-12.6 C
Toronto
Tuesday, January 20, 2026
spot_img
Homeਪੰਜਾਬਪੰਜਾਬ ਦੇ ਮਾਣਮੱਤੇ ਖਿਡਾਰੀਆਂ ਦੀ ਨਿਗੂਣੀ ਪੈਨਸ਼ਨ ਖੁੱਸਣ ਦੇ ਅਸਾਰ

ਪੰਜਾਬ ਦੇ ਮਾਣਮੱਤੇ ਖਿਡਾਰੀਆਂ ਦੀ ਨਿਗੂਣੀ ਪੈਨਸ਼ਨ ਖੁੱਸਣ ਦੇ ਅਸਾਰ

ਅਰਜਨ ਐਵਾਰਡੀ ਖਿਡਾਰੀਆਂ ਨੂੰ ਸਰਕਾਰ 600 ਰੁਪਏ ਪ੍ਰਤੀ ਮਹੀਨਾ ਪਨਸ਼ਨ ਦੇ ਕੇ ਮਾਣ ਦੀ ਥਾਂ ਕਰ ਰਹੀ ਹੈ ਅਪਮਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਸੂਬੇ ਦੇ ਅਰਜਨ ਐਵਾਰਡੀ, ਓਲੰਪੀਅਨਾਂ ਅਤੇ ਮਾਣਮੱਤੇ ਖਿਡਾਰੀਆਂ ਨੂੰ ਮਿਲਦੀਆਂ ਨਿਗੂਣੀਆਂ ਪੈਨਸ਼ਨਾਂ ਵੀ ਖੁੱਸਣ ਦੇ ਅਸਾਰ ਬਣ ਗਏ ਹਨ। ਦੇਸ਼ ਤੇ ਪੰਜਾਬ ਲਈ ਕੌਮਾਂਤਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ (ਵੈਟਰਨ ਪਲੇਅਰਾਂ) ਨੂੰ ਪਿਛਲੇ ਇਕ ਸਾਲ ਤੋਂ ਨਾਮਾਤਰ ਪੈਨਸ਼ਨਾਂ ਵੀ ਨਸੀਬ ਨਹੀਂ ਹੋਈਆਂ। ਅਰਜਨ ਐਵਾਰਡੀ ਖਿਡਾਰੀਆਂ ਨੂੰ ਸਰਕਾਰ 600 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਕੇ ਮਾਣ ਦੀ ਥਾਂ ਉਲਟਾ ਅਪਮਾਨ ਕਰ ਰਹੀ ਹੈ। ਪੰਜਾਬ ਦੇ ਓਲੰਪੀਅਨ, ਅਰਜਨ ਐਵਾਰਡੀਜ਼ ਅਤੇ ‘ਗੋਲਡਨ ਗਰਲ’ ਜਿਹੇ ਰੁਤਬੇ ਹਾਸਲ ਕਰਨ ਵਾਲੇ ਖਿਡਾਰੀਆਂ ਨੇ ਸੰਸਥਾ ‘ਪੰਜਾਬ ਸਪੋਰਟਸ ਸੁਪਰ ਸਟਾਰ’ ਰਾਹੀਂ ਹੁਣ ਆਪਣੇ ਵੱਕਾਰ ਨੂੰ ਬਹਾਲ ਕਰਨ ਲਈ ਨਵੀਂ ਪਹਿਲਕਦਮੀ ਕੀਤੀ ਹੈ। ਇਸ ਸੰਸਥਾ ਦੇ ਪ੍ਰਧਾਨ ਅਰਜਨ ਐਵਾਰਡੀ ਤੇ ਹਾਕੀ ਸਟਾਰ ਬ੍ਰਿਗੇਡੀਅਰ ਹਰਚਰਨ ਸਿੰਘ, ਜਨਰਲ ਸਕੱਤਰ ਅਰਜਨ ਐਵਾਰਡੀ ਤੇ ਬਾਸਕਟਬਾਲ ਸਟਾਰ ਸੱਜਣ ਸਿੰਘ ਚੀਮਾ ਅਤੇ ਕੈਸ਼ੀਅਰ ਹਾਕੀ ਦੀ ਗੋਲਡਨ ਗਰਲ ਤੇ ਅਰਜਨ ਐਵਾਰਡੀ ਰਾਜਬੀਰ ਕੌਰ ਸਮੇਤ ਅਰਜਨ ਐਵਾਰਡੀ ਫੁਟਬਾਲਰ ਗੁਰਦੇਵ ਸਿੰਘ, ਹਾਕੀ ਓਲੰਪੀਅਨ ਗੁਰਮੇਲ ਸਿੰਘ, ਵਰਿੰਦਰ ਸਿੰਘ, ਦਵਿੰਦਰ ਸਿੰਘ ਗਰਚਾ ਤੇ ਅਜੀਤ ਸਿੰਘ, ਹਾਕੀ ਦੀ ਉੱਘੀ ਖਿਡਾਰਨ ਸਰੋਜ ਬਾਲਾ ਤੇ ਜਗਦੀਪ ਸਿੰਘ ਰਿੰਪੀ, ਬਾਡੀ ਬਿਲਡਰ ਪ੍ਰੇਮ ਚੰਦ ਢੀਂਗਰਾ, ਐਥਲੀਟ ਜਗਦੀਸ਼ ਸਿੰਘ ਦਿਓਲ ਤੇ ਹੋਰਾਂ ਨੇ ਅੱਜ ਇੱਥੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਅੱਗੇ ਆਪਣੇ ਮਨਾਂ ਦੇ ਵਲਵਲੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਇਕ ਸਾਲ ਤੋਂ ਨਿਗੂਣੀਆਂ ਪੈਨਸ਼ਨਾਂ ਵੀ ਨਸੀਬ ਨਹੀਂ ਹੋਈਆਂ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਖਿਡਾਰੀਆਂ ਦੀਆਂ ਪੈਨਸ਼ਨਾਂ ਵਧਾਉਣ ਦਾ ਜਾਰੀ ਕੀਤੀ ਨੋਟੀਫ਀ਿ ਉਲਟਾ ਉਨ੍ਹਾਂ ਲਈ ਸਰਾਪ ਸਿੱਧ ਹੋ ਰਿਹਾ ਹੈ ਕਿਉਂਕਿ ਇਸ ਨਾਲ ਪੰਜਾਬ ਦੇ ਖਿਡਾਰੀਆਂ ਨੂੰ ਪਹਿਲਾਂ ਮਿਲਦੀਆਂ ਨਿਗੂਣੀਆਂ ਪੈਨਸ਼ਨਾਂ ਵੀ ਖੁੱਸਣ ਦੇ ਅਸਾਰ ਬਣ ਗਏ ਹਨ। ਬ੍ਰਿਗੇਡੀਅਰ ਹਰਚਰਨ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਨਵੀਂ ਪੈਨਸ਼ਨ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਸ਼ਰਤ ਲਾਈ ਹੈ ਕਿ ਪੈਨਸ਼ਨ ਉਸੇ ਖਿਡਾਰੀ ਨੂੰ ਮਿਲੇਗੀ, ਜਿਸ ਦੀ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਘੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਤਕਰੀਬਨ 125 ਦੇ ਕਰੀਬ ਖਿਡਾਰੀਆਂ ਨੂੰ ਹੀ ਪੈਨਸ਼ਨ ਮਿਲਦੀ ਹੈ ਅਤੇ ਸਾਲਾਨਾ 6 ਲੱਖ ਰੁਪਏ ਤੋਂ ਘੱਟ ਆਮਦਨ ਹੋਣ ਦੀ ਲਾਈ ਸ਼ਰਤ ਕਾਰਨ ਤਕਰੀਬਨ ਸਾਰੇ ਖਿਡਾਰੀਆਂ ਦੇ ਪੈਨਸ਼ਨ ਤੋਂ ਵਾਂਝੇ ਹੋਣ ਦੇ ਆਸਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਨੋਟੀਫਿਕੇਸ਼ਨ ਵਿਚ ਵੈਟਰਨ ਪਲੇਅਰਾਂ ਨੂੰ 40 ਸਾਲ ਦੀ ਉਮਰ ਤੋਂ ਪੈਨਸ਼ਨ ਦੇਣ ਦਾ ਫ਼ੈਸਲਾ ਵੀ ਗਲਤ ਹੈ। ਨੋਟੀਫਿਕੇਸ਼ਨ ਅਨੁਸਾਰ ਓਲੰਪਿਕ ਵਿਚੋਂ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ 15,000 ਰੁਪਏ ਪ੍ਰਤੀ ਮਹੀਨਾ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿਚੋਂ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 7,500 ਰੁਪਏ ਅਤੇ ਕੌਮੀ ਖੇਡਾਂ ਵਿਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ 5000 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਭਾਰਤ ਸਰਕਾਰ ਖਿਡਾਰੀਆਂ ਦੇ ਵੱਖ-ਵੱਖ ਵਰਗਾਂ ਨੂੰ 12 ਹਜ਼ਾਰ ਰੁਪਏ ਤੋਂ ਲੈ ਕੇ 20 ਹਜ਼ਾਰ ਰੁਪਏ ਤੱਕ ਪੈਨਸ਼ਨ ਦੇ ਰਹੀ ਹੈ। ਖਿਡਾਰੀਆਂ ਨੇ ਦੱਸਿਆ ਕਿ ਹਾਲੇ ਤੱਕ ਪੰਜਾਬ ਤੇ ਦੇਸ਼ ਦਾ ਕੌਮਾਂਤਰੀ ਪੱਧਰ ‘ਤੇ ਨਾਂ ਚਮਕਾਉਣ ਵਾਲੇ ਕਈ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਵੀ ਨਹੀਂ ਦਿੱਤੇ ਗਏ।
ਖਿਡਾਰੀਆਂ ਲਈ ਖੇਡਣ ਦੇ ਮੌਕੇ ਘਟਣ ਕਾਰਨ ਖੇਡਾਂ ‘ਚ ਪੱਛੜਿਆ ਪੰਜਾਬ
ਕੌਮਾਂਤਰੀ ਖਿਡਾਰੀਆਂ ਨੇ ਪੰਜਾਬ ਵਿਚ ਖੇਡਾਂ ਦੇ ਨਿਘਾਰ ‘ਤੇ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਪਹਿਲਾਂ ਸੂਬੇ ਵਿਚ ਖਰਾਬ ਮਾਹੌਲ ਨੇ ਖੇਡ ਖੇਤਰ ਨੂੰ ਸੱਟ ਮਾਰੀ ਸੀ ਅਤੇ ਹੁਣ ਨਸ਼ਿਆਂ ਨੇ ਇਸ ਖੇਤਰ ਨੂੰ ਢਾਹ ਲਈ ਹੈ। ਖੇਡ ਮਹਾਰਥੀਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਉਡਾਰੀ ਮਾਰਨ ਦੇ ਰੁਝਾਨ ਨੇ ਵੀ ਪੰਜਾਬ ਨੂੰ ਖੇਡਾਂ ਪੱਖੋਂ ਪਛਾੜਿਆ ਹੈ। ਸੂਬੇ ਵਿਚ ਖਿਡਾਰੀਆਂ ਲਈ ਨੌਕਰੀਆਂ ਨਾਮਾਤਰ ਹੀ ਰਹਿ ਜਾਣ ਕਾਰਨ ਵੀ ਖੇਡ ਮੈਦਾਨ ਖਿਡਾਰੀਆਂ ਤੋਂ ਸੱਖਣੇ ਹੋ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਖੇਡ ਮੈਦਾਨ ਵੀ ਨਾਮਾਤਰ ਹਨ। ਖੇਡ ਹਸਤੀਆਂ ਨੇ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਉਹ ਖਿਡਾਰੀਆਂ ਦੀ ਨਵੀਂ ਪਨੀਰੀ ਤਿਆਰ ਕਰਨ ਲਈ ਆਪਣੀਆਂ ਮੁਫ਼ਤ ਸੇਵਾਵਾਂ ਦੇਣ ਲਈ ਤਿਆਰ ਹਨ।

RELATED ARTICLES
POPULAR POSTS