ਤਲਵਿੰਦਰ ਸਿੰਘ ਬੁੱਟਰ
ਨਿਰਸੰਦੇਹ ਪਾਕਿਸਤਾਨ ਸਥਿਤ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਤਾਂਘ ਸਿੱਖਾਂ ਅੰਦਰ 1947 ਦੀ ਵੰਡ ਵੇਲੇ ਤੋਂ ਪੈਦਾ ਹੋ ਗਈ ਸੀ। ਪੰਥ ਤੋਂ ਵਿਛੋੜੇ ਗਏ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਮੰਗ ਸਿੱਖਾਂ ਦੀ ਅਰਦਾਸ ਦਾ ਹਿੱਸਾ ਬਣ ਗਈ ਅਤੇ ਇਹ ਅਰਦਾਸ ਪੂਰੀ ਹੋਣ ਨੂੰ 71 ਵਰ੍ਹੇ ਲੱਗ ਗਏ।
ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦਾ ਸਬੱਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬਣਿਆ ਅਤੇ ਲੰਬੇ ਸਮੇਂ ਤੋਂ ਇਕ-ਦੂਜੇ ਦੇ ਕੱਟੜ੍ਹ ਦੁਸ਼ਮਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਮਨ ਅਤੇ ਦੋਸਤੀ ਦੇ ਇਕ ਨਵੇਂ ਦੌਰ ਦਾ ਆਗਾਜ਼ ਹੋਇਆ। ਇਹ ਕੋਈ ਰੱਬੀ ਕ੍ਰਿਸ਼ਮਾ ਹੀ ਹੈ ਕਿ ਪੰਦਰ੍ਹਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਂਤੀ ਦੇ ਦੂਤ ਬਣ ਕੇ ਸੰਸਾਰੀ ਜਾਮੇ ਵਿਚ ਆਏ ਸਨ ਅਤੇ ਅੱਜ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੁਸ਼ਮਣੀਆਂ ਅਤੇ ਕੁੜੱਤਣ ਨੂੰ ਦੂਰ ਕਰਕੇ ਦੋਸਤੀ ਦੇ ਇਕ ਨਵੇਂ ਰਸਤੇ ‘ਤੇ ਤੁਰਨ ਲਈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 350 ਸਾਲਾ ਪ੍ਰਕਾਸ਼ ਪੁਰਬ ਹੀ ਪ੍ਰੇਰਨਾ-ਸਰੋਤ ਬਣਿਆ ਹੈ।
ਕਰਤਾਰਪੁਰ ਦੇ ਲਾਂਘੇ ਲਈ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਸਿਆਸੀ ਲੀਡਰਸ਼ਿਪ ਤਾਂ ਪ੍ਰਸੰਸਾ ਦੀ ਹੱਕਦਾਰ ਹੈ ਹੀ ਪਰ ਇਸ ਦੇ ਨਾਲ ਕਰਤਾਰਪੁਰ ਦੇ ਲਾਂਘੇ ਲਈ ਪਰਵਾਸੀ ਸਿੱਖਾਂ ਦੀ ਭੂਮਿਕਾ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤੇਰੀ ਸਿੱਖੀ ਸੰਸਥਾ ਕੈਲੀਫ਼ੋਰਨੀਆ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਭਾਰਿਆ ਅਤੇ ਲਗਾਤਾਰ ਉਹ ਇਸ ਲਾਂਘੇ ਦੀ ਸਥਾਪਤੀ ਲਈ ਯਤਨਸ਼ੀਲ ਹਨ। ਤੇਰੀ ਸਿੱਖੀ ਸੰਸਥਾ ਕੈਲੀਫ਼ੋਰਨੀਆ ਵਲੋਂ 7 ਨਵੰਬਰ 2009 ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘਾ ਸਥਲ ‘ਤੇ ਕਰਤਾਰਪੁਰ ਸਾਹਿਬ ਲਾਂਘਾ ਦਿਵਸ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਗਿਆ। ਇਸ ਦਿਵਸ ਮੌਕੇ ਨਿਹੰਗ ਸਿੰਘ ਸੰਪਰਦਾ ਤਰਨਾ ਦਲ ਬਿਧੀ ਚੰਦ ਦੇ ਮੁਖੀ ਬਾਬਾ ਦਇਆ ਸਿੰਘ ਸੁਰਸਿੰਘ ਦੀ ਅਗਵਾਈ ਹੇਠ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਏ ਜਥੇ ਨੇ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਉਥੋਂ ਪਵਿੱਤਰ ਇਤਿਹਾਸਕ ਖੂਹ ‘ਚੋਂ ਜਲ ਭਰ ਕੇ ਲਿਆਂਦਾ ਅਤੇ ਲਾਂਘਾ ਸਥਲ ‘ਤੇ ਉਸ ਜਲ ਨਾਲ ਲੰਗਰ ਤਿਆਰ ਕੀਤਾ ਗਿਆ। ਇਸ ਮੌਕੇ ਵੀ ਕਰਤਾਰਪੁਰ ਸਾਹਿਬ ਤੋਂ ਪ੍ਰਸ਼ਾਦਿ ਲਿਆ ਕੇ ਵਰਤਾਇਆ ਗਿਆ।
ਅਮਰੀਕਨ ਸਿੱਖਾਂ ਦੇ ਨਾਲ-ਨਾਲ ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮੁੱਦੇ ਨੂੰ ਉਭਾਰਨ ਲਈ ਵੱਡਾ ਯੋਗਦਾਨ ਪਾਇਆ। ਉਨ੍ਹਾਂ ਨੇ ਆਪਣੀਆਂ ਅਮਰੀਕਾ ਫ਼ੇਰੀਆਂ ਮੌਕੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਵਿਚਲੀ ਸਿੱਖਾਂ ਦੀ ਅਮੀਰ ਵਿਰਾਸਤ ਅਤੇ ਸਿੱਖ ਗੁਰਧਾਮਾਂ ਦੀ ਹਾਲਤ ਤੋਂ ਜਾਣੂ ਕਰਵਾਇਆ, ਜਿਸ ਤੋਂ ਬਾਅਦ ਅਮਰੀਕਨ ਸਿੱਖਾਂ ਦੇ ਹਿਰਦਿਆਂ ਅੰਦਰ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਅਤੇ ਕਰਤਾਰਪੁਰ ਸਾਹਿਬ ਦੇ ਸਾਂਝੇ ਲਾਂਘੇ ਲਈ ਤਾਂਘ ਪੈਦਾ ਹੋਈ। ਇਲਿਆਸ ਘੁੰਮਣ ਅਮਰੀਕਾ ਦੇ ਗੁਰੂ-ਘਰਾਂ ‘ਚ ਸੰਬੋਧਨ ਕਰਦਿਆਂ ਕਈ ਵਾਰ ਇੰਨੇ ਜਜ਼ਬਾਤੀ ਹੋ ਜਾਂਦੇ ਸਨ ਕਿ ਖੁਦ ਉਨ੍ਹਾਂ ਦੀਆਂ ਅਤੇ ਸੰਗਤ ਦੀਆਂ ਵੀ ਅੱਖਾਂ ‘ਚੋਂ ਹੰਝੂ ਆ ਜਾਂਦੇ ਸਨ। ਇਸੇ ਦੌਰਾਨ ਹੀ ਇਸ ਸਿਦਕੀ ਸਿੱਖ ਦੇ ਦਿਲ ‘ਚ ਪਾਕਿਸਤਾਨ ਦੇ ਗੁਰਧਾਮਾਂ ਲਈ ਸੇਵਾ ਕਰਨ ਦਾ ਜਜ਼ਬਾ ਪੈਦਾ ਹੋਇਆ। ਜੰਗਬਹਾਦਰ ਸਿੰਘ ਨਾਂ ਦੇ ਇਸ ਸਿੱਖ ਨੇ ਪਾਕਿਸਤਾਨ ਜਾ ਕੇ ਗੁਰਧਾਮਾਂ ਦੀ ਸੇਵਾ ਕਰਨ ਦਾ ਪ੍ਰਣ ਕੀਤਾ। ਉਹ ਪਾਕਿਸਤਾਨ ਗਏ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਜਾਣ ਦੀ ਆਗਿਆ ਲੈਣ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਸੇਵਾ-ਸੰਭਾਲ ਸ਼ੁਰੂ ਕਰਵਾਈ ਅਤੇ ਆਸੇ-ਪਾਸੇ ਸਫ਼ਾਈ ਕਰਵਾਈ। ਗੁਰਦੁਆਰੇ ਦੇ ਚਾਰੇ ਪਾਸੇ ਬਣੇ ਚਾਰ ਗੁੰਬਦਾਂ ਵਿਚੋਂ ਦੋ ਗੁੰਬਦ ਢਹਿ ਚੁੱਕੇ ਸਨ, ਜਿਨ੍ਹਾਂ ਦੀ ਮੁੜ ਉਸਾਰੀ ਕਰਵਾਈ। ਪਾਕਿਸਤਾਨ ਰੇਂਜਰਜ਼ ਦੀ ਇਕ ਚੌਕੀ ਵੀ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਇਮਾਰਤ ਵਿਚ ਹੀ ਬਣੀ ਹੋਈ ਸੀ, ਸਰਕਾਰ ਨਾਲ ਗੱਲ ਕਰਕੇ ਉਹ ਵੀ ਹਟਵਾਈ ਗਈ। ਇਸ ਅਸਥਾਨ ਤੱਕ ਪਹੁੰਚਣ ਲਈ ਪਾਕਿਸਤਾਨ ਵਿਚਲਾ ਰੇਲਵੇ ਸਟੇਸ਼ਨ ਦਰਬਾਰ ਸਾਹਿਬ ਲੱਗਦਾ ਹੈ, ਜੋ ਲਾਹੌਰ-ਨਾਰੋਵਾਲ ਰੇਲਵੇ ਲਾਈਨ ‘ਤੇ ਹੈ। ਇਥੋਂ ਕੋਈ ਚਾਰ ਕੁ ਕਿਲੋਮੀਟਰ ਪੂਰਬ ਵੱਲ ਰਾਵੀ ਦਰਿਆ ਦੇ ਕਿਨਾਰੇ ਇਸ ਪਾਵਨ ਅਸਥਾਨ ਤੱਕ ਪੈਦਲ ਜਾਣਾ ਪੈਂਦਾ ਸੀ, ਪਰ ਪਾਕਿਸਤਾਨ ਦੀ ਸਰਕਾਰ ਨੇ ਮਜ਼ਬੂਤ ਸੜਕ ਬਣਾ ਦਿੱਤੀ। ਅਜੋਕੇ ਗੁਰਦੁਆਰਾ ਸਾਹਿਬ ਦੀ ਉਸਾਰੀ ਮਹਾਰਾਜਾ ਭੁਪਿੰਦਰ ਸਿੰਘ ਨੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਸੀ। ਪਹਿਲਾਂ ਕਰਤਾਰਪੁਰ ਸਾਹਿਬ ਪਾਕਿਸਤਾਨ ਸਰਕਾਰ ਵਲੋਂ ਬਣਾਈ ਉਸ ਸੂਚੀ ਵਿਚ ਸ਼ਾਮਲ ਨਹੀਂ ਸੀ, ਜੋ ਪਾਕਿਸਤਾਨ ਜਾਣ ਵਾਲੇ ਸਿੱਖ ਜਥਿਆਂ ਦੇ ਦਰਸ਼ਨ ਕਰਨ ਵਾਲੇ ਗੁਰਦੁਆਰਿਆਂ ਦੀ ਬਣਾਈ ਹੋਈ ਸੀ, ਪਰ ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਵਾਲੇ ਗੁਰਦੁਆਰਿਆਂ ਦੀ ਸਰਕਾਰੀ ਸੂਚੀ ਵਿਚ ਦਰਜ ਹੈ।
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ 1999 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਇਹ ਬਿਆਨ ਦਿੱਤਾ ਸੀ ਕਿ ਪਾਕਿਸਤਾਨ ਸਰਕਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਦੇਣ ਲਈ ਤਿਆਰ ਹੈ, ਬਸ਼ਰਤੇ ਭਾਰਤ ਸਰਕਾਰ ਵੀ ਇਸ ਨਾਲ ਸਹਿਮਤ ਹੋਵੇ। ਅੰਤਰਰਾਸ਼ਟਰੀ ਸਰਹੱਦ ਹੋਣ ਕਰਕੇ ਦੋ ਸਰਕਾਰਾਂ ਦੀ ਸਹਿਮਤੀ ਨਾਲ ਹੀ ਇਹ ਲਾਂਘਾ ਹੋਂਦ ਵਿਚ ਆ ਸਕਦਾ ਹੈ। ਸੰਨ 2000 ਵਿਚ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਲਿਆਂਦੀ ਸੀ। ਸੰਨ 2001 ਵਿਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਵਿਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਵਟਾਉਣਾ ਸ਼ੁਰੂ ਕੀਤਾ ਸੀ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਸ਼ੁਰੂ ਤੋਂ ਹੀ ਲਗਾਤਾਰ ਪਾਕਿਸਤਾਨ ਆ-ਜਾ ਰਹੇ ਸਨ ਅਤੇ ਹਰ ਵਾਰ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀਆਂ ਨਾਲ ਲਾਂਘੇ ਦੀ ਪ੍ਰਾਪਤੀ ਬਾਰੇ ਵਿਸ਼ੇਸ਼ ਤੌਰ ‘ਤੇ ਜ਼ੋਰ ਪਾਉਂਦੇ ਰਹੇ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2004 ਵਿਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ, ਪਾਕਿਸਤਾਨ ਦੇ ਵਕਫ਼ ਬੋਰਡ ਦੇ ਉਚ ਅਫ਼ਸਰਾਂ ਨਾਲ ਮਿਲ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਮਨਾਇਆ, ਜਿਸ ਵਿਚ ਅਮਰੀਕਨ ਸਰਕਾਰ ਦੇ ਉਚ ਅਫ਼ਸਰ ਵੀ ਸ਼ਾਮਲ ਹੋਏ। 500 ਸਾਲਾ ਪ੍ਰਕਾਸ਼ ਉਤਸਵ ਦੀ ਖੁਸ਼ੀ ਵਿਚ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਤਾਰਪੁਰ ਸਾਹਿਬ ਵਿਚ ਹੋਏ ਇਸ ਵੱਡੇ ਸਮਾਗਮ ਵਿਚ ਗੁਰਮੁਖੀ ਲਿੱਪੀ ਵਿਚ ਪੰਜਾਬੀ ਦਾ ਪਹਿਲਾ ਕੰਪਿਊਟਰ ਕੀ-ਬੋਰਡ ਵੀ ਜਾਰੀ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਨਾਲ ਸਬੰਧਤ ਵੱਡਾ ਸਮਾਗਮ ਵੀ ਇਸੇ ਦੌਰਾਨ ਪਾਕਿਸਤਾਨ ਤੇ ਅਮਰੀਕਨ ਉਚ ਅਫ਼ਸਰਾਂ ਨੇ ਆਪਸੀ ਸਹਿਯੋਗ ਨਾਲ ਕਰਤਾਰਪੁਰ ਸਾਹਿਬ ਵਿਖੇ ਕਰਵਾਇਆ।
ਇਸ ਤੋਂ ਇਲਾਵਾ ਫ਼ਰਾਂਸ, ਅਮਰੀਕਾ, ਕੈਨੇਡਾ ਤੇ ਹੋਰ ਮੁਲਕਾਂ ਦੇ ਸਿੱਖਾਂ ਦਾ ਵੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਵਿਚ ਵੱਡਾ ਯੋਗਦਾਨ ਹੈ। ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਲਈ ਦਸਤਖ਼ਤ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਰਹੀਆਂ ਹਨ। ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਤੀ ਲਈ ਸਮੁੱਚੇ ਵਿਸ਼ਵ ਦੀਆਂ ਸਿੱਖ ਸੰਗਤਾਂ ਦਸਤਖ਼ਤੀ ਮੁਹਿੰਮ ਰਾਹੀਂ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੀਆਂ ਰਹੀਆਂ। ਪਿਛਲੇ ਸਮੇਂ ਦੌਰਾਨ ਸਮੁੱਚੇ ਵਿਸ਼ਵ ਵਿਚ ਵੱਖ-ਵੱਖ ਦਸਤਖ਼ਤ ਮੁਹਿੰਮਾਂ ਤਹਿਤ 20 ਮਿਲੀਅਨ ਤੋਂ ਵੱਧ ਸਿੱਖ ਭਾਈਚਾਰੇ ਦੇ ਮੈਂਬਰ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਲਈ ਦਸਤਖ਼ਤ ਕਰ ਚੁੱਕੇ ਸਨ। ਇਸ ਮੁਹਿੰਮ ਦੀ ਸਭ ਤੋਂ ਪਹਿਲਾਂ ਆਰੰਭਤਾ ਅਮਰੀਕਾ ਵਿਚ ‘ਕਰਤਾਰਪੁਰ ਸਾਹਿਬ ਮਾਰਗ’ ਸੰਸਥਾ ਨੇ ਕੀਤੀ। ਇਸ ਤੋਂ ਪ੍ਰੇਰਨਾ ਲੈ ਕੇ ‘ਤੇਰੀ ਸਿੱਖੀ ਡਾਟ ਕਾਮ’ ਨੇ ਦਸਤਖ਼ਤ ਮੁਹਿੰਮ ਨੂੰ ਵਿਆਪਕ ਪੱਧਰ ‘ਤੇ ਆਰੰਭ ਕੀਤਾ, ਜਿਸ ਤਹਿਤ 2 ਕਰੋੜ ਲੋਕਾਂ ਦੇ ਦਸਤਖ਼ਤ ਕਰਵਾਏ ਗਏ।
ਇਸ ਦੇ ਨਾਲ ਹੀ ਉਤਰੀ ਕੈਲੇਫ਼ੋਰਨੀਆ ਵਿਚ ‘ਤੇਰੀ ਸਿੱਖੀ ਸੰਸਥਾ’ ਦੇ ਜਸਪਾਲ ਸਿੰਘ ਸੰਧੂ ਨੇ ਸਾਰੀਆਂ ਰਾਜਨੀਤਕ, ਧਾਰਮਿਕ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 15 ਹਜ਼ਾਰ ਤੋਂ ਵੱਧ ਪਟੀਸ਼ਨਾਂ ਰਾਹੀਂ ਆਨਲਾਈਨ ਸਾਈਨ ਕਰਵਾਉਣ ਵਿਚ ਹਿੱਸਾ ਪਾਇਆ। ਜਸਪਾਲ ਸਿੰਘ ਸੰਧੂ ਵਲੋਂ ਇਕ ਟਾਕ ਸ਼ੋਅ ਰੇਡੀਓ ਗੀਤ-ਸੰਗੀਤ ‘ਤੇ ਕੀਤਾ ਗਿਆ, ਜਿਸ ਰਾਹੀਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਅਪੀਲ ਕੀਤੀ ਗਈ। ‘ਤੇਰੀ ਸਿੱਖੀ ਸੰਸਥਾ’ ਨੇ ਸੈਨਹੋਜੇ ‘ਚ ਇਕ ਸਮਾਗਮ ਕੀਤਾ ਅਤੇ ਪਾਕਿਸਤਾਨ ਓਕਾਫ਼ ਬੋਰਡ ਦੇ ਮੈਂਬਰ ਅਜ਼ਹਰ ਸ਼ੇਖ਼ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਸਰਕਾਰ ਨੂੰ ਲਿਖਤੀ ਪੇਸ਼ਕਸ਼ ਕਰੇ। ‘ਤੇਰੀ ਸਿੱਖੀ ਸੰਸਥਾ’ ਦੇ ਹੋਸਟ ਜਸਪਾਲ ਸਿੰਘ ਸੰਧੂ ਨੇ ਸੰਸਥਾ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਸੰਸਥਾ ਨੇ ਥੋੜ੍ਹੇ ਸਮੇਂ ਵਿਚ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਲਿਆਂਦਾ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜਥੇਬੰਦੀਆਂ, ਸੰਸਥਾਵਾਂ ਅਤੇ ਭਾਰਤ-ਪਾਕਿਸਤਾਨ ਸਣੇ ਵੱਖ-ਵੱਖ ਦੇਸ਼ਾਂ ਦੀਆਂ ਅਮਨ-ਪਸੰਦ, ਬੁੱਧੀਜੀਵੀ ਸ਼ਖ਼ਸੀਅਤਾਂ ਨੇ ਵੀ ਕਰਤਾਰਪੁਰ ਦਾ ਲਾਂਘਾ ਹੋਂਦ ਵਿਚ ਲਿਆਉਣ ਲਈ ਆਪੋ-ਆਪਣੇ ਪੱਧਰ ‘ਤੇ ਸੰਘਰਸ਼ ਕੀਤਾ। ਤਿੰਨ ਕੁ ਮਹੀਨੇ ਪਹਿਲਾਂ ਜਦੋਂ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਬਣੇ ਤਾਂ ਉਨ੍ਹਾਂ ਨੇ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪੁਰਾਣੀ ਦੋਸਤੀ ਨਾਤੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਸੱਦਾ ਭੇਜਿਆ ਅਤੇ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਨਾਲ ਕਰਤਾਰਪੁਰ ਦੇ ਲਾਂਘੇ ਦਾ ਮੁੱਦਾ ਸੰਜੀਦਾ ਪੱਧਰ ‘ਤੇ ਵਿਚਾਰਿਆ, ਜਿਸ ਤੋਂ ਬਾਅਦ ਕਰਤਾਰਪੁਰ ਦਾ ਲਾਂਘਾ ਬਣਾਉਣ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਐਲਾਨ ਕੀਤਾ।
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …