ਸੜਕਾਂ ਜਾਂ ਕਬਰਾਂ ਆਸਥਾ ਜਾਂ ਰਾਵਣ
ਅੱਜ ਭਾਰਤ ਵਿੱਚ ਸੜਕਾਂ ਜਾਂ ਹਾਈਵੇ ਹੀ ਕਬਰਾਂ ਬਣਦੇ ਜਾ ਰਹੇ ਹਨ! ਇਸ ਤੋਂ ਇਲਾਵਾ ਅਵਾਰਾ ਗਾਵਾਂ, ਆਸਥਾ ਨਹੀ, ਦੈਂਤ ਜਾਂ ਰਾਵਣ ਹਨ! ਜਦ ਤੱਕ ਪਰਿਵਾਰ ਦੇ ਮੈਂਬਰ ਸਹੀ ਸਲਾਮਤ ਘਰ ਨਾ ਪਹੁੰਚ ਜਾਣ, ਜਾਨ ਕੜਿੱਕੀ ਵਿੱਚ ਫਸੀ ਰਹਿੰਦੀ ਹੈ! ਅੱਜਕੱਲ੍ਹ ਬਹੁਤੇ ਪਰਿਵਾਰਾਂ ਵਿੱਚ, ਇੱਕ ਜਾਂ ਦੋ ਬੱਚੇ ਹੁੰਦੇ ਹਨ ਅਤੇ ਸੜਕਾਂ ਉੱਪਰ ਵਾਪਰ ਰਹੇ ਹਾਦਸੇ ਹਜ਼ਾਰਾਂ ਪਰਿਵਾਰਾਂ ਵਿੱਚ ਕਹਿਰ ਢਾਹ ਚੁੱਕੇ ਹਨ! ਫਿਰ ਰਾਤ ਨੂੰ ਕਾਰਾਂ ਵਾਹਨਾਂ ਹਾਈ ਬੀਮ ਅੱਖਾਂ ਜਾਂ ਨਜ਼ਰ ਨੂੰ ਅਸਥਾਈ ਤੌਰ ‘ਤੇ ਜ਼ਖਮੀ ਕਰ ਰਹੇ ਹਨ! ਸਰਕਾਰ ਨੂੰ, ਲਾਈਸੈਂਸ ਵਿੱਚ ਸੁਰੱਖਿਅਤ ਕੋਰਸ ਹਰ ਸਾਲ ਵਿੱਚ, ਇੱਕ ਵਾਰੀ, ਜ਼ਰੂਰੀ ਲਾਗੂ ਕਰਨੇ ਚਾਹੀਦੇ ਹਨ! ਕਨੇਡਾ ਦੇ ਸੂਬੇ ਓਨਟਾਰੀਓ ਵਿੱਚ, ਹੁਣ ਆਨ ਲਾਈਨ ਕੋਰਸ, ਜੋ ਫਰੀ ਹੁੰਦਾ ਹੈ, ਮੁਫਤ ਦਿੱਤਾ ਜਾ ਰਿਹਾ ਹੈ! ਇਸ ਵਾਸਤੇ ਸਰਕਾਰ, ਅਧਾਰ ਕਾਰਡ ਦੇ ਰਾਹੀ, ਤੀਹ ਜਾਂ ਚਾਲੀ ਘੰਟੇ ਦਾ ਕੋਰਸ ਹਰ ਸਾਲ, ਲ਼ਾਜ਼ਮੀ ਬਣਾਵੇ! ਮੋਪਡ ਵਾਸਤੇ ਅਲੱਗ ਕਾਰਾਂ ਵਾਸਤੇ ਅਲੱਗ ਅਤੇ ਟਰੱਕਾਂ, ਬੱਸਾਂ ਵਾਸਤੇ ਅਲੱਗ!
ਸੁਰੱਖਿਆ ਨੂੰ ਜੀਵਣ ਵਿੱਚ ਪਹਿਲ ਦਿੱਤੀ ਜਾਵੇ! ਇੱਕੀਵੀਂ ਸਦੀ ਵਿੱਚ, ਗਾਵਾਂ ਦੀ ਅਵਾਰਾ ਆਸਥਾ ਨੂੰ ਤਬੇਲੇ ਵਿੱਚ ਹੀ ਬੰਦ ਕੀਤਾ ਜਾਵੇ! ਰਾਤ ਟਰੱਕਾਂ ਦੀ ਪਿੱਠ ਉੱਪਰ, ਚਮਕਣ ਵਾਲੀ ਟੇਪ ਅਤੇ ਮਲੀਅਰੈਸ ਲਾਈਟ ਜ਼ਰੂਰੀ ਕੀਤੀ ਜਾਵੇ, ਜਿਵੇਂ ਕਨੇਡਾ ਵਿੱਚ ਟਰੱਕਾਂ ਦੀ ਜੇ ਪਿਛਲੀ ਲਾਈਟ ਨਹੀ ਚੱਲ ਰਹੀ ਤਾਂ ਟਰੱਕ ਦਾ ਚਲਾਨ ਹੈ. ਟਰੈਕਟਰ ਟਰਾਲੀ ਦੇ ਪਿੱਛੇ ਲਾਈਟ ਜ਼ਰੂਰੀ ਹੈ। ਹਾਈਵੇ ਇੱਕੀਵੀਂ ਸਦੀ ਦੇ ਬਣਾ ਲਏ ਪਰ ਸਾਡੀਆਂ ਆਦਤਾਂ 14ਵੀਂ ਸਦੀ ਦੀਆਂ ਹਨ! ਹੁਣ ਪੁਰਾਤਨ ਮਾਨਸਿਕਤਾ ਨੂੰ ਤਿਆਗ ਦੇਣਾ ਜ਼ਰੂਰੀ ਹੈ। ਨਹੀਂ ਤਾਂ ਸੜਕਾਂ ਲੱਤਾਂ ਤੋੜ ਕੇ ਹੱਥ ਵਿੱਚ ਫੜਾਉਣਗੀਆਂ। ਕਾਰਾਂ ਨਹੀਂ, ਇਹ ਚੱਲਦਾ ਫਿਰਦਾ ਸ਼ਮਸ਼ਾਨਘਾਟ ਬਣ ਰਿਹਾ। ਗਾਵਾਂ ਨਹੀਂ, ਇਹ ਮੌਤ ਹੈ। ਆਓ ਸੁਰੱਖਿਆ ਵਾਲੇ ਪਾਸੇ ਧਿਆਨ ਦੇਈਦੇ।
ਕਮਲਾ ਸਿੰਘ ਪੰਨੂ
ਕੈਨੇਡਾ, ਪਿੰਡ ਖੋਖਰ ਫ਼ੌਜੀਆਂ (ਗੁਰਦਾਸਪੁਰ)
****
ਰਾਜਵੀਰ ਜਵੰਦਾ ਦਾ ਦਿਹਾਂਤ-ਕਲਾ ਜਗਤ ‘ਚ ਰੋਸ
ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੁੱਧਵਾਰ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਜਵੰਦਾ ਲੰਘੀ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਫੋਰਟਿਸ ਹਸਪਤਾਲ ਦੇ ਡਾਇਰੈਕਟਰ ਅਭਿਜੀਤ ਸਿੰਘ ਨੇ ਰਾਜਵੀਰ ਜਵੰਦਾ ਦੇ ਦਿਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜਵੀਰ ਜਵੰਦਾ ਨੇ ਬੁੱਧਵਾਰ ਸਵੇਰੇ 10 ਵੱਜ ਕੇ 55 ਮਿੰਟ ‘ਤੇ ਆਖਰੀ ਸਾਹ ਲਿਆ। ਜਵੰਦਾ ਦੇ ਦਿਹਾਂਤ ਕਰਕੇ ਸਮੁੱਚੇ ਕਲਾਕਾਰ ਜਗਤ ਵਿਚ ਰੋਸ ਦੀ ਲਹਿਰ ਹੈ। ਜਵੰਦਾ ਦੇ ਦਿਹਾਂਤ ‘ਤੇ ਸਿਆਸੀ, ਧਾਰਮਿਕ, ਸਮਾਜਿਕ ਅਤੇ ਗਾਇਕਾਂ-ਕਲਾਕਰਾਂ ਵਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਹੈ।
ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਪਿਛਕੋੜ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੋਨਾ ਦਾ ਹੈ ਅਤੇ ਇਹ ਪਿੰਡ ਜਗਰਾਓਂ ਨੇੜੇ ਪੈਂਦਾ ਹੈ। ਜਵੰਦਾ ਆਪਣੇ ਪਰਿਵਾਰ ਨਾਲ ਮੁਹਾਲੀ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਪਿਤਾ ਵੀ ਸੰਗੀਤ ਦੇ ਰਸੀਏ ਸਨ ਉਨ੍ਹਾਂ ਤੋਂ ਹੀ ਰਾਜਵੀਰ ਨੇ ਤੂੰਬੀ ਸਿੱਖੀ ਸੀ ਅਤੇ ਬਚਪਨ ਤੋਂ ਹੀ ਉਨ੍ਹਾਂ ਨੇ ਸੰਗੀਤ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਆਪ ਦੱਸਿਆ ਸੀ ਕਿ ਪਿੰਡ ਵਿੱਚ ਆਏ ਢਾਡੀ ਕਵੀਸ਼ਰਾਂ ਨੂੰ ਸੁਣ ਕੇ ਉਨ੍ਹਾਂ ਦੇ ਮਨ ਵਿੱਚ ਗਾਇਕੀ ਦਾ ਜਾਗ ਲੱਗਿਆ ਸੀ।
ਰਾਜਵੀਰ ਨੇ ਪੰਜਾਬੀ ਯੁਨੀਵਰਸਿਟੀ, ਪਟਿਆਲਾ ਤੋਂ ਥੀਏਟਰ ਐਂਡ ਟੀਵੀ ਵਿੱਚ ਪੋਸਟ ਗ੍ਰੈਜੁਏਸ਼ਨ ਕੀਤੀ ਹੈ। ਯੂਨੀਵਰਸਿਟੀ ਪੜ੍ਹਦਿਆਂ ਹੀ ਉਨ੍ਹਾਂ ਨੇ ਸਟੇਜਾਂ ‘ਤੇ ਗਾਉਣਾ ਸ਼ੁਰੂ ਕੀਤਾ ਅਤੇ ਸਾਲ 2016 ਵਿੱਚ ਕਮਰਸ਼ੀਅਲ ਗਾਇਕ ਵਜੋਂ ਸ਼ੁਰੂਆਤ ਕੀਤੀ।
ਪੇਸ਼ੇਵਰ ਗਾਇਕੀ ਵਿੱਚ ਉਤਰਨ ਤੋਂ ਪਹਿਲਾਂ ਯੂਨੀਵਰਸਿਟੀ ਵਿੱਚ ਇੱਕ ਨਿੱਜੀ ਚੈਨਲ ਦੇ ਪ੍ਰੋਗਰਾਮ ਵਿੱਚ ਰਿਕਾਰਡ ਹੋਇਆ ਰਾਜਵੀਰ ਦਾ ਗੀਤ 2007 ਵਿੱਚ ਕਾਫ਼ੀ ਵਾਇਰਲ ਹੋਇਆ ਸੀ। ਸੋਹਣੇ ਜੁੱਸੇ ਵਾਲੇ ਰਾਜਵੀਰ ਪੱਗ ਜ਼ਰੀਏ ਵੀ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋਏ ਹਨ।
ਰਾਜਵੀਰ ਨੇ ਆਪਣੇ ਪਿਤਾ ਤੋਂ ਪੱਗ ਬੰਨ੍ਹਣੀ ਸਿੱਖੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਸੀ ਕਿ ਪਹਿਲਾਂ ਉਹ ਪੱਗ ਜਾਂ ਪਟਕਾ ਨਹੀਂ ਬੰਨ੍ਹਦੇ ਸਨ ਪਰ ਉਨ੍ਹਾਂ ਦੇ ਪਿਤਾ ਨੇ ਕਦੇ-ਕਦੇ ਉਨ੍ਹਾਂ ਨੂੰ ਪੱਗ ਬੰਨ੍ਹ ਕੇ ਸਕੂਲ ਭੇਜਣਾ ਸ਼ੁਰੂ ਕੀਤਾ। ਜਿਸ ਦਿਨ ਵੀ ਪੱਗ ਬੰਨ੍ਹ ਕੇ ਜਾਂਦੇ ਤਾਂ ਸਕੂਲ ਵਿੱਚ ਵੱਖਰਾ ਮਾਣ ਮਿਲਦਾ ਅਤੇ ਸਭ ਉਨ੍ਹਾਂ ਨੂੰ ਸਲਾਂਹੁਦੇ। ਹੌਲੀ-ਹੌਲੀ ਸਕੂਲ ਖਤਮ ਹੁੰਦਿਆਂ ਰਾਜਵੀਰ ਨੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਰਾਜਵੀਰ ਜਵੰਦਾ ਪੇਸ਼ੇਵਰ ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੁਲਿਸ ਅਫਸਰ ਰਹੇ। ਉਹ ਸਾਲ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਸਨ ਅਤੇ ਨੌਂ ਸਾਲ ਇਹ ਨੌਕਰੀ ਕੀਤੀ। ਕਈ ਗੀਤਾਂ ਦੇ ਵੀਡੀਓਜ਼ ਵਿੱਚ ਵੀ ਰਾਜਵੀਰ ਪੁਲਿਸ ਦੀ ਵਰਦੀ ਵਿੱਚ ਨਜ਼ਰ ਆਏ ਸਨ।
ਰਾਜਵੀਰ ਜਵੰਦਾ ਹਿੱਟ ਹੋਣ ਬਾਅਦ ਵੀ ਪੁਲਿਸ ਵਿੱਚ ਨੌਕਰੀ ਕਰਦੇ ਰਹੇ ਹਨ। ਪੰਜਾਬ ਪੁਲਿਸ ਵਿਭਾਗ ਵਲੋਂ ਗਾਇਕੀ ਲਈ ਸਹਿਯੋਗ ਮਿਲਣ ਦਾ ਦਾਅਵਾ ਵੀ ਜਵੰਦਾ ਨੇ ਕਈ ਵਾਰ ਕੀਤਾ ਸੀ। ਇੱਕ ਇੰਟਰਵਿਊ ਵਿੱਚ ਰਾਜਵੀਰ ਨੇ ਦੱਸਿਆ ਸੀ ਕਿ ਕਈ ਵਾਰ ਉਨ੍ਹਾਂ ਨੇ ਰਾਤ ਨੂੰ ਪੁਲਿਸ ਡਿਊਟੀ ਨਿਭਾ ਕੇ ਦਿਨ ਵੇਲੇ ਰਿਕਾਰਡਿੰਗਾਂ ਜਾਂ ਸ਼ੋਅ ਕੀਤੇ ਸਨ। ਆਪਣੇ ਅਖਾੜਿਆਂ ਦੌਰਾਨ ਵੀ ਉਹ ਵਿਭਾਗੀ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਰਹੇ ਸਨ।
ਗਾਇਕੀ ਵਿੱਚ ਰੁਝੇਵੇਂ ਵਧਣ ਤੋਂ ਬਾਅਦ ਰਾਜਵੀਰ ਨੇ ਪੁਲਿਸ ਵਿਭਾਗ ਤੋਂ ਅਸਤੀਫਾ ਦੇ ਦਿੱਤਾ ਸੀ। ਅਸੀਂ ਅਕਸਰ ਰਾਜਵੀਰ ਜਵੰਦਾ ਦੇ ਸ਼ੋਸ਼ਲ ਮੀਡੀਆ ਅਕਾਊਂਟਸ ‘ਤੇ ਉਨ੍ਹਾਂ ਦੀਆਂ ਮੋਟਰ ਸਾਈਕਲ ‘ਤੇ ਘੁੰਮਦਿਆਂ ਦੀਆਂ ਤਸਵੀਰਾਂ ਦੇਖਦੇ ਸੀ। ਉਹ ਅਕਸਰ ਹੀ ਦੋਸਤਾਂ ਨਾਲ ਜਾਂ ਬਾਈਕਰਜ਼ ਗਰੁੱਪ ਨਾਲ ਘੁੰਮਣ ਜਾਂਦੇ ਸਨ। ਪਥਰੀਲੇ ਪਹਾੜਾਂ ਦੀ ਧਰਤੀ ਲੇਹ ਜਵੰਦਾ ਨੂੰ ਬੇਹੱਦ ਪਸੰਦ ਹੈ। ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਰਾਜਵੀਰ ਨੂੰ ਲੇਹ ਜਾਣ ਦਾ ਚਾਅ ਹੁੰਦਾ ਸੀ। ਉਨ੍ਹਾਂ ਨੂੰ ਬਾਈਕ ਰਾਈਡਿੰਗ ਤੋਂ ਇਲਾਵਾ ਹੋਰ ਐਡਵੈਂਚਰਸ ਖੇਡਾਂ ਦਾ ਵੀ ਸ਼ੌਂਕ ਸੀ, ਉਨ੍ਹਾਂ ਦਾ ਇਹੀ ਸ਼ੌਕ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋ ਗਿਆ।
ਰਾਜਵੀਰ ਸਿੰਘ ਜਵੰਦਾ ਨੂੰ ਸ਼ਰਧਾਂਜਲੀ
RELATED ARTICLES

