ਓਨਟਾਰੀਓ/ਬਿਊਰੋ ਨਿਊਜ਼
ਮੂਲਵਾਸੀ ਔਰਤਾਂ ਖਿਲਾਫ ਹਿੰਸਾ ਦੇ ਮਾਮਲਿਆਂ ਨੂੰ ਖ਼ਤਮ ਕਰਨ ਲਈ ਚਿਰਸਥਾਈ ਰਣਨੀਤੀ ਲਿਆਉਣ ਵਾਸਤੇ ਅਗਲੇ ਤਿੰਨ ਸਾਲਾਂ ਵਿੱਚ ਓਨਟਾਰੀਓ 100 ਮਿਲੀਅਨ ਡਾਲਰ ਖਰਚ ਕਰੇਗਾ। ਪ੍ਰੀਮੀਅਰ ਕੈਥਲੀਨ ਵਿੰਨ ਦਾ ਕਹਿਣਾ ਹੈ ਕਿ ਇਸ ਗੱਲ ਦੀ ਤਿੱਗਣੀ ਸੰਭਾਵਨਾ ਹੁੰਦੀ ਹੈ ਕਿ ਓਨਟਾਰੀਓ ਵਿੱਚ ਮੂਲਵਾਸੀ ਔਰਤਾਂ ਹਿੰਸਾ ਦਾ ਸ਼ਿਕਾਰ ਬਣਨ ਤੇ ਉਨ੍ਹਾਂ ਦੇ ਕਤਲ ਦਾ ਵੀ ਵਧੇਰੇ ਖਦਸ਼ਾ ਰਹਿੰਦਾ ਹੈ। ਇਸ ਰਣਨੀਤੀ ਨੂੰ ਇੱਕਠਿਆਂ ਚੱਲਣ ਦਾ ਨਾਂ ਦਿੱਤਾ ਗਿਆ ਹੈ ਤੇ ਇਹ ਹਿੰਸਾ ਤੇ ਸਰੀਰਕ ਸ਼ੋਸ਼ਣ ਰੋਕਣ ਲਈ ਲਿਬਰਲ ਸਰਕਾਰ ਦੀ ਵਿਆਪਕ ਯੋਜਨਾ ਦਾ ਹਿੱਸਾ ਹੈ। ਇਸ ਯੋਜਨਾ ਵਿੱਚ ਬੱਚਿਆਂ ਨੂੰ ਸਮਰਥਨ, ਨੌਜਵਾਨਾਂ ਤੇ ਪਰਿਵਾਰਾਂ ਦੀ ਮਦਦ, ਪੁਲਿਸ ਨੂੰ ਨਵੀਂ ਟਰੇਨਿੰਗ ਤੇ ਜਨਤਾ ਨੂੰ ਸਿੱਖਿਅਤ ਕਰਨ ਦੀ ਮੁਹਿੰਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਵੀ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾਣਗੀਆਂ। ਵਿੰਨ ਦਾ ਕਹਿਣਾ ਹੈ ਕਿ ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਔਰਤਾਂ ਦੇ ਮਾਮਲੇ ਦੀ ਕੌਮੀ ਜਾਂਚ ਵਿੱਚ ਲੰਮਾ ਸਮਾਂ ਲੱਗੇਗਾ ਪਰ ਓਨਟਾਰੀਓ ਆਪਣੇ ਵੱਲੋਂ ਕੋਸ਼ਿਸ਼ ਕਰਦਾ ਰਹੇਗਾ।
ਇਸ ਦੌਰਾਨ ਛੇ ਮੁੱਖ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਪਰਿਵਾਰਾਂ ਦੀ ਬਿਹਤਰੀ ਲਈ ਨਵੇਂ ਫੈਮਿਲੀ ਬੇਲ ਬੀਇੰਗ ਪ੍ਰੋਗਰਾਮ ਨੂੰ ਲਾਂਚ ਕੀਤਾ ਜਾਵੇਗਾ। ਓਨਟਾਰੀਓ ਇਸ ਪ੍ਰੋਗਰਾਮ ਲਈ ਮੂਲ ਭਾਈਚਾਰਿਆਂ ਨੂੰ ਫੰਡਿੰਗ ਵੀ ਪ੍ਰਦਾਨ ਕਰੇਗਾ ਤਾਂ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ।
ਉਥੇ ਕਮਿਊਨਿਟੀ ਸੇਫਟੀ ਅਤੇ ਹੀਲਿੰਗ ਦੇ ਤਹਿਤ ਓਨਟਾਰੀਓ ਵਿਚ ਮਨੁੱਖੀ ਤਸਕਰੀ ਦੇ ਪ੍ਰਮੁੱਖ ਪਹਿਲੂਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਰੋਕਣਾ ਹੈ। ਸਰਕਾਰ ਇਸ ਸਬੰਧ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਕੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਵਿਚ ਮੱਦਦ ਕਰੇਗੀ। ਪੁਲਿਸਿੰਗ ਦੇ ਤਹਿਤ ਨਵੇਂ ਪੁਲਿਸ ਟਰੇਨਿੰਗ ਸੈਂਟਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਥੇ ਆਮ ਲੋਕਾਂ ਨੂੰ ਵੀ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਵਹਾਰ ਨੂੰ ਬਦਲਣ ਲਈ ਪਬਲਿਕ ਐਜੂਕੇਸ਼ਨ ਅਭਿਆਨ ਨੂੰ ਸ਼ੁਰੂ ਕੀਤਾ ਜਾਵੇਗਾ। ਡਾਟਾ ਤੇ ਰਿਸਰਚ ਨੂੰ ਲੈ ਕੇ ਵੀ ਨਵੀਆਂ ਰਣਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਪ੍ਰਕਾਰ ਓਨਟਾਰੀਓ ਸਰਕਾਰ ਮੂਲ ਨਿਵਾਸੀਆਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਤੇ ਉਨ੍ਹਾਂ ਨੂੰ ਸਨਮਾਨ ਨਾਲ ਜੀਉਣ ਦੇ ਅਵਸਰ ਪ੍ਰਦਾਨ ਕਰਨਾ ਚਾਹੁੰਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …