱਲ ਭਲੀ ਭਾਂਤ ਸਮਝਦੇ ਸਨ ਕਿ ਅੰਗਰੇਜ਼ਾਂ ਨੇ ਸਿੱਖਾਂ ਤੋਂ ਉਨ੍ਹਾਂ ਦਾ ਰਾਜ ਧੋਖੇ ਨਾਲ਼ ਖੋਹਿਆ ਸੀ। ਉਹ ਸਿੱਖ ‘ਸਰਦਾਰਾਂ’ ਵੱਲੋਂ ਕੀਤੀ ਗਦਾਰੀ ਨੂੰ ਵੀ ਸਮਝਦੇ ਸਨ। ਉਹ ਜਾਣਦੇ ਸਨ ਕਿ ਬਹੁਤੇ ਸਿੱਖ ‘ਸਰਦਾਰਾਂ’ ਨੂੰ ਸਿੱਖੀ ਨਾਲ਼ੋਂ, ਲੋਕਾਂ ਨਾਲ਼ੋਂ, ਸਿੱਖ ਰਾਜ ਨਾਲੋਂ ਆਪਣੀਆਂ ਜਾਗੀਰਾਂ ਜ਼ਿਆਦਾ ਪਿਆਰੀਆਂ ਸਨ। ਉਹ ਸਰਦਾਰ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦਾ ਚਾਚਾ) ਹੋਰਾਂ ਵੱਲੋਂ ਚਲਾਈ 1907 ਵਾਲ਼ੀ ‘ਪਗੜੀ ਸੰਭਾਲ ਜੱਟਾ’ ਲਹਿਰ ਤੋਂ ਵੀ ਬਹੁਤ ਪ੍ਰਭਾਵਿਤ ਸਨ। ਉਹ ਅੰਗਰੇਜ਼ੀ ਰਾਜ ਨੂੰ ਨਫਰਤ ਕਰਦੇ ਸਨ। ਉਹ ਫੌਜ ਦੇ ਜਵਾਨਾਂ ਵਿਚ ਅੰਗਰੇਜ਼ੀ ਰਾਜ ਵਿਰੁੱਧ ਪ੍ਰਚਾਰ ਕਰਿਆ ਕਰਦੇ ਸਨ।
ਆਪ ਫੌਜ ਦੇ ਜਵਾਨਾਂ ਨੂੰ ਦੱਸਿਆ ਕਰਦੇ ਸਨ ਕਿ ਅੰਗਰੇਜ਼ ਸਰਕਾਰ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ‘ਤੇ ਚੱਲ ਰਹੀ ਸੀ। ਉਹ ਸਿੱਖਾਂ ਨੂੰ ਮੁਸਲਮਾਨਾਂ ਵਿਰੁੱਧ ਲੜਾ ਰਹੀ ਸੀ ਤੇ ਮੁਸਲਮਾਨਾਂ ਨੂੰ ਸਿੱਖਾਂ ਤੇ ਹਿੰਦੂਆਂ ਵਿਰੁੱਧ।
ਆਪ ਫੌਜ ਦੇ ਜਵਾਨਾਂ ਨੂੰ ਇਹ ਵੀ ਦੱਸਦੇ ਸਨ ਕਿ ਬਾਹਰਲੇ ਮੁਲਕਾਂ ਦੇ ਲੋਕ ਸਿੱਖਾਂ ਨੂੰ ਗੁਲਾਮੀ ਦੀ ਪਲੇਗ ਫੈਲਾਉਣ ਵਾਲ਼ੇ ਚੂਹੇ ਸੱਦਦੇ ਸਨ ਕਿਉਂਕਿ ਉਨ੍ਹਾਂ ਨੇ ਬਹੁਤ ਸਾਰੇ ਮੁਲਕਾਂ ਨੂੰ ਅੰਗਰੇਜ਼ਾਂ ਦੇ ਗੁਲਾਮ ਬਣਾਇਆ ਸੀ। ਆਪ ਇਨ੍ਹਾਂ ਜਵਾਨਾਂ ਨੂੰ ਕਹਿੰਦੇ ਕਿ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਤਾਂ ਗਰੀਬਾਂ, ਮਜ਼ਲੂਮਾਂ ਤੇ ਨਿਹੱਥਿਆਂ ਦੀ ਮੱਦਦ ਕਰਨ ਲਈ ਤੇ ਜ਼ਾਲਮਾਂ ਦਾ ਨਾਸ਼ ਕਰਨ ਲਈ ਸੀ:
”ਖਾਲਸਾ ਸੋ ਜੋ ਨਿਰਧਨ ਕੋ ਪਾਲੈ
ਖਾਲਸਾ ਸੋ ਜੋ ਦੁਸ਼ਟ ਕੋ ਗਾਲੈ।”
ਇਸ ਲਈ ਅੰਗਰੇਜ਼ਾਂ ਵਾਸਤੇ ਲੜਨਾ ਸਿੱਖੀ ਅਸੂਲਾਂ ਦੇ ਵਿਰੁੱਧ ਸੀ। ਭਾਈ ਬਸਾਵਾ ਸਿੰਘ ਵੱਲੋਂ ਕੀਤੇ ਜਾਂਦੇ ਇਸ ਪ੍ਰਚਾਰ ਦਾ ਪਤਾ ਲੱਗਣ ‘ਤੇ ਅੰਗਰੇਜ਼ ਅਫਸਰਾਂ ਨੇ ਆਪ ਨੂੰ ਫੌਜ ਵਿੱਚੋਂ ਕੱਢ ਦਿੱਤਾ।
ਫੌਜ ‘ਚੋਂ ਕੱਢੇ ਜਾਣ ਬਾਅਦ ਉਹ ਉੱਤਰੀ ਸਿਆਮ (ਥਾਈਲੈਂਡ) ਵਿਚ ਚਿੰਗਮਈ ਦੇ ਗੁਰਦੁਆਰੇ ਦੇ ਗਰੰਥੀ ਬਣ ਕੇ ਗਏ।
ਕੈਨੇਡਾ-ਅਮਰੀਕਾ ਦੇ ਹਿੰਦੁਸਤਾਨੀਆ ਨੇ ਹਥਿਆਰਾਂ ਦੇ ਜ਼ੋਰ ਅੰਗਰੇਜ਼ਾਂ ਨੂੰ ਹਿੰਦੁਸਤਾਨ ‘ਚੋਂ ਕੱਢ ਕੇ ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਦੇ ਇਰਾਦੇ ਨਾਲ਼ 2 ਜੂਨ 1913 ਨੂੰ ਗਦਰ ਪਾਰਟੀ ਬਣਾਈ ਸੀ ਅਤੇ ਪਹਿਲੀ ਨਵੰਬਰ 1913 ਤੋਂ ਸਾਨਫਰਾਂਸਿਸਕੋ ਤੋਂ ‘ਗਦਰ’ ਅਖਬਾਰ ਕੱਢਣਾ ਸ਼ੁਰੂ ਕੀਤਾ ਸੀ। ਭਾਈ ਬਸਾਵਾ ਸਿੰਘ ਸਾਨਫਰਾਂਸਿਸਕੋ ਤੋਂ ਇਹ ਅਖਬਾਰ ਮੰਗਵਾਇਆ ਕਰਦੇ ਸਨ ਤੇ ਚਿੰਗਮਈ ਦੇ ਗੁਰਦੁਆਰੇ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਕਰਦੇ ਸਨ। ਭਾਈ ਬਸਾਵਾ ਸਿੰਘ ਦੇ ਯਤਨਾਂ ਸਦਕਾ ਚਿੰਗਮਈ ਵਿਚ ਗਦਰ ਪਾਰਟੀ ਦੀ ਬਰਾਂਚ ਕਾਇਮ ਹੋ ਚੁੱਕੀ ਸੀ ਤੇ ਆਪ ਇਸਦੇ ਲੀਡਰ ਸਨ। ਗਦਰ ਪਾਰਟੀ ਦੀ ਮੱਦਦ ਲਈ ਆਪ ਲੋਕਾਂ ਤੋਂ ਫੰਡ ਵੀ ਇਕੱਠਾ ਕਰਿਆ ਕਰਦੇ ਸਨ।
4 ਅਗਸਤ 1914 ਨੂੰ ਸੰਸਾਰ ਯੁੱਧ ਸੂਰੂ ਹੋ ਗਿਆ ਸੀ। ਗਦਰ ਪਾਰਟੀ ਨੂੰ ਬਣਿਆਂ ਹਾਲਾਂ ਸਿਰਫ 14 ਮਹੀਨੇ ਹੋਏ ਸਨ ਤੇ ਗਦਰ ਅਖਬਾਰ ਨਿਕਲ਼ਦੇ ਨੂੰ 9 ਮਹੀਨੇ। ਗਦਰ ਪਾਰਟੀ ਦੀਆਂ ਗਦਰ ਕਰਨ ਲਈ ਹਾਲਾਂ ਤਿਆਰੀਆਂ ਮੁਕੰਮਲ ਨਹੀਂ ਸਨ। ਪਰ ਦੁਸ਼ਮਣ ਕਸੂਤਾ ਫਸਿਆ ਦੇਖ ਗਦਰ ਪਾਰਟੀ ਨੇ ਗਦਰ ਮਚਾਉਣ ਦਾ ਐਲਾਨ ਕਰ ਦਿੱਤਾ।
”ਦੁਸ਼ਮਣ ਸਾਡਾ ਯੂਰਪ ਦੇ ਵਿੱਚ ਫਸਿਆ ਫਾਹੀ ਡਾਢੀ ਹੈ।
ਜਰਮਨ ਸ਼ੇਰ ਖੜ੍ਹਾ ਹੈ ਘੇਰੀ ਹੁਣ ਤਾਂ ਢਿੱਲ ਅਸਾਡੀ ਹੈ।
ਹੱਥੋ-ਹੱਥੀ ਫੜ ਲਓ ਸ਼ੇਰੋ ਵੇਲਾ ਢਿੱਲ ਨਾ ਲਾਵਨ ਦਾ।
ਆਓ ਸ਼ੇਰੋ ਗਦਰ ਮਚਾਈਏ ਮੌਕਾ ਨਹੀਂ ਖੁੰਜਾਵਨ ਦਾ।”
ਗਦਰ ਪਾਰਟੀ ਦੇ ਸੱਦੇ ‘ਤੇ ਕਨੇਡਾ, ਅਮਰੀਕਾ ਤੇ ਹੋਰ ਬਾਹਰਲੇ ਦੇਸ਼ਾਂ ਤੋਂ ਹਜ਼ਾਰਾਂ ਗਦਰੀ ਦੇਸ਼ ਆਜ਼ਾਦ ਕਰਵਾਉਣ ਲਈ ਹਿੰਦੁਸਤਾਨ ਪਹੁੰਚੇ।
ਗਦਰ ਪਾਰਟੀ ਦੀ ਬਰਮਾ-ਸਿਆਮ ਪਲੈਨ:
ਇਸ ਪਲੈਨ ਅਨੁਸਾਰ ਸਿਆਮ ਤੇ ਧੁਰ-ਪੂਰਬ ਦੇ ਦੇਸ਼ਾਂ ਵਿਚ ਰਹਿੰਦੇ ਗਦਰ ਪਾਰਟੀ ਦੇ ਹਮਦਰਦ ਹਿੰਦੁਸਤਾਨੀਆਂ ਨੂੰ ਸਿਆਮ ਵਿਚ ਇਕੱਠੇ ਕੀਤਾ ਜਾਣਾ ਸੀ। ਸਿਆਮ ਵਿਚ, ਜਰਮਨ ਰੇਲ ਗੱਡੀ ਦੀ ਲਾਈਨ ਕੱਢ ਰਹੇ ਸਨ। ਜਰਮਨ ਫੌਜੀ ਅਫਸਰਾਂ ਨੇ ਇਨ੍ਹਾਂ ਹਿੰਦੁਸਤਾਨੀਆਂ ਨੂੰ ਲੜਾਈ ਦੀ ਟਰੇਨਿੰਗ ਦੇਣੀ ਸੀ। ਜਰਮਨੀ ਵੱਲੋਂ ਸਪਲਾਈ ਕੀਤੇ ਹਥਿਆਰਾਂ ਨਾਲ਼ ਇਨ੍ਹਾਂ ਗਦਰੀਆਂ ਨੂੰ ਹਥਿਆਰਬੰਦ ਕੀਤਾ ਜਾਣਾ ਸੀ। ਸਿਆਮ ਵਿਚ ਫੌਜੀ ਸਿੱਖਿਆ ਪਰਾਪਤ ਕਰਕੇ ਇਨ੍ਹਾਂ ਗਦਰੀਆਂ ਨੇ ਬਰਮਾ ‘ਤੇ ਹਮਲਾ ਕਰਨਾ ਸੀ। ਬਰਮਾ ਉਦੋਂ ਅੰਗਰੇਜ਼ਾਂ ਨੇ ਪ੍ਰਬੰਧਕੀ ਸੌਖ ਲਈ ਹਿੰਦੁਸਤਾਨ ਨਾਲ਼ ਮਿਲ਼ਾਇਆ ਹੋਇਆ ਸੀ। ਉੱਥੋਂ ਬਹੁਤੀਆਂ ਫੌਜਾਂ ਲੜਾਈ ਵਿਚ ਹਿੱਸਾ ਲੈਣ ਲਈ ਯੂਰਪ ਨੂੰ ਜਾ ਚੁੱਕੀਆਂ ਸਨ। ਬਰਮਾ ਵਿਚ ਪੰਦਰਾਂ ਹਜ਼ਾਰ ਪੁਲਿਸ ਸੀ ਜਿਸ ਵਿਚ ਪੰਜਾਬ ਦੇ ਜੱਟ ਭਰਤੀ ਕੀਤੇ ਹੋਏ ਸਨ ਜੋ ਮਜ਼ਹਬੋਂ ਸਿੱਖ ਜਾਂ ਮੁਸਲਮਾਨ ਸਨ। ਅੰਗਰੇਜ਼ਾਂ ਨੇ ਉੱਥੇ ਆਪਣਾ ਦਬ-ਦਬਾਅ ਕਾਇਮ ਰੱਖਣ ਲਈ ਇਨ੍ਹਾਂ ਜੱਟਾਂ ਨੂੰ ਫੌਜੀ ਹਥਿਆਰ ਦੇ ਕੇ ਮਿਲਟਰੀ ਪੁਲਿਸ ਬਣਾਇਆ ਹੋਇਆ ਸੀ। ਗਦਰੀ ਲੀਡਰਾਂ ਨੇ ਬਰਮਾ ਦੀ ਇਸ ਮਿਲਟਰੀ ਪੁਲਿਸ ਵਿਚ ਪ੍ਰਚਾਰ ਕਰਕੇ ਉਸ ਨੂੰ ਆਪਣੇ ਨਾਲ਼ ਗੰਢਣਾ ਸੀ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਉਹ ਸਿਆਮ ‘ਚੋਂ ਬਰਮਾ ਤੇ ਹਮਲਾ ਕਰਨ ਵਾਲ਼ੀ ਗਦਰੀ ਫੌਜ ਦਾ ਸਾਥ ਦੇਵੇ। ਇਸ ਤਰ੍ਹਾਂ ਸਿਆਮ ਵਿਚਲੀ ਗਦਰੀ ਫੌਜ ਅਤੇ ਬਰਮਾ ਦੀ ਮਿਲਟਰੀ ਪੁਲਿਸ ਦੀ ਮੱਦਦ ਨਾਲ਼ ਬਰਮਾ ‘ਤੇ ਕਬਜ਼ਾ ਕੀਤਾ ਜਾਣਾ ਸੀ। ਬਰਮਾ ਨੂੰ ਅੱਡਾ ਬਣਾ ਕੇ ਫੇਰ ਅੱਗੇ ਹਿੰਦੁਸਤਾਨ ‘ਤੇ ਹਮਲਾ ਕਰਨਾ ਸੀ।
ਗਦਰ ਪਾਰਟੀ ਦੀ ਸਿਆਮ-ਬਰਮਾ ਪਲੈਨ ਦੀ ਕਮਾਂਡ ਅਮਰੀਕਾ ਤੋਂ ਗਏ ਸੋਹਣ ਲਾਲ ਪਾਠਕ, ਬਾਬੂ ਹਰਨਾਮ ਸਿੰਘ ਸਾਹਰੀ ਅਤੇ ਭਾਈ ਸੰਤੋਖ ਸਿੰਘ ਧਰਦਿਓ ਵਰਗੇ ਗਦਰੀ ਲੀਡਰਾਂ ਦੇ ਹੱਥ ਸੀ (ਅਮਰੀਕਾ ਦੇ ਗਦਰੀਆਂ ਬਾਰੇ ਵੇਰਵੇ ਨਾਲ਼ ਜਾਨਣ ਲਈ ਲੇਖਕ ਦੀ ਛਪ ਰਹੀ ਕਿਤਾਬ ‘ਅਮਰੀਕਾ ਦੇ ਗਦਰੀ ਯੋਧੇ’ ਪੜ੍ਹੋ)। ਮਾਰਚ (1915) ਦੇ ਸ਼ੁਰੂ ਵਿਚ ਸੋਹਣ ਲਾਲ ਪਾਠਕ ਅਤੇ ਬਾਬੂ ਹਰਨਾਮ ਸਿੰਘ ਸਾਹਰੀ ਸਰਹੱਦ ਪਾਰ ਕਰਕੇ ਸਿਆਮ ਤੋਂ ਬਰਮਾ ਵਿਚ ਰੰਗੂਨ ਪੁੱਜ ਗਏ। ਇਸ ਤੋਂ ਜਲਦੀ ਬਾਅਦ ਗਦਰ ਪਾਰਟੀ ਦੇ ਜਨਰਲ ਸਕੱਤਰ ਭਾਈ ਸੰਤੋਖ ਸਿੰਘ ਧਰਦਿਓ ਵੀ ਆਪ ਕੋਲ਼ ਰੰਗੂਨ ਪੁੱਜ ਗਏ।
ਰੰਗੂਨ ਵਿਚ ਗਦਰ ਪਾਰਟੀ ਦੀ ਬਰਾਂਚ ਨੂੰ ਸਰਗਰਮ ਤੇ ਮਜ਼ਬੂਤ ਬਣਾ ਕੇ ਪੰਡਤ ਸੋਹਣ ਲਾਲ ਪਾਠਕ, ਬਾਬੂ ਹਰਨਾਮ ਸਿੰਘ ਸਾਹਰੀ ਅਤੇ ਭਾਈ ਸੰਤੋਖ ਸਿੰਘ ਉੱਤਰੀ ਬਰਮਾ ਵੱਲ ਚਲੇ ਗਏ। ਉੱਥੇ ਇਨ੍ਹਾਂ ਨੇ ਮਾਂਡਲੇ, ਮੇਮਿਉ, ਪਯਾਬੋਈ ਆਦਿ ਛਾਉਣੀਆਂ ਦੀ ਫੌਜ ਅਤੇ ਪੁਲਿਸ ਵਿਚ ਗਦਰ ਦਾ ਪ੍ਰਚਾਰ ਕੀਤਾ। ਸੋਹਣ ਲਾਲ ਹੋਰੀਂ ਫੌਜਾਂ ਵਿਚ ਗਦਰੀ ਸਾਹਿਤ ਅਤੇ ਮੁਸਲਮਾਨ ਫੌਜੀਆਂ ਵਿਚ ਤੁਰਕੀ ਦੇ ਖਲੀਫੇ ਵੱਲੋਂ ਜਾਰੀ ਕੀਤਾ ‘ਫਤਵਾ’ ਵੰਡਿਆ ਜਿਸ ਵਿਚ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਅੰਗਰੇਜ਼ਾਂ ਵਿਰੁਧ ਲੜਨੇ ਨੂੰ ਆਖਿਆ ਗਿਆ ਸੀ। ਅਮਰੀਕਾ ਤੋਂ ਗਏ ਇਨ੍ਹਾਂ ਗਦਰੀਆਂ ਨੂੰ ਹਿੰਦੁਸਤਾਨ ਵਿਚ ਫਰਵਰੀ 1915 ਦੇ ਗਦਰ ਦੇ ਫੇਲ੍ਹ ਹੋਣ ਦੀ ਖਬਰ ਬਰਮਾ ਵਿਚ ਮਿਲ਼ ਗਈ। ਪਰ ਇਨ੍ਹਾਂ ਹੌਸਲਾ ਨਾ ਹਾਰਿਆ। ਇਨਕਲਾਬ ਦੇ ਕੰਮ ਨੂੰ ਮੁੜ ਜਥੇਬੰਦ ਕਰਨ ਦੇ ਇਰਾਦੇ ਨਾਲ਼ ਸੋਹਣ ਲਾਲ ਤੇ ਭਾਈ ਸੰਤਖ ਸਿੰਘ ਉੱਤਰੀ ਬਰਮਾ ਤੋਂ ਸਿਆਮ ਨੂੰ ਚਲੇ ਗਏ। ਬਾਬੂ ਹਰਨਾਮ ਸਿੰਘ ਪਾਰਟੀ ਦੀ ਅਗਵਾਈ ਕਰਨ ਲਈ ਰੰਗੂਨ ਨੂੰ ਵਾਪਸ ਮੁੜ ਗਏ।
ਅਪ੍ਰੈਲ, 1915 ਵਿਚ ਗਦਰ ਪਾਰਟੀ ਦਾ ਮੈਂਬਰ ਚਾਲੀਆ ਰਾਮ, ਜੋ ਕਿ ਪਿੱਛੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਬ੍ਰਾਹਮਣ ਪਰਿਵਾਰ ਦਾ ਮੁੰਡਾ ਸੀ ਤੇ 12-13 ਸਾਲ ਤੋਂ ਸਿਆਮ ਵਿਚ ਰਹਿ ਰਿਹਾ ਸੀ, ਗਦਰੀ ਸਾਹਿਤ ਦਾ ਬੰਡਲ ਸਿਆਮ ਤੋਂ ਬਰਮਾ ਨੂੰ ਲਿਜਾਂਦਾ ਫੜਿਆ ਗਿਆ। ਇਸ ਤੋਂ ਪੁਲਿਸ ਨੂੰ ਗਦਰੀਆਂ ਦੀ ਸਿਆਮ-ਬਰਮਾ ਪਲੈਨ ਦਾ ਪਤਾ ਲੱਗ ਗਿਆ। ਬਰਮਾ ‘ਚ ਗਦਰੀਆਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਰੰਗੂਨ ਵਿਚ ਛਾਪੇ ਪੈਣ ਲੱਗੇ। ਬਹੁਤ ਸਾਰੇ ਗਦਰੀ ਪਕੜੇ ਗਏ। 24 ਅਪਰੈਲ ਨੂੰ ਕਨੇਡਿਓਂ ਗਏ ਕਪੂਰ ਸਿੰਘ ਮੋਹੀ ਤੇ ਹਰਦਿੱਤ ਸਿੰਘ ਲੰਮੇ ਜੱਟਪੁਰਾ ਪਕੜੇ ਗਏ। 29 ਅਪਰੈਲ ਨੂੰ ਬਾਬੂ ਹਰਨਾਮ ਸਿੰਘ ਸਾਹਰੀ ਬਰਮਾ ਵੱਲੋਂ ਸਿਆਮ ਨੂੰ ਜਾਂਦੇ ਸਰਹੱਦ ‘ਤੇ ਪਕੜੇ ਗਏ। ਗਦਰ ਪਾਰਟੀ ਵਾਸਤੇ ਇਹ ਬੜੀ ਭਾਰੀ ਸੱਟ ਸੀ। ਬਰਮਾ ਵਿਚ ਹੋਈਆਂ ਇਨ੍ਹਾਂ ਗ੍ਰਿਫਤਾਰੀਆਂ ਨਾਲ ਸਿਆਮ ‘ਚੋਂ ਗਦਰ ਪਾਰਟੀ ਨਾਲ਼ ਜੁੜੇ ਬਹੁਤ ਸਾਰੇ ਗਦਰੀ ਘਬਰਾ ਗਏ। ਪਰ ਇਸ ਮੌਕੇ ਭਾਈ ਬਸਾਵਾ ਸਿੰਘ ਬਿਲਕੁਲ ਨਾ ਡੋਲੇ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਸਰਗਰਮੀ ਨਾਲ਼ ਗਦਰ ਲਈ ਕੰਮ ਕਰਨ ਲੱਗੇ।
”ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ।”
ਸੋਹਣ ਲਾਲ ਪਾਠਕ ਸਿਆਮ ਤੋਂ ਵਾਪਸ ਬਰਮਾ ਵਿਚ ਜਾ ਕੇ ਗਦਰ ਲਈ ਕੰਮ ਕਰਨਾ ਚਾਹੁੰਦਾ ਸੀ। ਭਾਈ ਬਸਾਵਾ ਸਿੰਘ ਨੇ ਆਪਣੇ ਰਾਸੂਖ ਨਾਲ਼ ਪੰਜ ਗਦਰੀ ਸੋਹਣ ਲਾਲ ਪਾਠਕ ਨਾਲ਼ ਸਿਆਮ ਤੋਂ ਬਰਮਾ ਨੂੰ ਜਾਣ ਲਈ ਤਿਆਰ ਕਰ ਦਿੱਤੇ। ਇਹ ਗਦਰੀ ਸਨ: ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਅਤੇ ਸੰਗਤਪੁਰਾ ਦੇ ਪਾਲਾ ਸਿੰਘ ਅਤੇ ਨਿਰੰਜਨ ਸਿੰਘ (ਗਦਰੀ ਨਿਰੰਜਨ ਸਿੰਘ ਦੇ ਪਿੰਡ ਸੰਗਤਪੁਰਾ ਨੂੰ ਲੋਕ ਆਮ ਤੌਰ ਤੇ ‘ਢੈਪਈ’ ਦੇ ਨਾਂ ਨਾਲ਼ ਜਾਣਦੇ ਹਨ। ਨਿਰੰਜਨ ਸਿੰਘ ਦਾ ਬਾਪ ਜਵਾਲਾ ਸਿੰਘ ਸਿੱਧੂ ਚੰਗੇ ਗੁਜ਼ਾਰੇ ਵਾਲ਼ਾ ਖਾਂਦਾ-ਪੀਂਦਾ ਕਿਸਾਨ ਸੀ। ਉਹਨੇ ਆਪਣੇ ਪੁੱਤਰ ਨਿਰੰਜਨ ਸਿੰਘ ਨੂੰ ਪੜ੍ਹਾਇਆ ਸੀ। ਨਿਰੰਜਨ ਸਿੰਘ ਦਾ ਵਿਆਹ ਸਕੂਲ ‘ਚ ਪੜ੍ਹਦਿਆਂ ਹੀ ਚੌਕੀਮਾਨ ਨੇੜੇ ‘ਸਵੱਦੀ’ ਦੀ ਇੰਦ ਕੌਰ ਨਾਲ਼ ਹੋ ਗਿਆ ਸੀ। ਸਿਆਮ ਜਾਣ ਤੋਂ ਪਹਿਲਾਂ ਆਪ ਬਚਨ ਕੌਰ ਨਾਂ ਦੀ ਬੇਟੀ ਦੇ ਬਾਪ ਚੁੱਕੇ ਬਣ ਸਨ। ਨਿਰੰਜਨ ਸਿੰਘ ਦੀ ਸਿਆਮ ਵਿਚ ਸ਼ੇਰਪੁਰ ਦੇ ਪਾਲਾ ਸਿੰਘ ਨਾਲ਼ ਗੂੜ੍ਹੀ ਦੋਸਤੀ ਸੀ ਤੇ ਇਕੱਠੇ ਹੀ ਕੰਮ ਕਰਿਆ ਕਰਦੇ ਸਨ। ਦੋਨੋਂ ਹੀ ਸਿਆਮ ਵਿਚ ਜਰਮਨਾ ਵਲੋਂ ਕੱਢੀ ਜਾ ਰਹੀ ਨਵੀਂ ਰੇਲਵੇ ਲਾਈਨ ‘ਤੇ ਓਵਰਸੀਅਰ ਲੱਗੇ ਹੋਏ ਸਨ)। ਰਿਆਸਤ ਪਟਿਆਲਾ ਦੇ ਪਿੰਡ ‘ਬਾਲੋ’ ਦਾ ਨਰੈਣ ਸਿੰਘ, ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ‘ਫਿਲੋਕੇ’ ਦੇ ਜੀਵਨ ਸਿੰਘ ਅਤੇ ਲਛਮਣ ਸਿੰਘ। ਸਿਆਮ ਤੋਂ ਬਰ੍ਹਮਾ ਨੂੰ ਤੁਰਨ ਤੋਂ ਪਹਿਲਾਂ ਇਨ੍ਹਾਂ ਗਦਰੀਆਂ ਦੀ ਕਾਮਯਾਬੀ ਲਈ ਭਾਈ ਬਸਾਵਾ ਸਿੰਘ ਨੇ ਚਿੰਗਮਈ ਦੇ ਗੁਰਦੁਆਰੇ ਅਖੰਡ ਪਾਠ ਕਰਵਾਇਆ।
ਆਖਰ ਭਾਈ ਬਸਾਵਾ ਸਿੰਘ ਵੱਲੋਂ ਭੇਜੇ ਇਹ ਪੰਜ ਗਦਰੀ ਤੇ ਸੋਹਣ ਲਾਲ ਪਾਠਕ ਬਰਮਾ ਵਿਚ ਦਾਖਲ ਹੋਏ। ਬਸਾਵਾ ਸਿੰਘ ਵਲੋਂ ਭੇਜੇ ਇਨ੍ਹਾਂ ਗਦਰੀਆਂ ਦੀ ਪਲੈਨ ਇਹ ਸੀ ਕਿ ਜੀਵਨ ਸਿੰਘ ਤੇ ਲਛਮਣ ਸਿੰਘ ਨੇ ਸ਼ੱਕ ਤੋਂ ਬਚਣ ਲਈ ਦੁਕਾਨ ਚਲਾਉਣੀ ਸੀ। ਨਰੰਜਣ ਸਿੰਘ ਸੰਗਤਪੁਰਾ ਤੇ ਇਨ੍ਹਾਂ ਦੇ ਦੋਸਤ ਪਾਲਾ ਸਿੰਘ ਨੇ ਬਰਮਾ ਦੀ ਮਿਲਟਰੀ ਪੁਲਿਸ ਵਿਚ ਪ੍ਰਚਾਰ ਕਰਕੇ ਉਨ੍ਹਾਂ ਨੂੰ ਗਦਰ ਪਾਰਟੀ ਨਾਲ਼ ਜੋੜਨਾ ਸੀ। ਸੋਹਣ ਲਾਲ ਪਾਠਕ ਅਤੇ ਨਰੈਣ ਸਿੰਘ ਨੇ ਸਾਰੇ ਬਰਮਾ ਵਿਚ ਘੁੰਮਣਾ ਸੀ। ਇਹ ਸਾਰੇ ਗਦਰੀ ਹਥਿਆਰਾਂ ਨਾਲ਼ ਪੂਰੀ ਤਰ੍ਹਾਂ ਲੈਸ ਸਨ।
ਬਰਮਾ ਵਿਚ ਇਨ੍ਹਾਂ ਗਦਰੀਆਂ ਨੂੰ ਕਈ ਵਾਰ ਪੁਲਿਸ ਨੇ ਰੋਕ ਕੇ ਸਵਾਲ ਪੁੱਛੇ। ਪਰ ਇਹ ਗਦਰੀ ਆਪਣੀ ਹੁਸ਼ਿਆਰੀ ਕਾਰਨ ਪੁਲਿਸ ਵਲ਼ੋਂ ਲਾਏ ਇਨ੍ਹਾਂ ਨਾਕਿਆਂ ਤੋਂ ਹਰ ਵਾਰ ਬਚ ਕੇ ਲੰਘਦੇ ਰਹੇ। ਥਾਜ਼ੀ ਪੁੱਜਣ ‘ਤੇ ਜੀਵਨ ਸਿੰਘ ਤਾਂ ਆਪਣੇ ਸਾਥੀਆਂ ਦਾ ਭਾਈ ਬਸਾਵਾ ਸਿੰਘ ਲਈ ਸੁਨੇਹਾ ਲੈ ਕੇ ਸਿਆਮ ਨੂੰ ਵਾਪਸ ਮੁੜ ਗਿਆ। ਨਿਰੰਜਨ ਸਿੰਘ ਸੰਗਤਪੁਰਾ ਤੇ ਉਨ੍ਹਾਂ ਦਾ ਸਾਥੀ ਪਾਲਾ ਸਿੰਘ ਪਿਆਬਵੇ ਨੂੰ ਚਲੇ ਗਏ ਅਤੇ ਸੋਹਣ ਲਾਲ ਪਾਠਕ ਤੇ ਨਰੈਣ ਸਿੰਘ ਮੇਮਿਓ ਨੂੰ। ਸੋਹਣ ਲਾਲ ਪਾਠਕ ਨੂੰ ਉੱਥੇ ਮੇਮਿਓ ਛਾਉਣੀ ਵਿਚ 15 ਅਗਸਤ 1915 ਨੂੰ ਗ੍ਰਿਫਤਾਰ ਕਰ ਲਿਆ ਗਿਆ (ਸੋਹਣ ਲਾਲ ਪਾਠਕ ਉੱਤੇ ਸੈਸ਼ਨ ਜੱਜ ਮਾਂਡਲੇ ਦੀ ਅਦਾਲਤ ਵਿਚ ਵੱਖਰਾ ਮੁਕੱਦਮਾ ਚਲਾਇਆ ਗਿਆ। ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ 10 ਫਰਵਰੀ 1916 ਨੂੰ ਉਨ੍ਹਾਂ ਨੂੰ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ)। ਕੁਝ ਦਿਨਾਂ ਬਾਅਦ ਨਰੈਣ ਸਿੰਘ ਵੀ ਮੇਮਿਓ ਦੇ ਇੱਕ ਢਾਬੇ ਤੋਂ ਫੜਿਆ ਗਿਆ।
ਨਿਰੰਜਨ ਸਿੰਘ ਸੰਗਤਪੁਰਾ ਤੇ ਉਨ੍ਹਾਂ ਦੇ ਮਿੱਤਰ ਪਾਲਾ ਸਿੰਘ ਨੇ ਲੱਗੀ ਡਿਊਟੀ ਅਨੁਸਾਰ ਪਿਆਬਵੇ ਜਾ ਕੇ ਕਾਲਾ ਸਿੰਘ ਨੈਕ ਤੇ ਸਕੂਲ ਮਾਸਟਰ ਪਰਤਾਪ ਸਿੰਘ ਵਰਗੇ ਕਈ ਬੰਦਿਆਂ ਨੂੰ ਗਦਰ ਪਾਰਟੀ ਨਾਲ ਜੋੜ ਲਿਆ ਸੀ ਤੇ ਉਨ੍ਹਾਂ ਨੂੰ ਪਿਸਤੌਲ, ਗੋਲੀਆਂ, ਡਾਈਨਾਮਾਈਟ, ਬੰਬ ਬਣਾਉਣ ਦੇ ਨੁਸਖੇ ਅਤੇ ਬਹੁਤ ਸਾਰਾ ਗਦਰੀ ਸਾਹਿਤ ਦਿਤਾ ਸੀ। ਪਰ ਐਨੇ ਨੂੰ ਸੋਹਣ ਲਾਲ ਅਤੇ ਉਨ੍ਹਾਂ ਦਾ ਸਾਥੀ ਫੜੇ ਜਾਣ ਦੀ ਖਬਰ ਆ ਗਈ। ਨਿਰੰਜਨ ਸਿੰਘ ਸੰਗਤਪੁਰਾ ਅਤੇ ਪਾਲਾ ਸਿੰਘ ਬਰਮਾ ਤੋਂ ਸਿਆਮ ਨੂੰ ਚਲੇ ਗਏ। ਲਛਮਣ ਸਿੰਘ ਗੱਡੀ ਿਂਵੱਚ ਬਰਮਾ ਤੋਂ ਸਿਆਮ ਨੂੰ ਜਾਂਦਾ ਸਰਹੱਦ ਟੱਪਣ ਤੋ ਪਹਿਲਾਂ ਹੀ ਫੜਿਆ ਗਿਆ। ਲਛਮਣ ਸਿੰਘ ‘ਤੇ ਤਸ਼ੱਦਦ ਕਰਕੇ ਪੁਲਿਸ ਨੇ ਉਸ ਨੂੰ ਵਾਅਦਾ ਮਾਫ ਗਵਾਹ ਬਣਾ ਲਿਆ। ਲਛਮਣ ਸਿੰਘ ਤੋਂ ਭੇਤ ਲੈ ਕੇ ਪੁਲਿਸ ਨੇ ਬਹੁਤ ਸਾਰੇ ਗਦਰੀ ਬਰਮਾ ਅਤੇ ਸਿਆਮ ਵਿਚ ਫੜ ਲਏ। ਪੁਲਿਸ ਨੇ ਚਿੰਗਮਈ ਦੇ ਗੁਰਦੁਆਰੇ ਜਾ ਕੇ ਭਾਈ ਬਸਾਵਾ ਸਿੰਘ ਨੂੰ ਵੀ ਫੜ ਲਿਆ।
ਸਿਆਮ ਵਿਚ ਫੜੇ ਗਦਰੀਆਂ ਨੂੰ ਸਰਹੱਦ ‘ਤੇ ਲਿਆ ਕੇ ਬਰਮਾ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ (ਬਰਤਾਨੀਆ ਉਦੋਂ ‘ਸੁਪਰ ਪਾਵਰ’ ਹੁੰਦਾ ਸੀ। ਬਰਤਾਨੀਆ ਦਾ ‘ਦਬਕਾ’ ਸਾਰੀ ਦੁਨੀਆ ‘ਤੇ ਚੱਲਦਾ ਸੀ। ਵੈਨਕੂਵਰ ਗੁਰਦੁਆਰੇ ਦੇ ਗਰੰਥੀ ਸਾਹਿਬਾਨ ਭਾਈ ਬਲਵੰਤ ਸਿੰਘ ਖੁਰਦਪੁਰ ਨੂੰ ਵੀ ਸਿਆਮੀ ਸਰਕਾਰ ਨੇ ਅੰਗਰੇਜ਼ਾਂ ਦੀ ‘ਘੁਰਕੀ’ ਤੋਂ ਡਰਦਿਆਂ ਹੀ, ਇੰਟਰਨੈਸ਼ਨਲ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਹਸਪਤਾਲ ਵਿਚ ਬਿਮਾਰ ਪਏ ਨੂੰ ਫੜ ਕੇ ਅੰਗਰੇਜ਼ਾਂ ਹਵਾਲੇ ਕੀਤਾ ਸੀ)। ਸਿਆਮ ਅਤੇ ਬਰਮਾ ਵਿੱਚੋਂ ਫੜੇ ਗਦਰੀਆਂ ਉੱਤੇ ਮਾਂਡਲੇ ਵਿਚ ਡਿਫੈਂਸ ਆਫ ਇੰਡੀਆ ਐਕਟ ਅਧੀਨ ‘The King Emperor VS Harnam Singh and 16 others’ ਨਾਂ ਦਾ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਨੂੰ ਇਤਿਹਾਸ ਵਿਚ ਆਮ ਤੌਰ ਉਤੇ ‘ਫਸਟ ਬਰਮਾ ਕਾਂਸਪੀਰੇਸੀ ਕੇਸ’ ਜਾਂ ‘ਮਾਂਡਲੇ ਕਾਂਸਪੀਰੇਸੀ ਕੇਸ 1’ ਆਖਿਆ ਜਾਂਦਾ ਹੈ।
ਲਾਹੌਰ ਕਾਂਸਪੀਰੇਸੀ ਕੇਸ (ਸਰਾਭੇ ਹੋਰਾਂ ਵਾਲ਼ਾ ਵੱਡਾ ਮੁਕੱਦਮਾ) ਦੀ ਕਾਰਬਨ ਕਾਪੀ ਸੀ ਇਹ ਮੁਕੱਦਮਾ। ਇਸ ਮੁਕੱਦਮੇ ਦਾ ਫੈਸਲਾ 17 ਜੁਲਾਈ 1916 ਨੂੰ ਸੁਣਾਇਆ ਗਿਆ। ਭਾਈ ਬਸਾਵਾ ਸਿੰਘ ਹੋਰਾਂ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ। ਇਸ ਤਰ੍ਹਾਂ ‘ਬੜੇ ਪਿੰਡ’ ਦਾ ਭਾਈ ਬਸਾਵਾ ਸਿੰਘ ਦੇਸ਼ ਦੀ ਆਜ਼ਾਦੀ ਲਈ ਫਾਂਸੀ ਚੜ੍ਹ ਕੇ ਸ਼ਹੀਦੀ ਪਾ ਗਿਆ। (ਭਾਈ ਬਸਾਵਾ ਸਿੰਘ ਵਲੋਂ ਸਿਆਮ ‘ਚੋਂ ਸੋਹਣ ਲਾਲ ਪਾਠਕ ਨਾਲ ਬਰਮਾ ਨੂੰ ਭੇਜੇ ਪੰਜ ਗਦਰੀਆਂ ਚੋਂ ਭਾਈ ਨਿਰੰਜਨ ਸਿੰਘ ਸੰਗਤਪੁਰਾ, ਭਾਈ ਪਾਲਾ ਸਿੰਘ ਸ਼ੇਰਪੁਰ ਅਤੇ ਭਾਈ ਨਰੈਣ ਸਿੰਘ ਬਾਲੋ ਨੂੰ ਫਾਂਸੀ ਦਾ ਹੁਕਮ ਹੋਇਆ ਅਤੇ ਜੀਵਨ ਸਿੰਘ ਨੂੰ ਉਮਰ ਕੈਦ)।
ਬੜੇ ਪਿੰਡ ਦਾ ਭੁੱਲਿਆ-ਵਿਸਰਿਆ ਗਦਰੀ : ਸ਼ਹੀਦ ਬਸਾਵਾ ਸਿੰਘ
RELATED ARTICLES

