Breaking News
Home / ਸੰਪਾਦਕੀ / ਭਾਰਤ ਵਿਚ ਵਧ ਰਹੀ ਪਾਣੀ ਦੀ ਸਮੱਸਿਆ

ਭਾਰਤ ਵਿਚ ਵਧ ਰਹੀ ਪਾਣੀ ਦੀ ਸਮੱਸਿਆ

ਭਾਰਤ ਸਾਹਮਣੇ ਦੋ ਅਤਿ ਗੰਭੀਰ ਸਮੱਸਿਆਵਾਂ ਖੜ੍ਹੀਆਂ ਹਨ, ਪਹਿਲੀ ਹੈ ਲਗਾਤਾਰ ਵਧਦੀ ਹੋਈ ਆਬਾਦੀ ਅਤੇ ਦੂਸਰੀ ਹੈ ਲਗਾਤਾਰ ਪਾਣੀ ਦਾ ਘਟਦੇ ਜਾਣਾ। ਆਬਾਦੀ ਨੂੰ ਠੱਲ੍ਹ ਪਾਉਣ ਲਈ ਹਾਲੇ ਤੱਕ ਪ੍ਰਭਾਵਸ਼ਾਲੀ ਅਤੇ ਚੰਗੀਆਂ ਯੋਜਨਾਵਾਂ ਸਾਹਮਣੇ ਨਹੀਂ ਆਈਆਂ, ਜਿਨ੍ਹਾਂ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਇਹ ਗੱਲ ਯਕੀਨੀ ਹੈ ਕਿ ਜੇ ਹੁਣ ਤੋਂ ਹੀ ਸਰਾਲ ਵਾਂਗ ਵਧਦੀ ਆਬਾਦੀ ਨੂੰ ਰੋਕਣ ਲਈ ਹੀਲੇ-ਵਸੀਲੇ ਨਾ ਕੀਤੇ ਗਏ ਤਾਂ ਇਸ ਮੁਹਾਜ਼ ‘ਤੇ ਆਉਣ ਵਾਲਾ ਸੰਕਟ ਬੇਹੱਦ ਗੰਭੀਰ ਹੋਵੇਗਾ। ਦੂਸਰੇ ਪਾਸੇ ਜੇਕਰ ਪਾਣੀ ਨੂੰ ਬਚਾਉਣ ਲਈ ਹਰ ਪੱਧਰ ‘ਤੇ ਵੱਡੀਆਂ ਯੋਜਨਾਵਾਂ ਨਾ ਬਣਾਈਆਂ ਗਈਆਂ ਤਾਂ ਇਸ ਮੁਹਾਜ਼ ‘ਤੇ ਪੈਦਾ ਹੋਇਆ ਸੰਕਟ ਪਹਿਲੇ ਨਾਲੋਂ ਵੀ ਵਧੇਰੇ ਗੰਭੀਰ ਹੋਵੇਗਾ। ਇਹ ਗੱਲ ਵੀ ਯਕੀਨੀ ਬਣੀ ਨਜ਼ਰ ਆਉਂਦੀ ਹੈ ਕਿ ਦੁਨੀਆ ਭਰ ਵਿਚ ਪਾਣੀ ਦੇ ਮਸਲੇ ਨੂੰ ਲੈ ਕੇ ਵੱਡੀਆਂ ਲੜਾਈਆਂ ਹੋਣਗੀਆਂ। ਆਪਣੇ ਦੇਸ਼ ‘ਚ ਵੀ ਪਾਣੀਆਂ ਦੇ ਅੰਤਰਰਾਜੀ ਝਗੜੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਵੱਡੀ ਆਬਾਦੀ ਵਾਲੇ ਦੇਸ਼ ਵਿਚ ਦੁਨੀਆ ਭਰ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ਵਿਚੋਂ ਇਸ ਕੋਲ ਸਿਰਫ਼ 4 ਫ਼ੀਸਦੀ ਸਰੋਤ ਹੀ ਰਹਿ ਗਏ ਹਨ। ਹਾਲਾਂਕਿ ਅੱਜ ਵੀ ਅਸੀਂ ਦੇਸ਼ ਵਿਚ ਕਲ-ਕਲ ਵਹਿੰਦੇ ਦਰਿਆਵਾਂ ਦਾ ਜ਼ਿਕਰ ਕਰਦੇ ਹਾਂ। ਇਹ ਗੱਲ ਵੀ ਅਫ਼ਸੋਸਨਾਕ ਹੈ ਕਿ ਸਾਡੇ ਪਾਣੀ ਦੇ ਸੋਮੇ ਲਗਾਤਾਰ ਵੱਡੀ ਪੱਧਰ ‘ਤੇ ਪ੍ਰਦੂਸ਼ਿਤ ਹੋ ਰਹੇ ਹਨ।
ਸਦੀਆਂ ਪਹਿਲਾਂ ਬਾਹਰੋਂ ਇੱਥੇ ਆ ਕੇ ਵਸਣ ਵਾਲੇ ਲੋਕਾਂ ਨੇ ਪਾਣੀ ਦੇ ਸਰੋਤਾਂ ਨੇੜੇ ਹੀ ਆਪਣੀਆਂ ਬਸਤੀਆਂ ਵਸਾਈਆਂ ਸਨ ਜਾਂ ਰਹਿਣ ਦੇ ਟਿਕਾਣੇ ਕੀਤੇ ਸਨ। ਇਸੇ ਕਰਕੇ ਹੀ ਭਾਰਤ ਦੀਆਂ ਪੁਰਾਤਨ ਸੱਭਿਆਤਾਵਾਂ ਪ੍ਰਫੁਲਿਤ ਹੋ ਸਕੀਆਂ ਸਨ। ਉਸ ਸਮੇਂ ਵੀ ਲੋਕ ਪਾਣੀ ਦੇ ਮਹੱਤਵ ਨੂੰ ਜਾਣਦੇ ਸਨ। ਇਸੇ ਲਈ ਹੀ ਦਰਿਆਵਾਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਇਹ ਕਿਹਾ ਜਾਂਦਾ ਸੀ ਕਿ ਜਿਥੇ ਪਾਣੀ ਹੈ, ਉਥੇ ਹੀ ਜੀਵਨ ਧੜਕਦਾ ਹੈ, ਪਰ ਅੱਜ ਇਹ ਸਰੋਤ ਵੱਡੀ ਹੱਦ ਤੱਕ ਸੁੱਕਦੇ ਅਤੇ ਮੁੱਕਦੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਦੇਸ਼ ਵਿਚ ਹਰ ਪਾਸੇ ਪਾਣੀ ਦੀ ਹੋ ਰਹੀ ਦੁਰਵਰਤੋਂ ਹੈ। ਅੱਜ ਵੀ ਇਸ ਅਹਿਮ ਸਰੋਤ ਪ੍ਰਤੀ ਲੋਕਾਂ ਵਿਚ ਚੇਤਨਾ ਨਹੀਂ ਆਈ। ਨਾ ਹੀ ਇਨ੍ਹਾਂ ਸਰੋਤਾਂ ਨੂੰ ਬਚਾਉਣ ਪ੍ਰਤੀ ਉਹ ਯਤਨਸ਼ੀਲ ਹੀ ਹੋਏ ਹਨ। ਇਸ ਕੰਮ ਵਿਚ ਸਰਕਾਰਾਂ ਦੀ ਯੋਜਨਾਬੰਦੀ ਸ਼ਾਮਿਲ ਹੋ ਸਕਦੀ ਹੈ, ਪਰ ਇਸ ਤੋਂ ਵੀ ਅਹਿਮ ਇਸ ਖ਼ਜ਼ਾਨੇ ਨੂੰ ਬਚਾਉਣ ਸੰਬੰਧੀ ਲੋਕਾਂ ਵਿਚ ਚੇਤਨਾ ਦਾ ਪੈਦਾ ਹੋਣਾ ਜ਼ਰੂਰੀ ਹੈ। ਬਿਨਾਂ ਸ਼ੱਕ ਤਤਕਾਲੀ ਸਰਕਾਰਾਂ ਨੇ ਇਸ ਪਾਸੇ ਕਾਫ਼ੀ ਯਤਨ ਕੀਤੇ ਹਨ, ਪਰ ਉਨ੍ਹਾਂ ਦੇ ਵਧੀਆ ਨਤੀਜੇ ਸਾਹਮਣੇ ਨਹੀਂ ਆਏ। ਅੱਜ ਸਰਦੀਆਂ-ਗਰਮੀਆਂ ਵਿਚ ਦੇਸ਼ ਦੇ ਬਹੁਤ ਸਾਰੇ ਹਿੱਸੇ ਪਾਣੀ ਦੇ ਸੰਕਟ ਨਾਲ ਜੂਝਦੇ ਦਿਖਾਈ ਦਿੰਦੇ ਹਨ। ਜਿੱਥੇ-ਜਿੱਥੇ ਬਾਰਿਸ਼ਾਂ ਆਪਣਾ ਵਰਦਾਨ ਨਾ ਦੇਣ, ਉੱਥੇ-ਉੱਥੇ ਹੀ ਸੋਕੇ ਦੀ ਕਰੋਪੀ ਪੈਦਾ ਹੋ ਜਾਂਦੀ ਹੈ। ਇਸ ਸੰਬੰਧੀ ਲੋਕ ਅੰਦੋਲਨ ਚਲਾਉਣ ਦੀ ਸਖ਼ਤ ਲੋੜ ਮਹਿਸੂਸ ਹੁੰਦੀ ਹੈ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸੰਬੰਧੀ ਆਪਣੇ ਸੰਬੋਧਨ ਵਿਚ ਭਾਵਪੂਰਤ ਗੱਲਾਂ ਕਹੀਆਂ ਹਨ, ਜਿਨ੍ਹਾਂ ‘ਤੇ ਤੁਰੰਤ ਅਮਲ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪਾਣੀ ਨੂੰ ਇਕੱਤਰ ਕਰਨਾ, ਇਸ ਦੀ ਸੁਰੱਖਿਆ ਕਰਨਾ ਅਤੇ ਇਸ ਦੇ ਸਰੋਤਾਂ ਨੂੰ ਪੂਰੀ ਤਰ੍ਹਾਂ ਸਾਂਭਣ ਲਈ ਆਖਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਾਣੀ ਦੀ ਸੋਚ ਸਮਝ ਕੇ ਅਤੇ ਸੁਚੱਜੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਦਾ ਦੁਬਾਰਾ ਉਪਯੋਗ ਕਰਨਾ ਚਾਹੀਦਾ ਹੈ। ਧਰਤੀ ਦੀ ਕੁੱਖ ਨੂੰ ਵੀ ਪਾਣੀ ਨਾਲ ਮੁੜ ਤੋਂ ਲਬੋਲਬ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਦੀ ਸੰਭਾਲ ਅਤੇ ਵਰਤੋਂ ਲਈ ਨਵੀਆਂ ਤਕਨੀਕਾਂ ਅਪਣਾਈਆਂ ਜਾਣੀਆਂ ਚਾਹੀਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਬਹੁਤਾ ਪਾਣੀ ਸਿੰਚਾਈ ਲਈ ਵਰਤਿਆ ਜਾਂਦਾ ਹੈ। ਇਸ ਲਈ ਖੇਤਾਂ ਨੂੰ ਡਰਿਪ (ਬੂੰਦ) ਸਿੰਚਾਈ ਪ੍ਰਣਾਲੀ ਨਾਲ ਜੋੜਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਰ-ਦੁਰਾਡੇ ਪਿੰਡਾਂ ਤੱਕ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਸਰਕਾਰ ਯਤਨਸ਼ੀਲ ਹੈ। ਇਸ ਸੰਬੰਧੀ ਉਨ੍ਹਾਂ ਦੀ ਸਰਕਾਰ ਨੇ 15 ਕਰੋੜ ਘਰਾਂ ਨੂੰ ਜਲ-ਜੀਵਨ ਮਿਸ਼ਨ ਨਾਲ ਜੋੜ ਕੇ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਪਾਣੀ ਦੀ ਕਿੱਲਤ ਦਾ ਜ਼ਿਕਰ ਕੀਤਾ, ਪਰ ਨਾਲ ਹੀ ਕਿਹਾ ਹੈ ਕਿ ਸਰਕਾਰ ਵਲੋਂ ਕੀਤੇ ਜਾਣ ਵਾਲੇ ਯਤਨਾਂ ਵਿਚ ਲੋਕਾਂ ਦੀ ਭਾਗੀਦਾਰੀ ਦੀ ਵੀ ਬੇਹੱਦ ਜ਼ਰੂਰਤ ਹੈ। ਇਸ ਲਈ ਪਾਣੀ ਨੂੰ ਸੰਭਾਲਣ ਲਈ ਹਜ਼ਾਰਾਂ ਹੀ ਝੀਲਾਂ ਦਾ ਨਿਰਮਾਣ ਕੀਤਾ ਜਾਣਾ ਲੋੜੀਂਦਾ ਹੈ। ਇਸ ਸੰਬੰਧੀ ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਪਹਿਲ ਦੇ ਆਧਾਰ ‘ਤੇ ਪਾਣੀ ਦੀ ਸਾਂਭ-ਸੰਭਾਲ ਅਤੇ ਇਸ ਦੀ ਸੁਚੱਜੀ ਵਰਤੋਂ ਲਈ ਸਰਕਾਰੀ ਯੋਜਨਾਵਾਂ ਨੂੰ ਸਿਰੇ ਚਾੜ੍ਹਨ ਦਾ ਤਹੱਈਆ ਕੀਤਾ ਹੈ, ਜਿਨ੍ਹਾਂ ਨਾਲ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਵੱਡੇ ਯਤਨ ਕੀਤੇ ਜਾਣਗੇ। ਜੇਕਰ ਕੇਂਦਰ ਅਤੇ ਰਾਜ ਸਰਕਾਰਾਂ ਜਲ ਮਿਸ਼ਨ ਅਧੀਨ ਸੁਚੇਤ ਰੂਪ ਵਿਚ ਯੋਜਨਾਵਾਂ ਬਣਾਉਣ ਅਤੇ ਲੋਕਾਂ ਅੰਦਰ ਇਸ ਸੰਬੰਧੀ ਚੇਤਨਾ ਪੈਦਾ ਕਰਕੇ ਇਨ੍ਹਾਂ ਯੋਜਨਾਵਾਂ ਨੂੰ ਇਕ ਲਹਿਰ ਦਾ ਰੂਪ ਦੇਣ ਵਿਚ ਸਫ਼ਲ ਹੋ ਜਾਣ ਤਾਂ ਇਹ ਸਭ ਦੇ ਸਾਂਝੇ ਯਤਨ ਇਸ ਧਰਤੀ ‘ਤੇ ਜੀਵਨ ਨੂੰ ਧੜਕਾਈ ਰੱਖਣ ਵਿਚ ਸਹਾਈ ਹੋ ਸਕਦੇ ਹਨ। ਬਿਨਾਂ ਸ਼ੱਕ ਇਹ ਇਕ ਵੱਡੀ ਪ੍ਰਾਪਤੀ ਹੋਵੇਗੀ।

Check Also

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ ਚੌਥੀ ਵਾਰ ਧਾਮੀ ਦਾ ਪ੍ਰਧਾਨ ਬਣਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ …