Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਪਰਤਣ ਵਾਲੇ ਵੈਕਸੀਨੇਟਡ ਯਾਤਰੂਆਂ ਨੂੰ ਕਰਵਾਉਣਾ ਹੋਵੇਗਾ ਐਂਟੀਜਨ ਟੈਸਟ

ਕੈਨੇਡਾ ਪਰਤਣ ਵਾਲੇ ਵੈਕਸੀਨੇਟਡ ਯਾਤਰੂਆਂ ਨੂੰ ਕਰਵਾਉਣਾ ਹੋਵੇਗਾ ਐਂਟੀਜਨ ਟੈਸਟ

ਓਟਵਾ/ ਬਿਊਰੋ ਨਿਊਜ਼ : ਫੈਡਰਲ ਸਰਕਾਰ ਪੂਰੀ ਤਰ੍ਹਾਂ ਵੈਕਸੀਨੇਟਿਡ ਟਰੈਵਲਰਜ਼ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਪੀਸੀਆਰ ਟੈਸਟ ਦੇ ਨਿਯਮ ਨੂੰ 28 ਫਰਵਰੀ ਤੋਂ ਖਤਮ ਕਰਨ ਜਾ ਰਹੀ ਹੈ। ਇਹ ਐਲਾਨ ਮੰਗਲਵਾਰ ਨੂੰ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਕੀਤਾ।
ਇਸ ਦੀ ਥਾਂ ਉੱਤੇ ਟਰੈਵਲਰਜ਼ ਜਿਸ ਦੇਸ਼ ਤੋਂ ਆ ਰਹੇ ਹੋਣਗੇ ਉੱਥੇ ਮਾਨਤਾ ਪ੍ਰਾਪਤ ਰੈਪਿਡ ਐਂਟੀਜਨ ਟੈਸਟ ਉਨ੍ਹਾਂ ਨੂੰ ਕਰਵਾਉਣਾ ਹੋਵੇਗਾ, ਜੋ ਕਿ ਮੁਕਾਬਲਤਨ ਸਸਤਾ ਹੈ। ਟਰੈਵਲਰਜ਼ ਨੂੰ ਇਹ ਟੈਸਟ ਆਪਣੀ ਨਿਰਧਾਰਤ ਫਲਾਈਟ ਜਾਂ ਜ਼ਮੀਨੀ ਸਰਹੱਦ ਉੱਤੇ ਪਹੁੰਚਣ ਤੋਂ 24 ਘੰਟੇ ਪਹਿਲਾਂ ਕਰਵਾਉਣਾ ਹੋਵੇਗਾ। ਇਸ ਸਮੇਂ ਸਾਰੇ ਟਰੈਵਲਰਜ਼ ਨੂੰ ਆਪਣੀ ਨਿਰਧਾਰਤ ਫਲਾਈਟ ਤੋਂ ਜਾਂ ਜ਼ਮੀਨੀ ਹੱਦ ਉੱਤੇ ਪਹੁੰਚਣ ਤੋਂ 72 ਘੰਟੇ ਪਹਿਲਾਂ ਨੈਗੇਟਿਵ ਮੌਲੀਕਿਊਲਰ ਟੈਸਟ, ਜਿਵੇਂ ਕਿ ਪੀਸੀਆਰ ਟੈਸਟ,ਕਰਵਾਉਣਾ ਪੈਂਦਾ ਹੈ। ਫਿਰ ਭਾਵੇਂ ਉਨ੍ਹਾਂ ਦਾ ਵੈਕਸੀਨੇਸ਼ਨ ਸਟੇਟਸ ਕੁੱਝ ਵੀ ਹੋਵੇ। ਟਰੈਵਲਰਜ਼ ਨੂੰ ਅਜੇ ਵੀ ਕੈਨੇਡਾ ਪਹੁੰਚਣ ਉੱਤੇ ਟੈਸਟਿੰਗ ਲਈ ਚੁਣਿਆ ਜਾ ਸਕਦਾ ਹੈ ਪਰ ਉਨ੍ਹਾਂ ਨੂੰ ਆਪਣੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਸਮੇਂ ਕੁਆਰਨਟੀਨ ਹੋਣ ਦੀ ਲੋੜ ਨਹੀਂ ਹੋਵੇਗੀ। ਓਮੀਕ੍ਰੌਨ ਵੇਰੀਐਂਟ ਕਾਰਨ ਕੈਨੇਡੀਅਨਜ਼ ਨੂੰ ਗੈਰ ਜ਼ਰੂਰੀ ਟਰੈਵਲ ਨਾ ਕਰਨ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਸੀ, ਸਰਕਾਰ ਉਸ ਵਿੱਚ ਵੀ ਢਿੱਲ ਦੇਣ ਜਾ ਰਹੀ ਹੈ। ਵੈਕਸੀਨੇਸ਼ਨ ਕਰਵਾ ਚੁੱਕੇ ਬਾਲਗਾਂ ਨਾਲ ਟਰੈਵਲ ਕਰ ਰਹੇ 12 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ ਜਿਨ੍ਹਾਂ ਦੀ ਵੈਕਸੀਨੇਸ਼ਨ ਨਹੀਂ ਸੀ ਹੋਈ, ਲਈ ਵੀ ਪਾਬੰਦੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਡਕਲਸ ਨੇ ਆਖਿਆ ਕਿ ਇਸ ਤੋਂ ਭਾਵ ਹੈ ਕਿ ਉਨ੍ਹਾਂ ਨੂੰ ਸਕੂਲ, ਡੇਅਕੇਅਰ ਜਾਂ ਕੈਂਪਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਡੀਕ ਨਹੀਂ ਕਰਨੀ ਹੋਵੇਗੀ ਤੇ ਖੁਦ ਨੂੰ ਆਈਸੋਲੇਟ ਨਹੀਂ ਕਰਨਾ ਹੋਵੇਗਾ।
ਉਨ੍ਹਾਂ ਨੂੰ ਟੈਸਟਿੰਗ ਕਰਵਾਉਣ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਨਿਯਮ ਦੀ ਪਾਲਣਾ ਵੀ ਨਹੀਂ ਕਰਨੀ ਹੋਵੇਗੀ। ਅਜਿਹੇ ਟਰੈਵਲਰਜ਼ ਜਿਨ੍ਹਾਂ ਦੀ ਵੈਕਸੀਨੇਸ਼ਨ ਨਹੀਂ ਹੋਈ, ਉਨ੍ਹਾਂ ਨੂੰ ਕੈਨੇਡਾ ਪਹੁੰਚਣ ਉੱਤੇ ਟੈਸਟ ਕਰਵਾਉਣਾ ਹੋਵੇਗਾ ਤੇ 14 ਦਿਨਾਂ ਲਈ ਕੁਆਰਨਟੀਨ ਵੀ ਕਰਨਾ ਹੋਵੇਗਾ।
ਇਹ ਐਲਾਨ ਕਰਦੇ ਸਮੇਂ ਸਿਹਤ ਮੰਤਰੀ ਨਾਲ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ, ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ ਤੇ ਟੂਰਿਜ਼ਮ ਮੰਤਰੀ ਰੈਂਡੀ ਬੌਇਸਨਾਲਟ ਵੀ ਹਾਜ਼ਰ ਸਨ। ਇਹ ਸ਼ਰਤਾਂ ਕੋਰਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਜਾਰੀ ਕੀਤੀਆਂ ਗਈਆਂ ਤਾਂ ਜੋ ਬਾਹਰੋਂ ਕੈਨੇਡਾ ਆਉਣ ਵਾਲਿਆਂ ਦਾ ਐਂਟੀਜਨ ਟੈਸਟ ਕਰਵਾ ਕੇ ਪਤਾ ਲਗਾਇਆ ਜਾ ਸਕਦੇ ਕਿ ਉਨ੍ਹਾਂ ਵਿਚ ਕਿਸੇ ਤਰ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਕੋਈ ਸਮੱਸਿਆ ਤਾਂ ਨਹੀਂ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …