Breaking News
Home / ਮੁੱਖ ਲੇਖ / ਕਰੋਨਾਵਾਇਰਸ ਦਾ ਹਮਲਾ : ਕੱਝ ਪੱਖ ਇਹ ਵੀ

ਕਰੋਨਾਵਾਇਰਸ ਦਾ ਹਮਲਾ : ਕੱਝ ਪੱਖ ਇਹ ਵੀ

ਡਾ. ਪਿਆਰਾ ਲਾਲ ਗਰਗ
ਰਕੋਨਾਵਾਇਰਸ ਦੀ ਦਹਿਸ਼ਤ ਕਾਰਨ ਸੰਸਾਰ ਭਰ ਵਿਚ ਕੰਮ-ਕਾਜ ਠੱਪ ਹਨ। ਲੋਕਾਈ ਡਰੀ ਬੈਠੀ ਹੈ। ਕਰੋਨਾ ਕੇਸਾਂ ਦੀ ਗਿਣਤੀ ਪਲ ਪਲ ਵਧ ਰਹੀ ਹੈ। ਸੰਸਾਰ ਵਿਚ ਹੁਣ ਤੱਕ ਸਾਹਮਣੇ ਆਏ ਕੇਸ ਚਾਰ ਲੱਖ ਨੂੰ ਢੁੱਕ ਗਏ ਹਨ ਜਿਨ੍ਹਾਂ ਵਿਚੋਂ ਇਕ ਲੱਖ ਤੋਂ ਉੱਪਰ ਠੀਕ ਵੀ ਹੋ ਚੁੱਕੇ ਹਨ। ਚੀਨ ਅਤੇ ਦੱਖਣੀ ਕੋਰੀਆ ਨੇ ਇਸ ਬਿਮਾਰੀ ਉੱਤੇ ਕਾਫੀ ਕਾਬੂ ਪਾ ਲਿਆ ਹੈ। ਸੰਸਾਰ ਵਿਚ ਸਭ ਤੋਂ ਵੱਧ ਮੌਤਾਂ ਇਟਲੀ ਵਿਚ ਹੋਈਆਂ ਹਨ। ਭਾਰਤ ਵਿਚ ਮਰੀਜ਼ਾਂ ਦੀ ਗਿਣਤੀ 500 ਪਾਰ ਕਰ ਗਈ ਹੈ। ਭਾਰਤ ਵਿਚ ਪ੍ਰਤੀ ਕਰੋੜ ਕੇਵਲ 2 ਮਰੀਜ਼ ਹਨ ਪਰ ਇੱਥੇ ਦਹਿਸ਼ਤ, ਅਫਵਾਹਾਂ, ਅਵਿਗਿਆਨਕ ਦਾਅਵਿਆਂ ਦੀ ਭਰਮਾਰ ਹੈ। ਇਸ ਬਿਮਾਰੀ ਦਾ ਅਜੇ ਤੱਕ ਕੋਈ ਪੁਖਤਾ ਇਲਾਜ ਨਹੀਂ ਅਤੇ ਇਹ ਆਪਣੇ ਆਪ ਠੀਕ ਹੋਣ ਵਾਲੀ ਹੈ ਪਰ ਇਸ ਦੀ ਰੋਕਥਾਮ ਵਾਸਤੇ ਬਹੁਤ ਸਾਰੇ ਕਦਮ ਚੁੱਕੇ ਗਏ ਹਨ ਜਿਨ੍ਹਾਂ ਨਾਲ ਭਾਰਤ ਵਰਗੇ ਵਿਸ਼ਾਲ ਦੇਸ਼ ਵਿਚ ਸਿਹਤ ਸੇਵਾਵਾਂ ਦੇ ਮੰਦੇ ਹਾਲ ਦੇ ਬਾਵਜੂਦ ਰੋਕਥਾਮ ਪ੍ਰਭਾਵਸ਼ਾਲੀ ਹੋਣ ਦੇ ਆਸਾਰ ਹਨ।
ਕਈ ਅਜਿਹੇ ਅਵਿਗਿਆਨਕ ਦਾਅਵੇ ਕਰ ਰਹੇ ਹਨ ਕਿ ਇਹ ਗਊ ਮੂਤਰ ਜਾਂ ਗਊ ਗੋਬਰ ਨਾਲ ਠੀਕ ਹੋ ਸਕਦਾ ਹੈ। ਕਈ ਇਹ ਕਹਿ ਕੇ ਸਾਰ ਰਹੇ ਹਨ ਕਿ ਭਾਰਤ ਦੇ ਜੀਨ (ਗੁਣ ਸੂਤਰ) ਬਹੁਤ ਤਕੜੇ ਹਨ; ਬੇਸ਼ੱਕ ਉਸੇ ਆਬਾਦੀ ਨੂੰ ਜਿਸ ਦੇ ਬਿਨਾਂ ਭੇਦਭਾਵ ਜੀਨ ਤਕੜੇ ਹੋਣਾ ਮੰਨਿਆ ਜਾ ਰਿਹਾ ਹੈ, ਨੂੰ ਧਰਮ, ਜਾਤ ਅਤੇ ਹੋਰ ਆਧਾਰ ਤੇ ਵਿਤਕਰੇ ਦਾ ਸ਼ਿਕਾਰ ਵੀ ਬਣਾਇਆ ਜਾ ਰਿਹਾ ਹੈ। ਕਈ ਡਾਕਟਰ ਵੀ ਅੱਗ ਲੱਗੀ ਤੋਂ ਪਾਣੀ ਪਾਉਣ ਦੇ ਯਤਨ ਕਰਨ ਦੀ ਥਾਂ ਲੋਕਾਂ ਨੂੰ ਅੱਗ-ਰੋਧਕ ਬਣਨ ਦੀ ਸਲਾਹ ਦੇ ਰਹੇ ਹਨ ਜੋ ਤਰਕਹੀਣ ਅਤੇ ਗੁੰਮਰਾਹਕੁਨ ਹੈ। ਇਸ ਵਕਤ ਇਸ ਬਿਮਾਰੀ ਨੂੰ ਰੋਕਥਾਮ ਦੀ ਲੋੜ ਹੈ ਪਰ ਇਹ ਦਾਨਸ਼ਮੰਦ, ਰੋਕਥਾਮ ਦੇ ਖ਼ਿਲਾਫ਼ ਹਨ ਅਤੇ ਦਾਅਵੇ ਕਰਦੇ ਹਨ ਕਿ ਰੋਕਥਾਮ ਦੀ ਲੋੜ ਹੀ ਨਹੀਂ ਸਗੋਂ ਇਮਿਊਨਿਟੀ ਵਧਾਉਣ ਦੀ ਲੋੜ ਹੈ। ਇਹ ਇਸ ਤੱਥ ਤੋਂ ਅੱਖਾਂ ਮੀਟ ਲੈਂਦੇ ਹਨ ਕਿ ਭਾਰਤ ਵਿਚ ਵੱਡੀ ਗਿਣਤੀ ਵਿਚ ਲੋਕ ਅਨੀਮੀਆ ਦਾ ਸ਼ਿਕਾਰ ਹਨ। ਪੰਜਾਬ ਵਿਚ ਹੀ 52% ਔਰਤਾਂ ਅਤੇ 22% ਪੁਰਸ਼ ਖੂਨ ਦੀ ਕਮੀ (ਅਨੀਮੀਆ) ਦਾ ਸ਼ਿਕਾਰ ਹਨ। ਇਨ੍ਹਾਂ ਤੋਂ ਬਿਨਾਂ ਬਹੁਤ ਸਾਰੀ ਜਨਤਾ ਕੁਪੋਸ਼ਣ ਦਾ ਸ਼ਿਕਾਰ ਹੈ। ਇਹ ਇਮਿਊਨਿਟੀ ਕਿਵੇਂ ਅਤੇ ਕਦੋਂ ਵਧਾਉਣਗੇ ਜਦਕਿ ਬਿਮਾਰੀ ਹੱਦਾਂ ਬੰਨੇ ਟੱਪ ਰਹੀ ਹੈ।
ਇਹ ਕਹਿਣਾ ਵੀ ਸਹੀ ਨਹੀਂ ਕਿ ਕਰੋਨਾ ਵਿਚ ਮੌਤ ਦਰ ਆਮ ਫਲੂ ਨਾਲੋਂ ਕਿਤੇ ਘੱਟ ਹੈ। ਇਹ ਗ਼ਲਤ ਬਿਆਨੀ ਹੈ ਅਤੇ ਹਕੀਕਤ ਤੇ ਤੱਥਾਂ ਤੋਂ ਵੀ ਅੱਖਾਂ ਮੀਚ ਕੇ ਕੂੜ ਪ੍ਰਚਾਰ ਦੇ ਤੁੱਲ ਹੈ। ਇਹ ਲੋਕ ਬਿਨਾਂ ਕਿਸੇ ਆਧਾਰ ਦੇ ਵ੍ਹਟਸਐਪ ਰਾਹੀਂ ਸਿਹਤ ਬਾਬਤ ਅਜਿਹੇ ਦਾਅਵੇ ਪੇਸ਼ ਕਰ ਰਹੇ ਹਨ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ। ਅੱਜ ਤੱਕ ਉਨ੍ਹਾਂ ਨੇ ਆਪਣੇ ਦਾਅਵਿਆਂ ਮੁਤਾਬਕ ਵਿਗਿਆਨਕ ਮਾਪਦੰਡਾਂ ਤਹਿਤ ਕੈਂਸਰ, ਬਲੱਡ ਪ੍ਰੈੱਸ਼ਰ ਤੇ ਸ਼ੂਗਰ ਦਾ ਇਲਾਜ ਹਫਤੇ ਦਸ ਦਿਨ ਵਿਚ ਪੱਕਾ ਕਰਨ ਦੇ ਸਬੂਤ ਪੇਸ਼ ਨਹੀਂ ਕੀਤੇ। ਇਹੀ ਲੋਕ ਨੇ ਜੋ ਆਪਣੇ ਆਪ ਨੂੰ ਬਾਬਾ ਰਾਮਦੇਵ ਦੇ ਚੇਲੇ ਵੀ ਦੱਸਦੇ ਹਨ ਅਤੇ ਗਊ ਮੂਤਰ ਦਾ ਵਪਾਰ ਵਧਾਉਣ ਦੇ ਵਕਤਾ ਬਣਦੇ ਹਨ।
ਅਜਿਹੇ ਹੀ ਕਈ ਲੋਕ ਇਹ ਕਹਿੰਦੇ ਹਨ ਕਿ ਭਾਰਤ ਸਰਕਾਰ ਕੋਲ ਕਰੋਨਾ ਦੇ ਇਲਾਜ ਦੇ ਪ੍ਰਬੰਧ ਨਹੀਂ ਜਦਕਿ ਇਕੱਲੇ ਪੰਜਾਬ ਵਿਚ ਹੀ ਸਿਹਤ ਵਿਭਾਗ ਨੇ ਸੈਂਕੜੇ ਬਿਸਤਰਿਆਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਹਾਂ, ਜਿਸ ਗੱਲ ਅਤੇ ਕਮਜ਼ੋਰੀ ਉੱਤੇ ਉਂਗਲ ਰੱਖਣ ਦੀ ਲੋੜ ਹੈ, ਉਸ ਤੋਂ ਇਹ ਕੰਨੀ ਕਤਰਾ ਰਹੇ ਹਨ। ਪਹਿਲੀ ਲੋੜ ਹੈ ਕਿ ਇਹ ਇੰਨੀਆਂ ਸਖਤ ਹਦਾਇਤਾਂ ਨਾਲ ਦਿਹਾੜੀਦਾਰਾਂ ਦੀ ਦਿਹਾੜੀ ਮਰ ਗਈ ਹੈ, ਉਹ ਜ਼ਿਆਦਾ ਦਿਨ ਘਰਾਂ ਅੰਦਰ ਬੰਦ ਨਹੀਂ ਰਹਿ ਸਕਦੇ। ਅਰਥਚਾਰਾ ਜਿਹੜਾ ਪਹਿਲਾਂ ਹੀ ਮਾੜੀ ਹਾਲਤ ਵਿਚ ਹੈ, ਹੋਰ ਵੀ ਡੋਲ ਗਿਆ। ਸਕੂਲ ਤੇ ਆਂਗਨਵਾੜੀਆਂ ਬੰਦ ਹੋਣ ਕਾਰਨ ਬੱਚਿਆਂ ਦੇ ਪੌਸ਼ਟਿਕ ਆਹਾਰ ਅਤੇ ਦੁਪਹਿਰ ਦੇ ਭੋਜਨ ਦੇ ਬੰਦ ਹੋਣ ਨਾਲ ਗਰੀਬ ਲੋਕਾਂ ਦੇ ਬੱਚਿਆਂ ਤੇ ਵੱਡਾ ਹਮਲਾ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਨੂੰ ਭੋਜਨ ਘਰਾਂ ਵਿਚ ਭੇਜੇ ਅਤੇ ਦਿਹਾੜੀਦਾਰਾਂ ਵਾਸਤੇ ਜਿਨ੍ਹਾਂ ਦੀ ਦਿਹਾੜੀ ਖੁੱਸ ਗਈ ਲਈ ਵੀ ਮੁਫ਼ਤ ਭੋਜਨ ਵੰਡਣ ਦਾ ਪ੍ਰਬੰਧ ਕਰੇ।
ਸਰਕਾਰ ਦੀ ਦੂਜੀ ਨਾਕਾਮਯਾਬੀ ਇਸ ਤੱਥ ਵਿਚ ਹੈ ਕਿ ਕਰੋਨਾਵਾਇਰਸ ਹਵਾਈ ਉਡਾਣਾਂ ਰਾਹੀਂ ਇਸ ਦੇਸ਼ ਵਿਚ ਆਇਆ ਹੈ। ਇਸ ਦੇ ਪ੍ਰਵੇਸ਼ ਨੂੰ ਰੋਕਣ ਵਾਸਤੇ ਮੁੱਖ ਰੂਪ ਵਿਚ ਹਵਾਈ ਅੱਡਿਆਂ ਦਾ ਪੁਖਤਾ ਕੰਟਰੋਲ ਜ਼ਰੂਰੀ ਸੀ ਜੋ ਨਹੀਂ ਕੀਤਾ ਗਿਆ। ਜੇਕਰ ਫਰਵਰੀ ਵਿਚ ਇਸ ਵਬਾ ਦੇ ਸਾਹਮਣੇ ਆਉਣ ਤੇ ਹੀ ਹਵਾਈ ਅੱਡਿਆਂ ਉੱਤੇ ਹਰ ਯਾਤਰੀ ਜਿਹੜੇ ਮੌਕੇ ਤੇ ਸ਼ੱਕੀ ਵੀ ਨਹੀਂ ਸਨ, ਉਨ੍ਹਾਂ ਦਾ ਮੁਆਇਨਾ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਪਹੁੰਚਾ ਕੇ ਘਰਾਂ ਵਿਚ ਹੀ ਵੱਖਰੇ ਰੱਖਣ ਦੀ ਲੋੜ ਸੀ; ਟਰਾਂਸਪੋਰਟ ਦੇ ਖਰਚੇ ਉਨ੍ਹਾਂ ਤੋਂ ਵਸੂਲ ਲਏ ਜਾਂਦੇ। ਹਰ ਯਾਤਰੀ ਦੇ ਚਿਪ ਲਗਾ ਕੇ ਉਸ ਦੀ ਮਾਨਿਟਰਿੰਗ ਕੀਤੀ ਜਾ ਸਕਦੀ ਸੀ। ਇਸ ਤਰ੍ਹਾਂ ਕਰਨ ਨਾਲ ਸਕੂਲਾਂ-ਕਾਲਜਾਂ, ਦਫਤਰਾਂ ਤੇ ਹੋਰ ਅਦਾਰਿਆਂ ਨੂੰ ਬੰਦ ਕਰਨ ਦੀ ਨੌਬਤ ਨਹੀਂ ਸੀ ਆਉਣੀ। ਵਿਦੇਸ਼ ਯਾਤਰਾ ਕਰਨ ਵਾਲਿਆਂ ਦੀ ਸਹੀ ਮਾਨਿਟਰਿੰਗ ਨਾ ਕੀਤੇ ਜਾਣ ਕਰ ਕੇ ਹੁਣ ਕੋਈ ਹੋਰ ਚਾਰਾ ਨਾ ਬਚਣ ਕਰ ਕੇ 135 ਕਰੋੜ ਲੋਕਾਂ ਨੂੰ ਦੋਜਖ ਦੀ ਭੱਠੀ ਵਿਚ ਝੋਕਿਆ ਗਿਆ ਹੈ।
ਜੇਕਰ ਇਸ ਵਾਇਰਸ ਦਾ ਚਰਿੱਤਰ ਅਤੇ ਵਰਤਾਰਾ ਦੇਖਿਆ ਜਾਵੇ ਤਾਂ ਇਹ ਹਾਈਪਰਟੋਨਿਕ ਸੇਲਾਈਨ ਵਿਚ ਬਚਦਾ ਨਹੀਂ; ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਪਾਣੀ ਵਿਚ ਨਮਕ ਪਾ ਕੇ ਹੱਥ ਡੁਬੋਣ ਨਾਲ ਇਹ ਵਾਇਰਸ ਹੱਥ ਉੱਤੇ ਨਹੀਂ ਰਹੇਗਾ ਅਤੇ ਸੇਲਾਈਨ ਵਾਲਾ ਹੱਥ ਜਿਸ ਹੈਂਡਲ ਆਦਿ ਉੱਤੇ ਲੱਗੇਗਾ, ਉਸ ਉਪਰ ਵੀ ਵਾਇਰਸ ਮਰ ਜਾਵੇਗਾ। ਇਸ ਵਾਸਤੇ ਥੋੜ੍ਹਾ ਜਿਹਾ ਨਮਕ ਜੇਕਰ ਕੋਲ ਹੋਵੇ ਤਾਂ ਉਸ ਨੂੰ ਹੱਥ ਤੇ ਮਾਮੂਲੀ ਲਗਾਉਣ ਨਾਲ ਬਾਕੀ ਹੋਰ ਇਹਤਿਆਤ ਦੇ ਨਾਲ ਨਾਲ ਬੱਚਤ ਹੋਣ ਦੀ ਸੰਭਾਵਨਾ ਵਧ ਸਕਦੀ ਹੈ। ਇਹ ਤਰਕ ਭਰਪੂਰ ਵਿਗਿਆਨਿਕ ਤੇ ਮੁਫ਼ਤ ਬਦਲ ਹੈ ਜਿਸ ਦਾ ਕੋਈ ਨੁਕਸਾਨ ਨਹੀਂ ਜਾਪਦਾ, ਪਰ ਵਾਰ ਵਾਰ ਹੱਥ ਧੋਣਾ ਤਾਂ ਜ਼ਰੂਰੀ ਹੈ ਹੀ ਅਤੇ 6 ਫੁੱਟ ਦੀ ਦੂਰੀ ਉੱਤੇ ਰਹਿਣਾ ਵੀ ਜ਼ਰੂਰੀ ਹੈ। ਖੰਘ ਜਾਂ ਛਿੱਕ ਮਾਰਨ ਵੇਲੇ ਕੂਹਣੀ ਜਾਂ ਰੁਮਾਲ ਨਾਲ ਮੂੰਹ ਢੱਕਣ ਦੀ ਲੋੜ ਹੈ। ਬਿਮਾਰ ਦੇ ਪਾਸ ਜਾਣ ਵੇਲੇ, ਖੰਘ-ਜ਼ੁਕਾਮ ਵਾਲਿਆਂ ਅਤੇ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਅਮਲੇ ਵਾਸਤੇ ਮਾਸਕ ਪਹਿਨਣ ਦੀ ਲੋੜ ਹੈ। ਸਭ ਤੋਂ ਵੱਧ ਹੁਣ ਠਰ੍ਹੰਮੇ ਸਹਿਜ, ਸਹਿਯੋਗ ਨਾਲ ਅਫਵਾਹਾਂ ਤੋਂ ਗੁਰੇਜ਼ ਕਰ ਕੇ ਸੁਚੇਤ ਰਹਿਣ ਦੀ ਲੋੜ ਹੈ।

Check Also

ਵਿਕਸਤ ਭਾਰਤ ਦੇ ਸੁਫਨੇ ਦੀ ਹਕੀਕਤ

ਕ੍ਰਿਸ਼ਨਾ ਰਾਜ ਭਾਰਤ ਸਾਲ 2047 ਤੱਕ ਉਚ ਆਮਦਨ ਵਾਲਾ ਵਿਕਸਤ ਮੁਲਕ ਬਣਨ ਦੀ ਲੋਚਾ ਰੱਖਦਾ …