
ਡਾ. ਸੁਖਵਿੰਦਰ ਸੁੱਖੀ ਨੇ ਕੈਬਨਿਟ ਰੈਂਕ ਵੀ ਛੱਡਿਆ
ਚੰਡੀਗੜ੍ਹ/ਬਿਊਰੋ ਨਿਊਜ਼
ਹਲਕਾ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮਿਲਿਆ ਕੈਬਨਿਟ ਰੈਂਕ ਵੀ ਛੱਡ ਦਿੱਤਾ ਹੈ। ਕਰੀਬ ਇਕ ਸਾਲ ਪਹਿਲਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਡਾ. ਸੁੱਖੀ ਨੂੰ ਕੈਬਨਿਟ ਰੈਂਕ ਸਮੇਤ ਚੇਅਰਮੈਨੀ ਦਿੱਤੀ ਸੀ। ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਦੌਰਾਨ 169 ਸਰੂਪ ਮਿਲਣ ਦੇ ਦਾਅਵੇ ਮਗਰੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ 2022 ’ਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਹਲਕਾ ਬੰਗਾ ਤੋਂ ਜਿੱਤ ਹਾਸਲ ਕੀਤੀ ਸੀ ਅਤੇ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ। ਉਨ੍ਹਾਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਧਾਰਮਿਕ ਅਸਥਾਨ ’ਤੇ ਕਿਹਾ ਕਿ ਉਨ੍ਹਾਂ ਲਈ ਇਸ ਸਥਾਨ ਲਈ ਸਤਿਕਾਰ ਸਭ ਤੋਂ ਵੱਡਾ ਹੈ ਅਤੇ ਇਸ ਸਤਿਕਾਰ ਵਜੋਂ ਹੀ ਉਹ ਚੇਅਰਮੈਨੀ ਤੇ ਕੈਬਨਿਟ ਰੈਂਕ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਵੀਡੀਓ ਸੰਦੇਸ਼ ਰਾਹੀਂ ਕਿਹਾ ਕਿ ਉਹ ‘ਆਪ’ ਲੀਡਰਸ਼ਿਪ ਨੂੰ ਜ਼ਰੂਰ ਦੱਸਣਗੇ ਕਿ ਇਸ ਧਾਰਮਿਕ ਸਥਾਨ ’ਤੇ ਅਖੰਡ ਪਾਠ ਸਾਹਿਬ ਦੀ ਕੋਈ ਮਰਿਆਦਾ ਭੰਗ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਘੀ ਕਾਨਫਰੰਸ ਮੌਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹਵਾਲੇ ਨਾਲ ਕਿਹਾ ਸੀ ਕਿ ਬੰਗਾ ਦੇ ਇਸ ਧਾਰਮਿਕ ਸਥਾਨ ਤੋਂ 169 ਸਰੂਪ ਮਿਲੇ ਹਨ ਜਿਨ੍ਹਾਂ ’ਚੋਂ ਬਹੁਤੇ ਸਰੂਪਾਂ ਦਾ ਕੋਈ ਰਿਕਾਰਡ ਨਹੀਂ ਮਿਲਿਆ ਹੈ।

