ਓਟਵਾ/ਬਿਊਰੋ ਨਿਊਜ਼
ਐਨਡੀਪੀ ਆਗੂ ਥਾਮਸ ਮਲਕੇਅਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਰਜ਼ੀ ਤੌਰ ਉੱਤੇ ਸੱਤ ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਉੱਤੇ ਲਗਾਏ ਗਏ ਟਰੈਵਲ ਬੈਨ ਨੂੰ ਨਸਲੀ ਕਾਰਵਾਈ ਕਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਹੁਕਮਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ।
ਬਹਿਸ ਦੌਰਾਨ ਮਲਕੇਅਰ ਨੇ ਆਖਿਆ ਕਿ ਵੇਲਾ ਆ ਗਿਆ ਹੈ ਕਿ ਕੈਨੇਡਾ ਅਜਿਹੇ ਲੋਕਾਂ ਦੀ ਖਿਲਾਫਤ ਕਰੇ ਜਿਹੜੇ ਸਿਆਸਤ ਨੂੰ ਡਰ ਦੇ ਓਹਲੇ ਵਿੱਚ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਟਰੂਡੋ ਤੋਂ ਮੰਗ ਕੀਤੀ ਕਿ ਉਹ ਰਸਮੀ ਤੌਰ ਉੱਤੇ ਇਸ ਸਬੰਧੀ ਬਿਆਨ ਜਾਰੀ ਕਰਨ ਕਿ ਕੈਨੇਡਾ ਵੱਲੋਂ ਇਸ ਪਾਬੰਦੀ ਦਾ ਵਿਰੋਧ ਕੀਤਾ ਜਾਂਦਾ ਹੈ। ਹਾਊਸ ਆਫ ਕਾਮਨਜ਼ ਵਿੱਚ ਮਲਕੇਅਰ ਨੇ ਆਖਿਆ ਕਿ ਸਾਨੂੰ ਸਮਾਂ ਰਹਿੰਦਿਆਂ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਹੁਕਮਾਂ ਦੇ ਖਿਲਾਫ ਹਾਂ।
ਜ਼ਿਕਰਯੋਗ ਹੈ ਕਿ ਟਰੰਪ ਵੱਲੋਂ ਲੰਘੇ ਦਿਨੀਂ ਜਾਰੀ ਕੀਤੇ ਗਏ ਐਗਜ਼ੈਕਟਿਵ ਹੁਕਮਾਂ ਕਾਰਨ 90 ਦਿਨਾਂ ਲਈ ਸੀਰੀਆ, ਇਰਾਕ, ਇਰਾਨ, ਲਿਬੀਆ, ਸੋਮਾਲੀਆ, ਯਮਨ ਤੇ ਸੁਡਾਨ ਵਰਗੇ ਮੁਸਲਮਾਨ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਦਾਖਲ ਹੋਣ ਉੱਤੇ ਰੋਕ ਲਾ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਇਨ੍ਹਾਂ ਹੁਕਮਾਂ ਕਾਰਨ ਅਮਰੀਕਾ ਦੇ ਰਫਿਊਜੀ ਪ੍ਰੋਗਰਾਮ ਨੂੰ ਵੀ ਚਾਰ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਧਵਾਟੇ ਫਸ ਗਏ ਹਨ। ਇਨ੍ਹਾਂ ਹੁਕਮਾਂ ਤੋਂ ਬਾਅਦ ਨਿਊ ਯਾਰਕ ਤੋਂ ਲੈ ਕੇ ਨੂਨਾਵਟ, ਗੱਲ ਕੀ ਦੁਨੀਆ ਭਰ ਵਿੱਚ ਮੁਜ਼ਾਹਰੇ ਸ਼ੁਰੂ ਹੋ ਗਏ ਹਨ। ਅਮਰੀਕਾ ਦੇ ਤਿੰਨ ਸਟੇਟਸ ਵੱਲੋਂ ਟਰੰਪ ਦੇ ਇਨ੍ਹਾਂ ਹੁਕਮਾਂ ਖਿਲਾਫ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾ ਰਿਹਾ ਹੈ।
ਇਸ ਦੌਰਾਨ ਟਰੂਡੋ ਵੱਲੋਂ, ਦਹਿਸ਼ਤ, ਜੰਗ ਤੇ ਅੱਤਿਆਚਾਰ ਦਾ ਸ਼ਿਕਾਰ ਹੋ ਕੇ ਪਨਾਹ ਦੀ ਭਾਲ ਕਰ ਰਹੇ ਲੋਕਾਂ ਨੂੰ ਇਹ ਦਿਲਾਸਾ ਦੇਣ ਨਾਲ ਕਿ ਕੈਨੇਡਾ ਵਿੱਚ ਅਜਿਹੇ ਲੋਕਾਂ ਦਾ ਸਵਾਗਤ ਕੀਤਾ ਜਾਵੇਗਾ ਭਾਵੇਂ ਉਨ੍ਹਾਂ ਦਾ ਧਰਮ, ਜਾਤੀ ਜਾਂ ਮਜ਼ਹਬ ਕੋਈ ਵੀ ਹੋਵੇ, ਦਾ ਵੀ ਮਲਕੇਅਰ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਟਰੂਡੋ ਦੇ ਇਸ ਟਵੀਟ ਬਾਰੇ ਗੱਲ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਦੱਸਣ ਕਿ ਕੀ ਕੈਨੇਡਾ ਦੀ ਵਿਦੇਸ਼ ਨੀਤੀ ਇਹੋ ਹੈ?
ਮਲਕੇਅਰ ਨੇ ਅਖੀਰ ਵਿੱਚ ਆਖਿਆ ਕਿ ਟਰੰਪ ਦੀ ਇਸ ਕਾਰਵਾਈ ਦੀ ਨੁਕਤਾਚੀਨੀ ਕਰਨ ਲਈ ਲਿਬਰਲਾਂ ਨੇ ਕੋਈ ਸਖ਼ਤ ਰਾਹ ਨਹੀਂ ਅਪਣਾਇਆ। ਇਸ ਤਰ੍ਹਾਂ ਦੀ ਕੋਰੀ ਬਿਆਨਬਾਜ਼ੀ ਨਾਲ ਸੰਤੁਸ਼ਟ ਹੋਣ ਵਾਲਿਆਂ ਵਿੱਚ ਐਨਡੀਪੀ ਨਹੀਂ ਹੈ। ਇਸ ਮੀਟਿੰਗ ਵਿੱਚ ਟਰੂਡੋ ਸ਼ਾਮਲ ਨਹੀਂ ਹੋਏ। ਪਰ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਪ੍ਰਧਾਨ ਮੰਤਰੀ ਦਾ ਪੱਖ ਪੂਰਦਿਆਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨਾਂ ਉੱਤੇ ਟਰੰਪ ਦੇ ਇਸ ਫੈਸਲੇ ਦੇ ਘੱਟ ਤੋਂ ਘੱਟ ਨਕਾਰਾਤਮਕ ਅਸਰ ਲਈ ਵ੍ਹਾਈਟ ਹਾਊਸ ਨਾਲ ਰਲ ਕੇ ਕੰਮ ਕਰਦੀ ਰਹੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …