ਪੰਜਾਬ ਸਰਕਾਰ ਵਲੋਂ ਇਕ ਵਾਰ ਫਿਰ ਨਸ਼ਿਆਂ ਵਿਰੁੱਧ ਜੰਗ ਛੇੜ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਇਸ ਸੰਬੰਧੀ ਵਜ਼ੀਰਾਂ ਦੀ ਇਕ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਗਿਆ ਸੀ, ਜਿਸ ਵਿਚ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਤੇ ਤਰੁਣਪ੍ਰੀਤ ਸਿੰਘ ਸੌਂਦ ਸ਼ਾਮਿਲ ਸਨ। ਇਸ ਬੇਹੱਦ ਗੰਭੀਰ ਮਸਲੇ ਨੂੰ ਲੈ ਕੇ ਇਕ ਵਾਰ ਫਿਰ ਇਕ ਚੁਣੌਤੀ ਦੇ ਨਾਲ ਸਰਕਾਰ ਇਸ ਲਾਹਨਤ ਨੂੰ ਖ਼ਤਮ ਕਰਨ ਲਈ ਦ੍ਰਿੜ੍ਹ ਸੰਕਲਪ ਦਿਖਾਈ ਦੇ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਪਿਛਲੇ ਤਿੰਨ ਸਾਲਾਂ ‘ਚ ਅਨੇਕਾਂ ਦਾਅਵਿਆਂ ਅਤੇ ਚੁੱਕੇ ਗਏ ਸਖ਼ਤ ਕਦਮਾਂ ਦੇ ਬਾਵਜੂਦ ਪ੍ਰਸ਼ਾਸਨ ਇਸ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਨਹੀਂ ਸੀ ਪਾ ਸਕਿਆ।
ਜਿੱਥੋਂ ਤੱਕ ‘ਆਪ’ ਸਰਕਾਰ ਦਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਤਿੰਨ ਸਾਲ ਪਹਿਲਾਂ, ਜਦੋਂ ਪੰਜਾਬ ਸਰਕਾਰ ਨੇ ਸਹੁੰ ਵੀ ਨਹੀਂ ਸੀ ਚੁੱਕੀ, ਸਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਹੀ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਰਾਜ ਆਉਣ ਪਿੱਛੋਂ ਕੁਝ ਮਹੀਨਿਆਂ ਵਿਚ ਹੀ ਫੈਲੇ ਇਸ ਵਰਤਾਰੇ ਨੂੰ ਖ਼ਤਮ ਕਰ ਦਿੱਤਾ ਜਾਏਗਾ। ਪਿਛਲੇ 3 ਸਾਲ ਦੇ ਅਰਸੇ ਵਿਚ ਵੀ ਕਈ ਵਾਰ ਅਜਿਹੇ ਐਲਾਨ ਕੀਤੇ ਗਏ ਸਨ, ਜਿਨ੍ਹਾਂ ਅਧੀਨ ਅਨੇਕਾਂ ਵੱਡੇ ਛੋਟੇ ਕਦਮ ਜ਼ਰੂਰ ਚੁੱਕੇ ਗਏ, ਪਰ ਉਹ ਇਸ ਸਮੱਸਿਆ ਦਾ ਨਿਪਟਾਰਾ ਨਾ ਕਰ ਸਕੇ। ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਵੀ ਸੂਬਾ ਸਰਕਾਰ ਦੀ ਇਸ ਗੱਲ ‘ਤੇ ਵੱਡੀ ਆਲੋਚਨਾ ਹੋਈ ਸੀ ਕਿ ਉਹ ਵਾਰ-ਵਾਰ ਵਿੱਢੀ ਇਸ ਮੁਹਿੰਮ ਵਿਚ ਸਫ਼ਲ ਨਹੀਂ ਸੀ ਹੋ ਸਕੀ। ਇਸ ਸਮੇਂ ਦੌਰਾਨ ਇਸ ਵਰਤਾਰੇ ਦੇ ਵਧਦੇ ਜਾਣ ਦੀਆਂ ਤੇ ਨਸ਼ਿਆਂ ਤੋਂ ਗ੍ਰਸਤ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀਆਂ ਲਗਾਤਾਰ ਹੁੰਦੀਆਂ ਦੁਖਦਾਈ ਮੌਤਾਂ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ। ਮਾਪੇ, ਇਲਾਕਾ ਨਿਵਾਸੀ ਤੇ ਪੰਜਾਬ ਦੇ ਲੋਕ ਬੇਵੱਸ ਹੋ ਕੇ ਇਸ ਦੁਖਾਂਤ ਨੂੰ ਵੇਖਦੇ ਤੇ ਝੱਲਦੇ ਰਹੇ। 3 ਸਾਲ ਦੇ ਅਰਸੇ ਤੋਂ ਬਾਅਦ ਇਕ ਵਾਰ ਫਿਰ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੇ ਮੁੜ ਤੋਂ ਜ਼ੋਰ ਦੇਣ ‘ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਵੱਡਾ ਹੰਭਲਾ ਮਾਰਿਆ ਗਿਆ ਹੈ। ਹੁਣ ਇਸ ਕਾਰਵਾਈ ਨੂੰ ਸ਼ੁਰੂ ਕੀਤਿਆਂ ਕੁਝ ਦਿਨ ਬੀਤ ਗਏ ਹਨ। ਇਸ ਸਮੇਂ ਦੌਰਾਨ ਸੈਂਕੜੇ ਨਸ਼ਾ ਵਪਾਰੀਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤੇ ਦਰਜਨਾਂ ਹੀ ਪੁਲਿਸ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ। ਪੁਲਿਸ ਦੇ ਦਾਅਵਿਆਂ ਅਨੁਸਾਰ ਜਿਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਇਨ੍ਹਾਂ ਕਾਰਵਾਈਆਂ ‘ਚ ਫੜੇ ਗਏ ਹਨ, ਉਹ ਬੇਹੱਦ ਮਾਰੂ ਹਨ। ਇਨ੍ਹਾਂ ਨਸ਼ਿਆਂ ਦਾ ਸੇਵਨ ਸਰੀਰ ਨੂੰ ਪੂਰੀ ਤਰ੍ਹਾਂ ਖੋਖਲਾ ਤੇ ਖ਼ਤਮ ਕਰ ਦਿੰਦਾ ਹੈ। ਵੱਡੀ ਮਾਤਰਾ ‘ਚ ਫੜੇ ਇਨ੍ਹਾਂ ਨਸ਼ਿਆਂ ‘ਚ ਹੈਰੋਇਨ, ਗਾਂਜਾ, ਅਫ਼ੀਮ, ਅਨੇਕਾਂ ਤਰ੍ਹਾਂ ਦੀਆਂ ਗੋਲੀਆਂ ਤੇ ਟੀਕੇ ਸ਼ਾਮਿਲ ਹਨ। ਪਿਛਲੇ ਦਿਨੀਂ ਹੀ ਪੁਲਿਸ ਨੇ ਇਕ ਬੇਹੱਦ ਮਾਰੂ ਨਸ਼ੇ ‘ਆਈਸ’ ਦੀ ਇਕ ਵੱਡੀ ਖੇਪ ਫੜੀ ਹੈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਵੀ ਥਾਈਲੈਂਡ ਤੋਂ ਆਏ ਇਕ ਯਾਤਰੀ ਕੋਲੋਂ ਲਗਭਗ 19 ਕਿੱਲੋਗ੍ਰਾਮ ਦੇ ਕਰੀਬ ਗਾਂਜਾ ਤੇ 2 ਕਿੱਲੋ ਸਿੰਥੈਟਿਕ ਨਸ਼ੇ ਫੜੇ ਗਏ ਹਨ। ਇਸ ਤਰ੍ਹਾਂ 403 ਦੇ ਲਗਭਗ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਸ਼ਾਮ ਤੱਕ ਪੁਲਿਸ ਨੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿਚ ਹੈਰੋਇਨ, ਗਾਂਜਾ ਤੇ ਹੋਰ ਸਿੰਥੈਟਿਕ ਨਸ਼ੇ ਬਰਾਮਦ ਕੀਤੇ ਹਨ। ਨਸ਼ਿਆਂ ਦਾ ਇਹ ਵਰਤਾਰਾ ਨਵਾਂ ਨਹੀਂ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਇਸ ਦਾ ਹਰ ਪੱਖੋਂ ਲਗਾਤਾਰ ਸੰਤਾਪ ਝੱਲ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਇਹ ਮੁੱਦਾ ਭਖ਼ਦਾ ਰਿਹਾ ਸੀ। 10 ਸਾਲਾਂ ‘ਚ ਇਸ ਨੂੰ ਨੱਥ ਪਾਉਣ ਲਈ ਵੱਡੇ ਯਤਨ ਵੀ ਕੀਤੇ ਗਏ, ਪਰ ਇਸ ਨੂੰ ਖ਼ਤਮ ਨਾ ਕੀਤਾ ਜਾ ਸਕਿਆ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਦਿੰਰ ਸਿੰਘ ਨੇ ਭਰੀ ਸਭਾ ਵਿਚ ਇਸ ਲਾਹਨਤ ਨੂੰ ਖ਼ਤਮ ਕਰਨ ਦੀ ਸਹੁੰ ਚੁੱਕੀ ਸੀ ਤੇ ਕਿਹਾ ਸੀ ਕਿ ਸਰਕਾਰ ਬਣਨ ‘ਤੇ ਉਹ ਇਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਵਿਚਲੀ ਇਸ ਲਾਹਨਤ ਨੂੰ ਖ਼ਤਮ ਕਰ ਦੇਣਗੇ। ਆਪਣੇ ਵੱਡੇ ਯਤਨਾਂ ਦੇ ਬਾਵਜੂਦ ਉਹ ਇਸ ‘ਚ ਸਫ਼ਲ ਨਾ ਹੋਏ। ਮੌਜੂਦਾ ਸਰਕਾਰ ਵਲੋਂ ਹੁਣ ਆਰੰਭੇ ਇਨ੍ਹਾਂ ਯਤਨਾਂ ਨੂੰ ਬੜੀ ਉਮੀਦ ਨਾਲ ਵੇਖਿਆ ਜਾ ਰਿਹਾ ਹੈ। ਜੇਕਰ ਆਪਣੀ ਇਸ ਕਾਰਵਾਈ ਵਿਚ ਸਰਕਾਰ ਸਫ਼ਲ ਹੁੰਦੀ ਹੈ ਤਾਂ ਇਹ ਉਸ ਦੀ ਵੱਡੀ ਪ੍ਰਾਪਤੀ ਮੰਨੀ ਜਾਏਗੀ।
ਅਸੀਂ ਸਮਝਦੇ ਹਾਂ ਕਿ ਫੈਲੇ ਇਸ ਗੰਭੀਰ ਵਰਤਾਰੇ ਦੇ ਸਤਹੀ ਅਸਰਾਂ ਨੂੰ ਤਾਂ ਇਕ ਵੱਡੀ ਹੱਦ ਤੱਕ ਖ਼ਤਮ ਕੀਤਾ ਜਾ ਸਕਦਾ ਹੈ, ਪਰ ਇਸ ਨਾਲ ਜੁੜੇ ਅਨੇਕਾਂ ਕਾਰਨਾਂ ਨੂੰ ਦੂਰ ਕਰਨ ਲਈ ਲਗਾਤਾਰ ਸਖ਼ਤ ਅਮਲਾਂ ਤੇ ਯੋਜਨਾਬੰਦੀ ਦੀ ਜ਼ਰੂਰਤ ਹੋਵੇਗੀ। ਇਸ ਗੰਭੀਰ ਸਮੱਸਿਆ ਦਾ ਇਕ ਪੱਖ ਇਹ ਵੀ ਹੈ ਕਿ ਗੁਆਂਢੀ ਮੁਲਕਾਂ ਅਫ਼ਗਾਨਿਸਤਾਨ ਤੇ ਪਾਕਿਸਤਾਨ ਤੋਂ ਵੱਡੀ ਮਾਤਰਾ ‘ਚ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੀਆਂ ਖੇਪਾਂ ਭਾਰਤ ਭੇਜੀਆਂ ਜਾਂਦੀਆਂ ਹਨ। ਇਕਦਮ ਅਮੀਰ ਬਣਨ ਦੀ ਚਾਹਨਾ ਨਾਲ ਕੁਝ ਲੋਕਾਂ ਵਲੋਂ ਪੰਜਾਬ ਸਮੇਤ ਦੇਸ਼ ਭਰ ‘ਚ ਇਕ ਪੂਰਾ ਨਸ਼ਾ ਤੰਤਰ ਖੜ੍ਹਾ ਕਰ ਦਿੱਤਾ ਗਿਆ ਹੈ, ਜੋ ਅੱਗੇ ਛੋਟੀਆਂ ਇਕਾਈਆਂ ਨਾਲ ਵੀ ਜੁੜਿਆ ਹੋਇਆ ਹੈ, ਜਿਨ੍ਹਾਂ ਰਾਹੀਂ ਲਗਾਤਾਰ ਨਸ਼ਿਆਂ ਨੂੰ ਭੇਜਿਆ ਜਾਂਦਾ ਹੈ। ਤਸਕਰ ਹਰ ਪਿੰਡ, ਗਲੀ ਜਾਂ ਮੁਹੱਲੇ ਤੱਕ ਇਨ੍ਹਾਂ ਨੂੰ ਪਹੁੰਚਾਉਣ ‘ਚ ਸਫ਼ਲ ਹੁੰਦੇ ਹਨ। ਇਸ ਲਈ ਸਮਾਜ ਨੂੰ ਵੀ ਪੂਰੀ ਤਰ੍ਹਾਂ ਜਾਗਰੂਕ ਕਰਨ ਦੀ ਜ਼ਰੂਰਤ ਹੋਵੇਗੀ। ਬਿਨਾਂ ਸ਼ੱਕ ਵੱਡੀਆਂ ਤੇ ਪ੍ਰਭਾਵਸ਼ਾਲੀ ਕਾਰਵਾਈਆਂ ਸਮੇਂ-ਸਮੇਂ ਇਸ ਵਰਤਾਰੇ ਨੂੰ ਘੱਟ ਕਰਨ ‘ਚ ਤਾਂ ਸਹਾਈ ਹੋ ਸਕਦੀਆਂ ਹਨ, ਪਰ ਇਸ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਹਰ ਤਰ੍ਹਾਂ ਦੇ ਵੱਡੇ ਗੱਠਜੋੜ ਨੂੰ ਵੀ ਤੋੜਨ ਦੀ ਜ਼ਰੂਰਤ ਹੋਵੇਗੀ।
Check Also
41 ਸਾਲ ਬਾਅਦ ਆਇਆ ਇਨਸਾਫ ਦਾ ਫੈਸਲਾ
4 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਸੱਜਣ ਕੁਮਾਰ ਬਾਰੇ ਆਇਆ ਫ਼ੈਸਲਾ ਰਾਹਤ ਦੇਣ ਵਾਲਾ ਹੈ। …