Breaking News
Home / ਜੀ.ਟੀ.ਏ. ਨਿਊਜ਼ / ਅਮਰੀਕ ਆਹਲੂਵਾਲੀਆ ਮੁੜ ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਨਿਯੁਕਤ

ਅਮਰੀਕ ਆਹਲੂਵਾਲੀਆ ਮੁੜ ਪੀਲ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਨਿਯੁਕਤ

amrik-ahluwalia.jpg.size.custom.cropਓਨਟਾਰੀਓ/ਬਿਊਰੋ ਨਿਊਜ਼
ਪੀਲ ਪੁਲਿਸ ਸਰਵਿਸਿਜ਼ ਬੋਰਡ ਦੀ ਮੀਟਿੰਗ ਵਿੱਚ ਅਮਰੀਕ ਸਿੰਘ ਆਹਲੂਵਾਲੀਆ ਨੂੰ ਮੁੜ ਸਰਬਸੰਮਤੀ ਨਾਲ ਰੀਜਨਲ ਮਿਉਂਸਪੈਲਿਟੀ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਸਰਬਸੰਮਤੀ ਨਾਲ ਹੀ ਨੌਰਮਾ ਨਿਕਲਸਨ ਨੂੰ ਵਾਈਸ ਚੇਅਰ ਚੁਣਿਆ ਗਿਆ ਹੈ। ਚੇਅਰ ਤੇ ਵਾਈਸ ਚੇਅਰ ਦੋਵਾਂ ਨੂੰ ਹੀ 2017 ਲਈ ਉਨ੍ਹਾਂ ਦੇ ਸਾਥੀਆਂ ਵੱਲੋਂ ਚੁਣਿਆ ਗਿਆ। ਪਹਿਲੀ ਵਾਰੀ ਆਹਲੂਵਾਲੀਆ ਨੂੰ 9 ਫਰਵਰੀ 2011 ਵਿੱਚ ਪ੍ਰੋਵਿੰਸ ਵੱਲੋਂ ਬੋਰਡ ਵਿੱਚ ਨਿਯੁਕਤ ਕੀਤਾ ਗਿਆ ਸੀ। ਆਹਲੂਵਾਲੀਆ ਸਾਬਕਾ ਕਾਰੋਬਾਰੀ ਹਨ ਤੇ ਉਹ ਸ਼ੈੱਲ ਕੈਨੇਡਾ ਤੋਂ ਜਨਰਲ ਮੈਨੇਜਰ ਵਜੋਂ ਸੇਵਾਮੁਕਤ ਹੋਏ ਸਨ। ਬਰੈਂਪਟਨ ਵਾਸੀ ਆਹਲੂਵਾਲੀਆ ਤਕੜੇ ਵਾਲੰਟੀਅਰ ਰਹੇ ਹਨ ਤੇ ਮਿਸੀਸਾਗਾ ਦੇ ਸੇਵਾ ਫੂਡ ਬੈਂਕ ਨਾਲ ਵੀ ਕੰਮ ਕਰਦੇ ਰਹੇ ਹਨ।
ਆਹਲੂਵਾਲੀਆ ਨੇ ਆਖਿਆ ਕਿ ਅਸੀਂ ਸਾਰੇ ਬੋਰਡ ਮੈਂਬਰ ਪੀਲ ਰੀਜਨਲ ਪੁਲਿਸ, ਜਿਸ ਨੂੰ ਕੈਨੇਡਾ ਵਿੱਚ ਬਿਹਤਰੀਨ ਦਾ ਦਰਜਾ ਹਾਸਲ ਹੈ, ਸੇਵਾ ਵਿੱਚ ਲਗਾਤਾਰ ਸੁਧਾਰ ਲਿਆਉਣ ਲਈ ਯਤਨ ਕਰ ਰਹੇ ਹਾਂ। ਆਹਲੂਵਾਲੀਆ ਨੇ ਆਖਿਆ ਕਿ ਉਨ੍ਹਾਂ ਨੂੰ ਮੁੜ ਚੇਅਰ ਥਾਪਣ ਲਈ ਉਹ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਪੀਲ ਰੀਜਨਲ ਪੁਲਿਸ ਦੇ ਮਹਿਲਾ ਤੇ ਪੁਰਸ਼ ਪੀਲ ਵਾਸੀਆਂ ਦੀ ਹਿਫਾਜ਼ਤ ਕਰਨ ਤੇ ਉਨ੍ਹਾਂ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣਗੇ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਈ ਜਾਵੇਗੀ।
ਨੌਰਮਾ ਨਿਕਲਸਨ ਲੇਖਿਕਾ, ਐਜੂਕੇਟਰ ਤੇ ਯੂਥ ਮਾਮਲਿਆਂ ਦੀ ਮਾਹਿਰ ਹੈ ਤੇ ਉਨ੍ਹਾਂ ਨੂੰ ਅਜਿਹੇ ਨੌਜਵਾਨਾਂ ਨਾਲ ਕੰਮ ਕਰਨ ਵਿੱਚ ਵਧੇਰੇ ਰੂਚੀ ਹੈ ਜਿਹੜੇ ਕਮਜ਼ੋਰ ਜਾਂ ਖਤਰੇ ਵਿੱਚ ਹੋਣ। ਉਹ ਰਜਿਸਟਰਡ ਨਰਸ ਰਹਿ ਚੁੱਕੀ ਹੈ। ਉਨ੍ਹਾਂ ਨੂੰ ਕਈ ਐਵਾਰਡ ਵੀ ਹਾਸਲ ਹੋਏ ਹਨ ਤੇ ਰਜਿਸਟਰਡ ਨਰਸਿਜ਼ ਐਸੋਸਿਏਸ਼ਨ ਆਫ ਓਨਟਾਰੀਓ ਤੇ ਕਮਿਊਨਿਟੀ ਵੱਲੋਂ ਕਈ ਵਾਰੀ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾ ਚੁੱਕਿਆ ਹੈ। ਨਿਕਲਸਨ ਨੇ ਆਖਿਆ ਕਿ ਐਨੇ ਸਾਰੇ ਹੁਨਰਮੰਦ ਤੇ ਵਚਨਬੱਧ ਕਮਿਊਨਿਟੀ ਮੈਂਬਰਾਂ ਵਾਲੇ ਇਸ ਬੋਰਡ ਦੀ ਵਾਈਸ ਚੇਅਰ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਪੀਲ ਦੇ ਵਿਕਾਸ ਨਾਲ ਹੀ ਅਸੀਂ ਪੁਲਿਸ ਸੇਵਾ ਵਿੱਚ ਸੁਧਾਰ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਸਕਦੇ ਹਾਂ।
ਅਮਰੀਕ ਆਹਲੂਵਾਲੀਆ ਦੀ ਪੂਰੀ ਸਮਰਥਕ ਹਾਂ : ਮੇਅਰ ਲਿੰਡਾ ਜੈਫ਼ਰੀ
ਆਪਣੇ ਸਹਿਯੋਗੀ ਅਮਰੀਕ ਆਹਲੂਵਾਲੀਆ ਨੂੰ, ਉਸਦੇ ਸਤਿਕਾਰ ਯੋਗ ਚੋਣਕਾਰਾਂ ਵੱਲੋਂ ਉਸਨੂੰ ਇੱਕ ਵੇਰ ਫਿਰ ਤੋਂ ਪੁਲੀਸ ਸਰਵਿਸਜ ਬੋਰਡ 2017 ਦੀਆਂ ਸੇਵਾਵਾਂ ਲਈ ਮੁਖੀ ਚੁਣੇ ਜਾਣ ਉੱਤੇ, ਮੈਂ ਆਪਣੀ ਹਾਰਦਿਕ ਮੁਬਾਰਕਵਾਦ ਭੇਜਦੀ ਹਾਂ।
ਸਫਲਤਾ ਨਾਲ ਬਦਲਾਓ ਲਿਆਉਣਾ ਜਾਂ ਨਵਿਆਂ ਰਾਹਾਂ ਦਾ ਮੋਢੀ ਬਣਨਾ ਕੋਈ ਸੌਖਾ ਕੰਮ ਨਹੀਂ ਹੋਇਆ ਕਰਦਾ। ਜਿਸਦਾ ਉਹ ਧਾਰਨੀ ਹੈ। ਪ੍ਰਧਾਨ ਆਹਲੂਵਾਲੀਆ ਨੇ, ਆਪਣੇ ਬੋਰਡ ਦੇ ਸਹਿਯੋਗ ਨਾਲ, ਪੀਲ ਪੁਲੀਸ ਨੂੰ ਆਧੁਨਿਕ ਬਨਾਉਣ ਦਾ ਬੀੜਾ ਚੁੱਕਿਆ ਹੈ। ਆਪਣੇ ਟੀਚੇ ਦੀ ਪੂਰਤੀ ਲਈ ਉਸਨੇ ਸਮੁੱਚੀ ਪੁਲੀਸ ਸੇਵਾਵਾਂ (ਸਰਵਿਸਜ) ਬੋਰਡ ਦੇ ਪੂਰਨ ਸਮਰਥਨ ਅਤੇ ਭਰੋਸੇ ਨਾਲ ਦੂਰ-ਰਸ ਅਤੇ ਸੁਖਾਵੇਂ ਸੁਧਾਰ ਕਰਨ ਦੀ ਦੂਰ-ਦ੍ਰਿਸ਼ਟੀ ਅਪਨਾਈ ਹੈ। ਬੋਰਡ ਨੇ ਪਿਛਲਾ ਪੂਰਾ ਸਾਲ ਬੜੀ ਹੀ ਸਫਲਤਾ ਨਾਲ ਪੁਲੀਸ ਵੱਲੋਂ ਕਾਰਡ ਦੇਣ, ਜਿਸਨੂੰ ‘ਸਟ੍ਰੀਟ ਚੈੱਕ’ ਵੀ ਕਿਹਾ ਜਾਂਦਾ ਹੈ, ਸਬੰਧੀ ਆਪਣੇ ਨਾਗਰਿਕਾਂ ਵੱਲੋਂ ‘ਸੰਪੂਰਨ ਮੁੜ-ਵਿਚਾਰ ਕਰਨ’ ਦਾ ਪ੍ਰਸਤਾਵ ਅੱਗੇ ਲਿਆਂਦਾ ਹੈ। ਅਸੀਂ ਇਸ ਕਾਰਜ ਦਾ ਅਰੰਭ ਕਰ ਵੀ ਦਿੱਤਾ ਹੈ ਤੇ ਹੁਣ ਪੁਲੀਸ ਦੀ ਭਰਤੀ ਅਤੇ ਤਰੱਕੀ ਦੇਣ ਦੀਆਂ ਵਿਧੀਆਂ ਦੀ ਜਾਂਚ-ਪੜਤਾਲ, ਆਜ਼ਾਦ ਤੀਜੀ ਧਿਰ ਵੱਲੋਂ ਨਿਰਪੱਖ ਕੀਤੀ ਜਾਂਦੀ ਹੈ। ਇਸਦੇ ਨਾਲ-ਨਾਲ ਅਸੀਂ ਇਸਤਰੀ-ਪੁਰਸ਼ ਤੇ ਲਿੰਗ-ਪ੍ਰੇਸ਼ਾਨੀਆਂ ਦਿਆਂ ਮੁੱਦਿਆਂ ਅਤੇ ਨਿਆਂ ਪੂਰਕ ਕਾਰਗੁਜ਼ਾਰੀ ਦੀ ਆਜ਼ਾਦ ਜਾਂਚ-ਪੜਤਾਲ ਕਰਦੇ ਹਾਂ। ਇਹੋ ਜਿਹੀਆਂ ਸਨਮਾਨ ਯੋਗ ਪ੍ਰਾਪਤੀਆਂ ਸੰਸਥਾ ਦੇ ਪ੍ਰਧਾਨ ਦੀ ਨਿਰੰਤਰ ਉਸਾਰੂ ਸੇਧ, ਸੁੱਚੀ ਸੋਚ, ਸਖ਼ਤ ਘਾਲਣਾ ਅਤੇ ਆਪਸੀ ਸੁਥਰੇ ਤਾਲਮੇਲ ਸਦਕਾ ਹੀ ਸੰਭਵ ਹੋ ਸਕੀਆਂ ਹਨ। ਜਿਵੇਂ ਕਿ ਇੱਕ ਵੇਰ ਪ੍ਰਧਾਨ ਨੇ ਆਪ ਹੀ ਕਿਹਾ ਹੈ, ”ਬੋਰਡ ਇੱਕੀ ਖੁੱਲ੍ਹੀ ਕਿਤਾਬ ਅਤੇ ਪਾਰਦਰਸ਼ਤਾ ਵੱਲ ਦ੍ਰਿੜ੍ਹਤਾ ਨਾਲ ਅੱਗੇ ਵਧ ਰਿਹਾ ਹੈ। ਭਾਵੇਂ ਕਿ ਪੁਲੀਸ ਦੇ ਚੀਫ ਅਤੇ ਹੋਰ ਸੰਸਥਾਵਾਂ ਵੱਲੋਂ ਉਠਾਏ ਗਏ ਕਿਸੇ ਵੀ ਮੁੱਦੇ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ, ਫਿਰ ਵੀ ਬੋਰਡ ਨਿਰਸੰਕੋਚ, ਭਾਈਚਾਰੇ ਲਈ ਉੱਤਰਦਾਈ ਹੋਣਾ, ਆਪਣਾ ਵੱਧ ਮਹੱਤਵ ਪੂਰਨ ਫਰਜ਼ ਸਮਝਦਾ ਹੈ। ਸਾਡਾ ਇਹ ਪਰਮ-ਧਰਮ ਹੈ। ਪੀਲ ਰਿਜਨ ਦੇ ਨਾਗ੍ਰਿਕ ਸਾਡੇ ਕੋਲੋਂ ਇਹੋ ਹੀ ਆਸ ਕਰਦੇ ਹਨ ਅਤੇ ਅਸੀਂ ਇਸ ਉੱਤੇ ਖਰੇ ਉੱਤਰਾਂਗੇ। ਸਾਨੂੰ ਵਿਸ਼ਵਾਸ਼ ਹੈ ਕਿ ਅਸੀਂ ਆਪਣੇ ਨਾਗ੍ਰਿਕਾਂ ਦੇ ਭਲੇ ਲਈ ਇਹ ਸਾਰਾ ਕੁੱਝ ਕਰ ਸਕਦੇ ਹਾਂ ਤੇ ਉਹ ਵੀ ਸਫਲਤਾ ਨਾਲ।”

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …