Breaking News
Home / ਸੰਪਾਦਕੀ / ਪੰਜਾਬ ‘ਚ ਵਧਦਾ ਜਾ ਰਿਹਾ ਹੈ ਨਸ਼ਿਆਂ ਦਾ ਗਲਬਾ

ਪੰਜਾਬ ‘ਚ ਵਧਦਾ ਜਾ ਰਿਹਾ ਹੈ ਨਸ਼ਿਆਂ ਦਾ ਗਲਬਾ

ਪੰਜਾਬ ਵਿਚ ਪਿਛਲੇ ਦਿਨੀਂ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਵਲੋਂ ਕੀਤੀ ਗਈ ਇਕ ਵੱਡੀ ਕਾਰਵਾਈ ਦੌਰਾਨ ਕੌਮਾਂਤਰੀ ਪੱਧਰ ‘ਤੇ ਸਰਗਰਮ ਇਕ ਵੱਡੇ ਨਸ਼ਾ ਤਸਕਰੀ ਰੈਕੇਟ ਦਾ ਭਾਂਡਾ ਭੰਨੇ ਜਾਣ ਨਾਲ ਸੂਬੇ ਦਾ ਹਿਤ ਚਾਹੁਣ ਵਾਲੇ ਲੋਕਾਂ ਲਈ ਚਿੰਤਾ ਦੀ ਇਕ ਨਵੀਂ ਤਸਵੀਰ ਸਾਹਮਣੇ ਆਈ ਹੈ। ਇਸ ਵੱਡੀ ਚਿੰਤਾ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਨਸ਼ਾ-ਸਮਗਲਿੰਗ ਰੈਕੇਟ ਵਿਚ ਪੁਲਿਸ ਦਾ ਵੀ ਸ਼ਾਮਿਲ ਹੋਣਾ ਪਾਇਆ ਗਿਆ ਹੈ। ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਦੇਖੀ ਗਈ ਹੈ ਕਿ ਨਸ਼ਾ ਸਮਗਲਿੰਗ ਨੇ ਖੇਡ ਜਗਤ ਵਿਚ ਬੜੀ ਡੂੰਘਾਈ ਤਕ ਘੁਸਪੈਠ ਕਰ ਲਈ ਹੈ ਜਦ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਸੂਬਾ ਸਰਕਾਰ ਵਲੋਂ ਹਰ ਸਾਲ ਖੇਡ ਜਗਤ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਗੱਲ ਦਾ ਸੰਕੇਤ ਇਸ ਗੱਲ ਤੋਂ ਸਾਫ਼ ਮਿਲ ਜਾਂਦਾ ਹੈ ਕਿ ਐਸ. ਟੀ. ਐਫ. ਦੀ ਤਾਜ਼ਾ ਕਾਰਵਾਈ ਵਿਚ ਸਾਹਮਣੇ ਆਏ ਰੈਕੇਟ ਵਿਚ ਸ਼ਾਮਿਲ ਪਾਏ ਗਏ ਲੋਕਾਂ ਵਿਚ ਪੁਲਿਸ ਦੇ ਇਕ ਅਧਿਕਾਰੀ ਅਤੇ ਕੁਝ ਮੁਲਾਜ਼ਮ ਤਾਂ ਸ਼ਾਮਿਲ ਪਾਏ ਗਏ ਹਨ। ਇਸ ਰੈਕੇਟ ਦਾ ਸਰਗਣਾ ਕਬੱਡੀ ਦਾ ਇਕ ਨਾਮੀ ਅਤੇ ਦੇਸ਼-ਵਿਦੇਸ਼ ਵਿਚ ਚਰਚਿਤ ਖਿਡਾਰੀ ਪਾਇਆ ਗਿਆ ਹੈ। ਇਸ ਗਿਰੋਹ ਵਿਚ ਸ਼ਾਮਿਲ ਪਾਏ ਗਏ ਪੁਲਿਸ ਅਧਿਕਾਰੀਆਂ ਵਿਚ ਡੀ. ਐਸ. ਪੀ. ਪੱਧਰ ਦਾ ਇਕ ਅਧਿਕਾਰੀ, ਦੋ-ਤਿੰਨ ਥਾਣੇਦਾਰ ਅਤੇ ਪੁਲਿਸ ਦੇ ਕੁਝ ਸਧਾਰਨ ਪੁਲਿਸ ਮੁਲਾਜ਼ਮ ਸ਼ਾਮਿਲ ਹਨ।
ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਲੈ ਕੇ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਕਾਫ਼ੀ ਬਦਨਾਮ ਹੋਇਆ ਹੈ। ਸੂਬੇ ਦੀ ਦਹਿਲੀਜ਼ ‘ਤੇ ਨਸ਼ਿਆਂ ਦੀ ਲਾਹਨਤ ਅੱਠਵੇਂ ਦਹਾਕੇ ਦੀ ਸ਼ੁਰੂਆਤ ਵਿਚ ਖਾੜਕੂਵਾਦ ਦੀ ਦਸਤਕ ਸਮੇਂ ਸੁਣਾਈ ਦਿੱਤੀ ਸੀ ਅਤੇ ਫਿਰ ਦੇਖਦੇ ਹੀ ਦੇਖਦੇ ਇਸ ਨੇ ਪੰਜਾਬ ਦੇ ਲੋਕਾਂ ਖ਼ਾਸ ਤੌਰ ‘ਤੇ ਸੂਬੇ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਆਪਣੇ ਜਾਲ ਵਿਚ ਫਸਾਇਆ ਕਿ ਸੂਬੇ ਉੱਪਰ ਪੂਰੇ ਦੇਸ਼ ਨੇ ਨਸ਼ੇੜੀ ਹੋਣ ਦਾ ਫ਼ਤਵਾ ਮੜ੍ਹਨਾ ਸ਼ੁਰੂ ਕਰ ਦਿੱਤਾ। ਸ਼ਰਾਬ ਤਾਂ ਪਹਿਲਾਂ ਤੋਂ ਹੀ ਪੰਜਾਬ ਵਿਚ ਨਸ਼ੇ ਦਾ ਇਕ ਵੱਡਾ ਸਰੋਤ ਰਹੀ ਹੈ। ਅਫ਼ੀਮ, ਚਰਸ, ਕੋਕੀਨ ਅਤੇ ਹੈਰੋਇਨ ਵਰਗੇ ਨਸ਼ੀਲੇ ਪਦਾਰਥਾਂ ਨੇ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿਚ ਲੈ ਲਿਆ। ਸਮਗਲਿੰਗ ਦੇ ਇਸ ਕਾਰੋਬਾਰ ਵਿਚ ਏਨਾ ਪੈਸਾ ਹਾਸਿਲ ਹੋਣ ਲੱਗਿਆ ਕਿ ਨਸ਼ੀਲੇ ਕਾਰੋਬਾਰ ਨੂੰ ਪੁਲਿਸ ਅਤੇ ਰਾਜਨੀਤੀ ਵਾਲੇ ਖ਼ਾਸ ਤੌਰ ‘ਤੇ ਸੱਤਾ-ਵਰਗ ਦਾ ਭਰਪੂਰ ਸਾਥ ਅਤੇ ਸਹਿਯੋਗ ਮਿਲਣ ਲੱਗਿਆ। ਇਸ ਰੈਕੇਟ ਦਾ ਜਾਲ ਏਨਾ ਵਿਆਪਕ ਹੈ ਕਿ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਵਿਚ ਵੀ ਇਸ ਦੇ ਤਾਰ ਜੁੜੇ ਹੋਏ ਪਤਾ ਲੱਗੇ ਹਨ। ਪੰਜਾਬ ਦੇ ਇਸ ਨਸ਼ਾ ਕਾਰੋਬਾਰ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਹੋਰ ਰਾਜਨੀਤੀ ਵਾਲਿਆਂ ਨੇ ਵੀ ਆਪਣਾ ਕਾਲਾ ਧਨ ਨਿਵੇਸ਼ ਕੀਤਾ ਹੋਇਆ ਹੈ। ਦੋ ਸਾਲ ਪਹਿਲਾਂ ਵੀ ਇਕ ਵੱਡਾ ਪੁਲਿਸ ਅਫ਼ਸਰ ਰਹੇ ਜਗਦੀਸ਼ ਭੋਲਾ ਵਲੋਂ ਸੰਚਾਲਿਤ ਕਰੋੜਾਂ ਰੁਪਏ ਦੇ ਨਸ਼ਾ ਰੈਕੇਟ ਦਾ ਪਤਾ ਲੱਗਾ ਸੀ। ਰਾਜਾ ਕੰਦੋਲਾ ਆਈਸ ਰੈਕੇਟ ਦੀ ਗੂੰਜ ਵਿਦੇਸ਼ਾਂ ਵਿਚ ਵੀ ਸੁਣਾਈ ਦਿੱਤੀ ਸੀ। ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਇਕ ਅਕਾਲੀ ਨੇਤਾ ਦੀ ਮਦਦ ਨਾਲ ਹੁੰਦੇ ਰਹੇ ਨਸ਼ੇ ਦੇ ਰੈਕੇਟ ਨੇ ਵੀ ਸੂਬੇ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੰਜਾਬ ਦੇ ਸਰਹੱਦੀ ਖੇਤਰਾਂ ਤੋਂ ਆਮ ਤੌਰ ‘ਤੇ ਸਰਹੱਦੋਂ ਪਾਰ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਦੇ ਨਾਲ ਵੱਡੀ ਮਾਤਰਾ ਵਿਚ ਹਥਿਆਰ ਅਤੇ ਗੋਲਾ-ਬਾਰੂਦ ਭੇਜੇ ਜਾਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ।
ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਕਦੇ ਖ਼ੁਸ਼ਹਾਲ ਅਤੇ ਹਰਿਆ-ਭਰਿਆ ਰਹੇ ਪੰਜਾਬ ਨੂੰ ਅੱਜ ਸੱਚਮੁੱਚ ਕਿਸੇ ਦੀ ਨਜ਼ਰ ਲੱਗ ਗਈ ਹੈ। ਧਨ-ਦੌਲਤ ਪੱਖੋਂ ਖ਼ੁਸ਼ਹਾਲ ਰਹੇ ਅਤੇ ਘਿਓ-ਦੁੱਧ ਦੀਆਂ ਨਦੀਆਂ ਵਾਲੇ ਪੰਜਾਬ ਵਿਚ ਅੱਜ ਹਰ ਰੋਜ਼ ਅਖ਼ਬਾਰਾਂ ਖੋਲ੍ਹਦਿਆਂ ਹੀ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮਿਲਣ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਨਸ਼ੇ ਦੇ ਜ਼ਿਆਦਾ ਸੇਵਨ ਨਾਲ ਨੌਜਵਾਨਾਂ ਦੀ ਮੌਤ ਹੋਣ ਦੀਆਂ ਘਟਨਾਵਾਂ ਵੀ ਹਮੇਸ਼ਾ ਹੁੰਦੀਆਂ ਰਹਿੰਦੀਆਂ ਹਨ। ਇਸ ਗੱਲ ਵਿਚ ਕੋਈ ਦੋ ਰਾਵਾਂ ਨਹੀਂ ਕਿ ਸੂਬੇ ਦੀ ਨੌਜਵਾਨ ਪੀੜ੍ਹੀ ਦੀ ਇਕ ਵੱਡੀ ਗਿਣਤੀ ਅੱਜ ਨਸ਼ੇ ਦੀ ਗ੍ਰਿਫ਼ਤ ਵਿਚ ਹੈ। ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਅਤੇ ਨਸ਼ਿਆਂ ਦੇ ਸੇਵਨ ਦਾ ਆਲਮ ਇਹ ਹੈ ਕਿ ਚੋਣ ਪ੍ਰਚਾਰ ਦੇ ਅੱਧੇ ਰਸਤੇ ਤੱਕ ਪਹੁੰਚਦੇ-ਪਹੁੰਚਦੇ 313 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਚੁੱਕੇ ਹਨ। ਹਾਲੇ ਚੋਣਾਂ ਅਤੇ ਚੋਣ ਨਤੀਜੇ ਐਲਾਨ ਹੋਣ ਵਿਚ ਲਗਭਗ ਇਕ ਮਹੀਨੇ ਦਾ ਹੋਰ ਸਮਾਂ ਬਾਕੀ ਹੈ।
ਇਸ ਤਰ੍ਹਾਂ ਦੀ ਹਾਲਤ ਵਿਚ ਪੰਜਾਬ ਦੇ ਭਵਿੱਖ ਅਤੇ ਖ਼ਾਸ ਕਰਕੇ ਸੂਬੇ ਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਚਿੰਤਾ ਪੈਦਾ ਹੋਣੀ ਬਹੁਤ ਸੁਭਾਵਿਕ ਹੀ ਹੈ। ਬਿਨਾਂ ਸ਼ੱਕ ਰਾਜਨੀਤੀ ਦੀ ਮਦਦ ਤੋਂ ਬਿਨਾਂ ਏਨੇ ਵੱਡੇ ਰਾਸ਼ਟਰ ਵਿਰੋਧੀ ਅਤੇ ਸਮਾਜ-ਵਿਰੋਧੀ ਕਾਰੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੁਝ ਅਰਸਾ ਪਹਿਲਾਂ ਪੰਜਾਬ ਦੇ ਇਕ ਪ੍ਰਸਿੱਧ ਪੁਲਿਸ ਅਧਿਕਾਰੀ ਨੇ ਕਈ ਵਾਰ ਇਸ ਗੱਲ ਦਾ ਖੁੱਲ੍ਹੇਆਮ ਦਾਅਵਾ ਕੀਤਾ ਹੈ ਕਿ ਸੂਬੇ ਵਿਚ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿਚ ਰਾਜਸੀ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਦੇ ਰਾਸ਼ਟਰ-ਵਿਰੋਧੀ ਗਠਜੋੜ ਬਾਰੇ ਉਨ੍ਹਾਂ ਨੇ ਖ਼ੁਦ ਤਤਕਾਲੀ ਮੁੱਖ ਮੰਤਰੀ ਤੱਕ ਰਿਪੋਰਟ ਪਹੁੰਚਾਈ ਸੀ। ਇਸ ਤਰ੍ਹਾਂ ਦੀ ਸਥਿਤੀ ਵਿਚ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਪੰਜਾਬ ਦੇ ਨੌਜਵਾਨ ਵਰਗ ਨੂੰ ਲਗਾਤਾਰ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਜਾਲ ਵੱਲ ਧੱਕਿਆ ਜਾ ਰਿਹਾ ਹੈ। ਇਸ ਤਰ੍ਹਾਂ ਹੁੰਦਾ ਹੈ ਤਾਂ ਅਖੀਰ ਪੂਰੇ ਸੂਬੇ ਲਈ ਵਿਨਾਸ਼ਕ ਸਥਿਤੀ ਪੈਦਾ ਹੋਵੇਗੀ। ਅਸੀਂ ਸਮਝਦੇ ਹਾਂ ਕਿ ਬਿਨਾਂ ਸ਼ੱਕ ਹਾਲੇ ਵੀ ਸਮਾਂ ਹੈ ਕਿ ਆਪਣੇ ਪਿਆਰੇ ਪੰਜਾਬ ਨੂੰ ਇਸ ਵਿਨਾਸ਼ਕ ਟੋਏ ਵਿਚੋਂ ਕੱਢਿਆ ਜਾ ਸਕਦਾ ਹੈ ਅਤੇ ਇਸ ਲਈ ਪੂਰੇ ਸਮਾਜ, ਸੂਬੇ ਦੇ ਪ੍ਰਸ਼ਾਸਨਿਕ, ਪੁਲਿਸ ਤੰਤਰ ਅਤੇ ਸਭ ਤੋਂ ਵਧ ਕੇ ਰਾਜਸੀ ਵਰਗ ਨੂੰ ਆਪਣੇ-ਆਪਣੇ ਧਰਾਤਲ ‘ਤੇ ਆਪਣੀ ਜ਼ਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੋਵੇਗਾ। ਇਹ ਕੰਮ ਜਿੰਨੀ ਜਲਦੀ ਕੀਤਾ ਜਾਵੇਗਾ, ਓਨਾ ਹੀ ਪੰਜਾਬ ਅਤੇ ਪੰਜਾਬੀਆਂ ਦੇ ਹਿਤ ਵਿਚ ਹੋਵੇਗਾ।

Check Also

ਗੈਰ-ਕਾਨੂੰਨੀ ਪਰਵਾਸ

ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ 104 ਭਾਰਤੀਆਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਹਥਕੜੀਆਂ ਵਿਚ ਜਕੜ ਕੇ …