ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਹੈਲਥ ਕੇਅਰ ਦੇ ਭਵਿੱਖ ਨੂੰ ਲੈ ਕੇ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਦਰਮਿਆਨ ਚੱਲ ਰਹੀ ਗੱਲਬਾਤ ਵਿੱਚ ਖੜੋਤ ਪੈਦਾ ਹੋ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਆਪਣੀਆਂ ਤਾਜਾ ਟਿੱਪਣੀਆਂ ਤੋਂ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਇਸ ਵਾਰੀ ਨਹੀਂ ਝੁਕਣਗੇ।
ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਇਸ ਵਾਰੀ ਉਹ ਹੈਲਥ ਕੇਅਰ ਸੁਧਾਰਾਂ ਨੂੰ ਲੀਹ ਤੋਂ ਨਹੀਂ ਉਤਰਨ ਦੇਣਗੇ।
ਦੂਜੇ ਪਾਸੇ ਪ੍ਰੋਵਿੰਸ਼ੀਅਲ ਪ੍ਰੀਮੀਅਰਜ਼ ਵੱਲੋਂ ਆਪਣੇ ਬਿਮਾਰ ਪਏ ਹੈਲਥ ਸਿਸਟਮਜ ਵਿੱਚ ਸੁਧਾਰ ਕਰਨ ਲਈ ਫੈਡਰਲ ਸਰਕਾਰ ਤੋਂ ਹੋਰ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ। ਟਰੂਡੋ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਵੱਡੀ ਸਮੱਸਿਆ ਹੈ ਪਰ ਹਰ ਵਾਰੀ ਫੈਡਰਲ ਸਰਕਾਰ ਫੰਡ ਜਾਰੀ ਕਰਕੇ ਇਸ ਸਮੱਸਿਆ ਨੂੰ ਹੱਲ ਹੁੰਦਾ ਵੇਖਣ ਲਈ ਹੱਥ ਉੱਤੇ ਹੱਥ ਧਰ ਕੇ ਇੰਤਜਾਰ ਨਹੀਂ ਕਰ ਸਕਦੀ। ਉਹ ਵੀ ਉਦੋਂ ਜਦੋਂ ਸਮੱਸਿਆ ਫਿਰ ਵੀ ਠੀਕ ਨਹੀਂ ਹੁੰਦੀ। ਪਰ ਹੁਣ ਸਮਾਂ ਆ ਗਿਆ ਹੈ ਜਦੋਂ ਸਿਸਟਮ ਵਿੱਚ ਸੁਧਾਰ ਕਰਨਾ ਹੋਵੇਗਾ।
ਬੱਚਿਆਂ ਵਿੱਚ ਸਾਹ ਸਬੰਧੀ ਬਿਮਾਰੀ ਫੈਲਣ ਕਾਰਨ ਦੇਸ਼ ਭਰ ਦੇ ਹਸਪਤਾਲ ਲੋੜ ਤੋਂ ਵੱਧ ਭਰੇ ਹੋਏ ਹਨ, ਦੂਜੇ ਪਾਸੇ ਬੱਚਿਆਂ ਤੇ ਹੋਰਨਾਂ ਮਰੀਜ਼ਾਂ ਦਾ ਇਲਾਜ ਕਰਨ ਲਈ ਸਟਾਫ ਦੀ ਘਾਟ ਵੀ ਪਾਈ ਜਾ ਰਹੀ ਹੈ।
ਮਹਾਂਮਾਰੀ ਤੋਂ ਬਾਅਦ ਲਾਂਗ ਟਰਮ ਤੇ ਹੋਰਨਾਂ ਫੰਡਾਂ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਪ੍ਰੋਵਿੰਸਾਂ ਵੱਲੋਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪ੍ਰੋਵਿੰਸ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਦੇਸ ਭਰ ਵਿੱਚ ਹੈਲਥ ਕੇਅਰ ਉੱਤੇ ਆਉਣ ਵਾਲੇ ਖਰਚੇ ਦਾ 35 ਫੀਸਦੀ ਦੇਵੇ ਜੋ ਕਿ ਹੁਣ ਨਾਲੋਂ 22 ਫੀਸਦੀ ਵੱਧ ਹੈ।
ਪਹਿਲਾਂ ਟਰੂਡੋ ਨੇ ਪ੍ਰੋਵਿੰਸਾਂ ਨੂੰ ਆਖਿਆ ਸੀ ਕਿ ਇਸ ਫੰਡ ਲਈ ਉਹ ਮਹਾਂਮਾਰੀ ਖਤਮ ਹੋਣ ਤੱਕ ਦੀ ਉਡੀਕ ਕਰਨ ਪਰ ਬਾਅਦ ਵਿੱਚ ਉਨ੍ਹਾਂ ਓਮਾਇਕ੍ਰੌਨ ਵੇਵ ਦੌਰਾਨ 2 ਬਿਲੀਅਨ ਡਾਲਰ ਇੱਕਮੁਸ਼ਤ, ਜੋ ਕਿ ਇਸ ਕੰਮ ਲਈ ਹੀ ਸਮਰਪਿਤ ਸੀ, ਜਾਰੀ ਕਰ ਦਿੱਤਾ। ਹੁਣ ਟਰੂਡੋ ਦਾ ਕਹਿਣਾ ਹੈ ਕਿ ਹੋਰ ਫੰਡ ਜਾਰੀ ਕਰਨ ਤੋਂ ਪਹਿਲਾਂ ਸਿਸਟਮ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਤੱਕ ਪ੍ਰੋਵਿੰਸ ਤਬਦੀਲੀ ਦਾ ਵਾਅਦਾ ਨਹੀਂ ਕਰਦੇ ਉਨ੍ਹਾਂ ਵੱਲੋਂ ਹੋਰ ਫੰਡ ਜਾਰੀ ਨਹੀਂ ਕੀਤੇ ਜਾਣਗੇ।