![](https://parvasinewspaper.com/wp-content/uploads/2019/09/10909419CD-_SIDHU-9919-AMRITSAR-VISHAL26-copy-300x193.jpg)
ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਦੂਰੀ ਬਰਕਰਾਰ ਰੱਖਦਿਆਂ ਸੋਮਵਾਰ ਨੂੰ ਆਪਣੇ ਅੰਮ੍ਰਿਤਸਰ (ਪੂਰਬੀ) ਵਿਧਾਨ ਸਭਾ ਹਲਕੇ ਵਿਚ ਦੋ ਮੁਫਤ ਸਕੂਲਾਂ ਦਾ ਉਦਘਾਟਨ ਕੀਤਾ ਅਤੇ ਸਮਾਰਟ ਸਿਟੀ ਯੋਜਨਾ ਹੇਠ ਸਰਕਾਰੀ ਸਕੂਲ ਨੂੰ ਅਪਗਰੇਡ ਕੀਤਾ। ਇਹ ਮੁਫਤ ਸਕੂਲ ਏਕਤਾ ਨਗਰ ਅਤੇ ਰਾਜਿੰਦਰ ਨਗਰ ਵਿਚ ਸਵੈ ਸੇਵੀ ਜਥੇਬੰਦੀਆਂ ਵਲੋਂ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਉਦਘਾਟਨ ਕਰਨ ਮਗਰੋਂ ਕਿਹਾ ਕਿ ਅਜਿਹੇ ਹੋਰ ਮੁਫਤ ਸਕੂਲ ਖੋਲ੍ਹੇ ਜਾਣਗੇ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚੇ ਮੁਫਤ ਸਿੱਖਿਆ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੈ ਤਾਂ ਉਨ੍ਹਾਂ ਦੇ ਬੱਚੇ ਮੁੱਢਲੀ ਸਿੱਖਿਆ ਤੋਂ ਵਾਂਝੇ ਨਹੀਂ ਰਹਿਣੇ ਚਾਹੀਦੇ।
ਇਸ ਮੌਕੇ ਬੱਚਿਆਂ ਨੂੰ ਕਾਪੀਆਂ, ਵਰਦੀਆਂ ਤੇ ਸਕੂਲ ਬੈਗ ਵੀ ਵੰਡੇ ਗਏ।
ਸਰਕਾਰੀ ਸਕੂਲ ਨੂੰ ਅਪਗਰੇਡ ਕਰਨ ਦੀ ਇਹ ਯੋਜਨਾ ਸਿੱਧੂ ਵਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੁੰਦਿਆਂ ਪ੍ਰਵਾਨ ਕੀਤੀ ਗਈ ਸੀ, ਜਿਸ ਉਪਰ 34 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਸਕੂਲ ਵਾਸਤੇ ਪੰਜ ਲੱਖ ਰੁਪਏ ਦੀ ਵਾਧੂ ਗਰਾਂਟ ਦਾ ਵੀ ਐਲਾਨ ਕੀਤਾ। ਉਨ੍ਹਾਂ ਲਗਪਗ ਤਿੰਨ ਘੰਟੇ ਆਪਣੇ ਸਮਰਥਕਾਂ, ਸਕੂਲ ਅਮਲੇ ਅਤੇ ਵਿਦਿਆਰਥੀਆਂ ਨਾਲ ਬਿਤਾਏ। ਉਨ੍ਹਾਂ ਸਰਕਾਰੀ ਸਕੂਲ ਦੇ ਢਾਂਚੇ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਸਵੈ ਸੇਵੀ ਜਥੇਬੰਦੀ ਨੋਬਲ ਫਾਊਂਡੇਸ਼ਨ ਦੇ ਨੁਮਾਇੰਦੇ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਿੱਧੂ ਮੰਤਰੀ ਦਾ ਅਹੁਦਾ ਛੱਡਣ ਮਗਰੋਂ ਤੀਜੀ ਵਾਰ ਆਪਣੇ ਹਲਕੇ ਵਿਚ ਪੁੱਜੇ ਹਨ।