ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30ਵੇਂ ਸਾਲ ਨੂੰ ਸਮਰਪਿਤ ਕੈਲੰਡਰ ਜਾਰੀ
ਸਰੀ/ਗੁਰਪ੍ਰੀਤ ਸਿੰਘ : ਲੋਕ ਹਿੱਤਾਂ ਨੂੰ ਸਮਰਪਿਤ ਮੈਗਜ਼ੀਨ ‘ਰੈਡੀਕਲ ਦੇਸੀ’ ਵੱਲੋਂ ਸਰੀ ਦੇ ਜਰਨੈਲ ਆਰਟਸ ਸਟੂਡੀਓ ਵਿਖੇ, ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਸਾਬਕਾ ਉੱਚ ਅਧਿਕਾਰੀ ਨੂੰ ‘ਮਨੁੱਖੀ ਅਧਿਕਾਰਾਂ ਦੇ ਰਾਖੇ’ ਪੁਰਸਕਾਰ ਦੇਣ ਲਈ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਔਨਲਾਈਨ ਪ੍ਰਕਾਸ਼ਨ ਰੈਡੀਕਲ ਦੇਸੀ ਨੇ ਕੈਨੇਡਾ ਦੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੂੰ ਇਹ ਸਨਮਾਨ ਇਸ ਲਈ ਦਿੱਤਾ ਦਿੱਤਾ, ਕਿਉਂਕਿ ਉਨ੍ਹਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਆਪਣੇ ਭਾਰਤੀ ਹਮ-ਰੁਤਬਾ ਨਰਿੰਦਰ ਮੋਦੀ ਨੂੰ ਜੀ 7 ਸੰਮੇਲਨ ਵਿੱਚ ਸੱਦਾ ਦੇਣ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ। ਦੱਸਣਯੋਗ ਹੈ ਕਿ ਕਾਰਨੀ ਨੇ ਸਰੀ-ਡੈਲਟਾ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ, ਭਾਰਤੀ ਖੁਫੀਆ ਏਜੰਸੀਆਂ ਦੀ ਕਥਿਤ ਸ਼ਮੂਲੀਅਤ ਦੀ ਚੱਲ ਰਹੀ ਜਾਂਚ ਦੇ ਬਾਵਜੂਦ, ਭਾਰਤ ਦੇ ਪ੍ਰਧਾਨ ਮੰਤਰੀ ਦਾ ਕੈਨੇਡਾ ਦੀ ਧਰਤੀ ‘ਤੇ ਸਵਾਗਤ ਕੀਤਾ ਸੀ।
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਨ੍ਹੀਂ ਦਿਨੀ ਜਦੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਭਾਰਤ ਦੇ ਦੌਰੇ ‘ਤੇ ਨਵੀਂ ਦਿੱਲੀ ਵਿੱਚ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮੋਦੀ ਨਾਲ ਮੁਲਾਕਾਤ ਕਰ ਰਹੀ ਸੀ, ਐਨ ਉਸ ਵੇਲੇ ਸਰੀ ਵਿੱਚ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੂੰ, ਕੈਨੇਡੀਅਨ ਧਰਤੀ ‘ਤੇ ਮਾਰੇ ਗਏ ਕੈਨੇਡੀਅਨ ਨਾਗਰਿਕ ਲਈ ਖੜ੍ਹੇ ਹੋਣ ਕਾਰਨ ਸਨਮਾਨਿਤ ਕੀਤਾ ਜਾ ਰਿਹਾ ਸੀ। ਭਾਰਤ ਦੀ ਕੱਟੜਪੰਥੀ ਸੰਸਥਾ ਆਰਐਸਐਸ ਅਤੇ ਬੀਜੇਪੀ ਸਰਕਾਰ ਦੀ ਚਹੇਤੀ ਅਤੇ ਇੰਡੀਆ ਕੈਨੇਡਾ ਫਾਊਂਡੇਸ਼ਨ ਦੀ ਰਹਿ ਚੁੱਕੀ ਕਾਰਕੁੰਨ ਵਿਦੇਸ਼ ਮੰਤਰੀ ਅਨੀਤਾ ਅਨੰਦ ‘ਤੇ ਭਾਰਤ ਨਾਲ ਸਮਝੌਤੇ ਮੌਕੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਦਾਅ ‘ਤੇ ਲਾਉਣ ਦੇ ਗੰਭੀਰ ਦੋਸ਼ ਲੱਗ ਰਹੇ ਹਨ।
ਅਦਾਰਾ ਰੈਡੀਕਲ ਦੇਸੀ ਤੋਂ ਬੀਤੇ ਵਰਿਆਂ ਦੌਰਾਨ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਦੋ ਸ਼ਖਸੀਅਤਾਂ ; ਐਨੀ ਓਹਾਨਾ ਅਤੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸੈਨੇਟਰ ਬਲਤੇਜ ਸਿੰਘ ਢਿੱਲੋਂ ਨੂੰ ਸਰਟੀਫਿਕੇਟ ਅਤੇ ਰੈਡੀਕਲ ਦੇਸੀ ਪੁਰਸਕਾਰ ਭੇਟ ਕੀਤਾ। ਐਨੀ ਓਹਾਨਾ ਨਸਲਵਾਦ ਵਿਰੋਧੀ ਸਿੱਖਿਅਕ ਅਤੇ ਸਮਾਜਿਕ ਨਿਆਂ ਕਾਰਕੁੰਨ ਹੈ, ਜਦ ਕਿ ਡਾ. ਗੁਰਵਿੰਦਰ ਸਿੰਘ ਪ੍ਰਮੁੱਖ ਮੀਡੀਆ ਸ਼ਖਸੀਅਤ ਅਤੇ ਟਿੱਪਣੀਕਾਰ ਹੈ। ਇਸ ਸਾਲ ਦੇ ਸ਼ੁਰੂ ਵਿੱਚ, ਰੈਡੀਕਲ ਦੇਸੀ ਨੇ ਸ. ਢਿੱਲੋਂ ਨੂੰ, ਮੋਦੀ ਦਾ ਸਵਾਗਤ ਕਰਨ ਦੇ ਪ੍ਰਧਾਨ ਮੰਤਰੀ ਕਾਰਨੀ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਬੇਬਾਕੀ ਭਰਿਆ ਪੱਤਰ ਲਿਖਣ ਲਈ, ‘ਸਾਲ 2025 ਲਈ ਸਨਮਾਨਿਤ ਵਿਅਕਤੀ’ ਨਾਮਜ਼ਦ ਕੀਤਾ ਸੀ।
ਸੈਨੇਟਰ ਢਿੱਲੋਂ ਨੇ ਮੋਦੀ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹਣ ਦੇ ਗਲਤ ਫੈਸਲੇ ‘ਤੇ ਸਵਾਲ ਉਠਾਇਆ ਸੀ, ਜਦੋਂ ਕਿ ਭਾਰਤ ਦੁਆਰਾ ਕੈਨੇਡਾ ਵਿੱਚ ਕੈਨੇਡੀਅਨ ਨਾਗਰਿਕ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਉਸ ਨੇ ਇਹ ਵੀ ਪੁੱਛਿਆ ਸੀ ਕਿ ਕੈਨੇਡਾ ਦੀ ਪ੍ਰਭੂਸੱਤਾ ਨੂੰ ਦਾਅ ‘ਤੇ ਲਾਉਣ ਵਾਲੇ ਇਸ ਵਰਤਾਰੇ ਨੇ ਦੁਨੀਆ ਨੂੰ, ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦੀ ਰਖਵਾਲੀ ਦੇ ਪੱਖੋਂ, ਕੀ ਸੁਨੇਹਾ ਦਿੱਤਾ ਹੈ।
ਮੌਜੂਦਾ ਪ੍ਰਧਾਨ ਮੰਤਰੀ ਕਾਰਨੀ ਦੇ ਪੂਰਵਗਾਮੀ, ਜਸਟਿਨ ਟਰੂਡੋ ਨੇ ਸਤੰਬਰ 2023 ਵਿੱਚ ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੂੰ ਸੂਚਿਤ ਕੀਤਾ ਸੀ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਸਰਕਾਰੀ ਏਜੰਟ ਹੋ ਸਕਦੇ ਹਨ। ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਟੁੱਟ ਗਏ ਸਨ। ਜ਼ਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਭਾਰਤੀ ਮੂਲ ਦੇ ਚਾਰ ਵਿਅਕਤੀ ਉਸ ਦੀ ਮੌਤ ਦੇ ਸਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਐਤਵਾਰ ਦਾ ਯਾਦਗਾਰੀ ਸਮਾਗਮ ਭਾਈ ਹਰਦੀਪ ਸਿੰਘ ਨਿੱਝਰ ਦੇ ਜਨਮ ਦਿਨ ਦੇ ਹਫਤੇ ਨਾਲ ਮੇਲ ਖਾਂਦਾ ਸੀ, ਜੋ ਕਿ 11 ਅਕਤੂਬਰ ਨੂੰ ਸੀ। ਇਸ ਤੋਂ ਇਲਾਵਾ 12 ਅਕਤੂਬਰ ਨੂੰ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈ ਬਾਬਾ ਦੀ ਪਹਿਲੀ ਬਰਸੀ ਵੀ ਸੀ, ਜਿਸ ਲਈ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਪਲ ਦਾ ਮੌਨ ਰੱਖਿਆ ਗਿਆ। ਪ੍ਰੋਫੈਸਰ ਜੀ.ਐਨ ਸਾਈ ਬਾਬਾ ਲੱਕ ਤੋਂ ਹੇਠਾਂ ਅਪਾਹਜ ਸਨ ਅਤੇ ਵ੍ਹੀਲ ਚੇਅਰ ‘ਤੇ ਨਿਰਭਰ ਸਨ।
ਉਨ੍ਹਾਂ ਨੂੰ ਸਿਰਫ਼ ਗਰੀਬਾਂ ਅਤੇ ਹਾਸ਼ੀਏ ‘ਤੇ ਧੱਕੇ ਗਏ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਬਦਲੇ, ਭਾਰਤ ਦੀ ਮੋਦੀ ਸਰਕਾਰ ਵੱਲੋਂ ਦੇਸ਼ ਧ੍ਰੋਹ ਦੇ ਝੂਠੇ ਦੋਸ਼ਾਂ ਹੇਠ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਸੀ। ਭਾਈ ਨਿੱਝਰ ਸਮੇਤ ਬਹੁਤ ਸਾਰੇ ਕੈਨੇਡੀਅਨਾਂ ਨੇ ਪ੍ਰੋਫੈਸਰ ਸਾਈ ਬਾਬਾ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਸੀ।
ਇਸ ਯਾਦਗਾਰੀ ਸਮਾਗਮ ਦੇ ਆਖਰੀ ਪੜਾਓ ‘ਤੇ ਮਨੁੱਖੀ ਅਧਿਕਾਰ ਕਾਰਕੁੰਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਦੇ 30ਵੇਂ ਸਾਲ ਨੂੰ ਸਮਰਪਿਤ ਕੈਲੰਡਰ ਜਾਰੀ ਕੀਤਾ ਗਿਆ। ਭਾਈ ਜਸਵੰਤ ਸਿੰਘ ਖਾਲੜਾ ਨੂੰ 1995 ਵਿੱਚ ਪੰਜਾਬ ਵਿੱਚ ਸਿੱਖ ਖਾੜਕੂਵਾਦ ਦੌਰਾਨ ਜ਼ਬਰਦਸਤੀ ਲਾਪਤਾ ਕੀਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਹੱਤਿਆਵਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਲਈ ਆਵਾਜ਼ ਬੁਲੰਦ ਕਰਨ ਬਦਲੇ, ਭਾਰਤੀ ਪੁਲਿਸ ਨੇ ਅਗਵਾ ਕਰਕੇ 1995 ਵਿੱਚ ਸ਼ਹੀਦ ਕਰ ਦਿੱਤਾ ਸੀ।
2026 ਲਈ ਰੈਡੀਕਲ ਦੇਸੀ ਦੇ ਕੈਲੰਡਰ ‘ਤੇ ਸ਼ਹੀਦ ਖਾਲੜਾ ਦੀ ਪੇਂਟਿੰਗ ਸਵਰਗੀ ਜਰਨੈਲ ਸਿੰਘ ਆਰਟਿਸਟ ਦੁਆਰਾ ਬਣਾਈ ਗਈ ਸੀ, ਜਿਨ੍ਹਾਂ ਦਾ ਇਸ ਸਾਲ ਦੇ ਸ਼ੁਰੂ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਬਲਜੀਤ ਕੌਰ ਅਤੇ ਧੀ ਨੀਤੀ ਸਿੰਘ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਕੈਲੰਡਰ ਜਾਰੀ ਕਰਨ ਦੀ ਰਸਮ ਵਿੱਚ ਹਿੱਸਾ ਲਿਆ। ਇਹ ਸਮਾਗਮ ਚਿਤਰਕਾਰ ਜਰਨੈਲ ਸਿੰਘ ਦੇ ਕੰਮਾਂ ਨੂੰ ਸ਼ਰਧਾਂਜਲੀ ਵਜੋਂ, ਉਨ੍ਹਾਂ ਦੇ ਸਟੂਡੀਓ ਜਰਨੈਲ ਆਰਟਸ ਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ।
ਸਮਾਗਮ ਵਿੱਚ ਹਾਜ਼ਰ ਹੋਰਨਾਂ ਵਿੱਚ ਬੀ.ਸੀ. ਦੀ ਸਾਬਕਾ ਸਿੱਖਿਆ ਮੰਤਰੀ ਰਚਨਾ ਸਿੰਘ, ਪਾਕਿਸਤਾਨੀ ਕੈਨੇਡੀਅਨ ਨੇਤਾ ਸੈਫ਼ ਪੰਨੂ, ਮਹਿਕ ਪੰਜਾਬ ਦੀ ਟੀਵੀ ਦੇ ਡਾਇਰੈਕਟਰ ਕਮਲਜੀਤ ਸਿੰਘ ਥਿੰਦ, ਰੈਡੀਕਲ ਦੇਸੀ ਦੇ ਡਾਇਰੈਕਟਰ ਅਤੇ ਸੰਸਥਾਪਕ, ਗੁਰਪ੍ਰੀਤ ਸਿੰਘ ਤੇ ਪੁਰਸ਼ੋਤਮ ਦੁਸਾਂਝ, ਗੁਰਦੀਪ ਆਰਟਸ ਦੇ ਗੁਰਦੀਪ ਸਿੰਘ ਭੁੱਲਰ, ਉੱਘੇ ਕਵੀ ਅੰਮ੍ਰਿਤ ਦੀਵਾਨਾ, ਸਾਹਿਤਕਾਰ ਹਰਪ੍ਰੀਤ ਸੇਖਾ ਅਤੇ ਸਿੱਖ ਐਕਟਵਿਸਟ ਕੁਲਵਿੰਦਰ ਸਿੰਘ ਢਿੱਲੋਂ ਸਮੇਤ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।