13.1 C
Toronto
Friday, January 9, 2026
spot_img
Homeਸੰਪਾਦਕੀਬੰਗਲਾਦੇਸ਼ ਦੀ ਤਾਣੀ ਉਲਝੀ

ਬੰਗਲਾਦੇਸ਼ ਦੀ ਤਾਣੀ ਉਲਝੀ

ਬੰਗਲਾਦੇਸ਼ ਕੁਝ ਮਹੀਨਿਆਂ ਤੋਂ ਘੋਰ ਸਿਆਸੀ ਤੇ ਧਾਰਮਿਕ ਸੰਕਟ ਸਹਿਣ ਕਰ ਰਿਹਾ ਹੈ। ਹਿੰਦੂਆਂ ਦੇ ਕਤਲੇਆਮ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨੀਂ ਨਰਸਿੰਗਦੀ ਇਲਾਕੇ ‘ਚ ਅਣਪਛਾਤੇ ਹਮਲਾਵਰਾਂ ਨੇ 40 ਸਾਲ ਦੇ ਹਿੰਦੂ ਦੁਕਾਨਦਾਰ ਸ਼ਰਦ ਚੱਕਰਵਰਤੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਸੀ। ਜੇਸੋਰ ਜ਼ਿਲ੍ਹੇ ‘ਚ ਵੀ ਹਿੰਦੂ ਕਾਰੋਬਾਰੀ ਦੇ ਸਿਰ ‘ਚ ਗੋਲ਼ੀ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸੀ। ਸ਼ਰਦ ਚੱਕਰਵਰਤੀ ਦੀ ਹੱਤਿਆ ਦੇ ਮਾਮਲੇ ‘ਚ ਸਥਾਨਕ ਮੀਡੀਆ ਨੇ ਖੁਲਾਸਾ ਕੀਤਾ ਸੀ ਕਿ ਉਸਨੇ 19 ਦਸੰਬਰ ਨੂੰ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਸੀ ਜਿਸ ‘ਚ ਉਸ ਨੇ ਦੇਸ਼ ‘ਚ ਫੈਲੀ ਹੋਈ ਹਿੰਸਾ ‘ਤੇ ਚਿੰਤਾ ਪ੍ਰਗਟਾਉਂਦਿਆਂ ਆਪਣੀ ਜਨਮ-ਭੂਮੀ ਨੂੰ ‘ਮੌਤ ਦੀ ਘਾਟੀ’ ਲਿਖ ਦਿੱਤਾ ਸੀ। ਬੰਗਲਾਦੇਸ਼ ‘ਚ ਇਸ ਤਰੀਕੇ ਹੋ ਰਹੇ ਕਤਲਾਂ ਕਾਰਨ ਨਾਗਰਿਕਾਂ ਸਣੇ ਦੂਜੇ ਮੁਲਕਾਂ ਦੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ‘ਚ ਵੀ ਦਹਿਸ਼ਤ ਫੈਲ ਰਹੀ ਹੈ।
ਕਾਰੋਬਾਰੀ ਆਪਣੇ ਅਦਾਰੇ ਤੇ ਦੁਕਾਨਾਂ ਖੋਲ੍ਹਣ ਅਤੇ ਦੇਰ-ਸਵੇਰ ਸਫ਼ਰ ਕਰਨ ਤੋਂ ਵੀ ਡਰ ਰਹੇ ਹਨ ਕਿਉਂਕਿ ਪਿਛਲੇ ਤਿੰਨ ਹਫਤਿਆਂ ‘ਚ ਕਈ ਹਿੰਦੂਆਂ ਦੇ ਕਤਲ ਹੋ ਚੁੱਕੇ ਹਨ। ਦੋ ਦਸੰਬਰ 2025 ਨੂੰ ਸੋਨੇ ਦੇ ਹਿੰਦੂ ਵਪਾਰੀ ਪ੍ਰਾਂਤੋਸ਼ ਕਰਮਕਾਰ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੀ ਗਈ। ਇਸ ਤੋਂ ਪੰਜ ਦਿਨਾਂ ਬਾਅਦ ਸੱਤ ਦਸੰਬਰ ਨੂੰ ਮੁਕਤੀ ਸੰਗਰਾਮ ਦੇ ਮੁਕਤੀ-ਯੋਧਾ 75 ਸਾਲਾ ਜੋਗੇਸ਼ ਚੰਦਰ ਰਾਏ ਤੇ ਉਨ੍ਹਾਂ ਦੀ ਪਤਨੀ ਸੁਬੋਰਨਾ ਰਾਏ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ। ਬਾਰਾਂ ਦਸੰਬਰ ਨੂੰ 18 ਸਾਲ ਦੇ ਹਿੰਦੂ ਆਟੋ ਰਿਕਸ਼ਾ ਡਰਾਈਵਰ ਨੂੰ ਵੱਢ ਕੇ ਖੇਤ ‘ਚ ਸੁੱਟ ਦਿੱਤਾ ਗਿਆ।
ਇਸ ਤੋਂ ਮਗਰੋਂ 18 ਦਸੰਬਰ ਨੂੰ 27 ਸਾਲ ਦੇ ਹਿੰਦੂ ਵਰਕਰ ਦੀਪੂ ਚੰਦਰ ਦਾਸ ਨੂੰ ਇਸਲਾਮੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ, 24 ਦਸੰਬਰ ਨੂੰ 30 ਸਾਲ ਦੇ ਹਿੰਦੂ ਅੰਮ੍ਰਿਤ ਮੰਡਲ ਨੂੰ ਵੀ ਭੀੜ ਨੇ ਮਾਰਕੁੱਟ ਕਰ ਕੇ ਖ਼ਤਮ ਕਰ ਦਿੱਤਾ। ਇਸੇ ਕੜੀ ‘ਚ ਤਿੰਨ ਜਨਵਰੀ ਨੂੰ ਸ਼ਰੀਅਤਪੁਰ ਜ਼ਿਲ੍ਹੇ ਦੇ ਹਿੰਦੂ ਕਾਰੋਬਾਰੀ ਖੋਕਨ ਚੰਦਰ ਦਾਸ ਨੂੰ ਘਰ ਮੁੜਦਿਆਂ ਹਮਲਾਵਰਾਂ ਨੇ ਰੋਕ ਕੇ ਪਹਿਲਾਂ ਚਾਕੂ ਮਾਰਿਆ ਅਤੇ ਫਿਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਹਮਲਾਵਰਾਂ ਦਾ ਸ਼ਿਕਾਰ ਇਕ ਅਖ਼ਬਾਰ ਦਾ 38 ਸਾਲਾ ਕਾਰਜਕਾਰੀ ਸੰਪਾਦਕ ਤੇ ਬਰਫ ਫੈਕਟਰੀ ਦਾ ਮਾਲਕ ਵੀ ਬਣਿਆ ਜਿਸ ਨੂੰ 5 ਜਨਵਰੀ ਨੂੰ ਅਣਪਛਾਤਿਆਂ ਨੇ ਗੋਲ਼ੀ ਮਾਰ ਕੇ ਮਾਰ ਦਿੱਤਾ।
ਇਕ ਖ਼ਾਸ ਭਾਈਚਾਰੇ ਦੇ ਲੋਕਾਂ ਦਾ ਬਹੁਤਾਤ ‘ਚ ਇਸ ਤਰੀਕੇ ਕਤਲ ਹੋਣਾ ਵੱਡੇ ਸਵਾਲ ਖੜ੍ਹੇ ਕਰਦਾ ਹੈ। ਮਾਰਨ ਵਾਲਿਆਂ ‘ਤੇ ਈਸ਼ਨਿੰਦਾ ਦੇ ਗੰਭੀਰ ਇਲਜ਼ਾਮ ਲਾ ਕੇ ਭੀੜ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲੈਂਦੀ ਹੈ। ਸਾਲ 1971 ‘ਚ ਜਦੋਂ ਬੰਗਲਾਦੇਸ਼ ਬਣਿਆ ਸੀ ਤਾਂ ਉਸ ਵੇਲੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਇਕ ਮੰਚ ‘ਤੇ ਨਜ਼ਰ ਆਏ ਸਨ। ਪੱਛਮੀ ਪਾਕਿਸਤਾਨ ਦੀ ਉਸ ਵੇਲੇ ਦੀ ਸਰਕਾਰ ਦੀ ਬੇਇਨਸਾਫ਼ੀ ਖਿਲਾਫ ਭਾਰਤ ਦੇ ਸਹਿਯੋਗ ਨਾਲ ਲੜਾਈ ਲੜ ਕੇ ਬੰਗਲਾਦੇਸ਼ ਵੱਖਰਾ ਮੁਲਕ ਬਣਿਆ ਸੀ ਪਰ ਇਸ ਵੇਲੇ ਇਸ ਦੇ ਡਾਵਾਂਡੋਲ ‘ਸਿਆਸੀ ਸਿੰਘਾਸਣ’ ਅਤੇ ਧਾਰਮਿਕ ਆਸਥਾ ਕਾਰਨ ਲੋਕਾਂ ਦਾ ਖ਼ੂਨ ਵਹਿ ਰਿਹਾ ਹੈ।
ਸਾਬਕਾ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋ ਚੁੱਕਾ ਹੈ ਅਤੇ ਉਸ ਨੇ ਇਸ ਵੇਲੇ ਭਾਰਤ ‘ਚ ਪਨਾਹ ਲਈ ਹੋਈ ਹੈ। ਵੱਖਰਾ ਹੋਣ ਤੋਂ ਬਾਅਦ ਹੁਣ ਤੱਕ ਬੰਗਲਾਦੇਸ਼ ‘ਚ 13 ਸ਼ਾਸਕ ਬਦਲੇ ਅਤੇ 4 ਫ਼ੌਜੀ ਬਗ਼ਾਵਤਾਂ ਹੋਈਆਂ। ਬੰਗਲਾਦੇਸ਼ ਦੇ ਅੰਦਰੂਨੀ ਸੰਕਟ ਦਾ ਗੁਆਂਢੀ ਮੁਲਕਾਂ ‘ਤੇ ਵੀ ਪ੍ਰਭਾਵ ਪੈ ਰਿਹਾ ਹੈ। ਕਤਲਾਂ ਨਾਲ ਭਾਰਤੀ ਘੱਟ-ਗਿਣਤੀ ਭਾਈਚਾਰਿਆਂ ਦੇ ਮਨਾਂ ‘ਚ ਵੀ ਡਰ ਵਾਲਾ ਮਾਹੌਲ ਪੈਦਾ ਹੋ ਰਿਹਾ ਹੈ। ਸਰਹੱਦਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨੇ ਪੈ ਰਹੇ ਹਨ। ਬੰਗਲਾਦੇਸ਼ ‘ਚ ਇਸ ਵੇਲੇ ਹਿੰਸਕ ਤਾਕਤਾਂ ਨੂੰ ਨੱਥ ਪਾਉਣ ਦੀ ਲੋੜ ਹੈ।
ਇਸੇ ਦੌਰਾਨ ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤ ‘ਚ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਐੱਮ ਤੌਹੀਦ ਹੁਸੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਗਲਾਦੇਸ਼ ਨੇ ਅਮਰੀਕਾ ਵੱਲੋਂ ਥੋਪੀ ਵੀਜ਼ਾ ਬਾਂਡ ਦੀ ਲੋੜ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਹੁਸੈਨ ਨੇ ਕਿਹਾ ਕਿ ਉਨ੍ਹਾਂ ਭਾਰਤ ‘ਚ ਸੁਰੱਖਿਆ ਦੇ ਮੁੱਦੇ ‘ਤੇ ਆਪਣੇ ਤਿੰਨ ਮਿਸ਼ਨਾਂ ਨੂੰ ਹਾਲ ਦੀ ਘੜੀ ਆਪਣੇ ਵੀਜ਼ਾ ਸੈਕਸ਼ਨ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਇਸਦੇ ਚੱਲਦਿਆਂ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਜੇ ਐੱਫ-17 ਥੰਡਰ ਲੜਾਕੂ ਜੈੱਟ ਖ਼ਰੀਦਣ ‘ਚ ਦਿਲਚਸਪੀ ਦਿਖਾਈ ਹੈ। ਜੇ ਐੱਫ-17 ਥੰਡਰ ਜੈੱਟ ਚੀਨ ਅਤੇ ਪਾਕਿਸਤਾਨ ਵੱਲੋਂ ਸਾਂਝੇ ਤੌਰ ‘ਤੇ ਵਿਕਸਤ ਕੀਤਾ ਗਿਆ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਜੈੱਟ ਨੇ ਭਾਰਤ ਨਾਲ ਮਈ 2025 ‘ਚ ਹੋਏ ਚਾਰ ਦਿਨ ਦੇ ਟਕਰਾਅ ਦੌਰਾਨ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਬੰਗਲਾਦੇਸ਼ੀ ਹਵਾਈ ਫ਼ੌਜ ਦੇ ਏਅਰ ਚੀਫ ਮਾਰਸ਼ਲ ਹਸਨ ਮਹਿਮੂਦ ਖ਼ਾਨ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਏਅਰ ਚੀਫ਼ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਨੇ ਮੰਗਲਵਾਰ ਨੂੰ ਇਸਲਾਮਾਬਾਦ ‘ਚ ਮੀਟਿੰਗ ਕੀਤੀ ਜਿਸ ‘ਚ ਜੈੱਟ ਖ਼ਰੀਦਣ ਬਾਰੇ ਵੀ ਚਰਚਾ ਹੋਈ। ਬੰਗਲਾਦੇਸ਼ੀ ਵਫ਼ਦ ਨੇ ਪਾਕਿਸਤਾਨੀ ਹਵਾਈ ਫ਼ੌਜ ਦੇ ਕਈ ਸੰਸਥਾਵਾਂ ਦਾ ਵੀ ਦੌਰਾ ਕੀਤਾ। * * *

RELATED ARTICLES
POPULAR POSTS