Breaking News
Home / ਪੰਜਾਬ / ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਣੇਗਾ ਕੋਵਿਡ ਮਹਾਮਾਰੀ ਨਾਲ ਲੜਨ ਲਈ ਹਸਪਤਾਲ

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਣੇਗਾ ਕੋਵਿਡ ਮਹਾਮਾਰੀ ਨਾਲ ਲੜਨ ਲਈ ਹਸਪਤਾਲ

ਚੜ੍ਹਾਵੇ ਦੇ ਰੂਪ ਵਿਚ ਆਇਆ 50 ਕਿਲੋ ਸੋਨਾ ਮਾਨਵਤਾ ਦੀ ਸੇਵਾ ‘ਚ ਲਗਾਉਣ ਦੀ ਯੋਜਨਾ
ਚੰਡੀਗੜ੍ਹ/ਬਿਊਰੋ ਨਿਊਜ਼ : ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਪ੍ਰਬੰਧਕੀ ਬੋਰਡ ਪਿਛਲੇ 50 ਸਾਲਾਂ ਤੋਂ ਚੜ੍ਹਾਵੇ ਦੇ ਰੂਪ ‘ਚ ਆਏ ਸੋਨੇ ਦੀ ਵਰਤੋਂ ਸਮਾਜ ਦੇ ਸਿਹਤ ਕਾਰਜਾਂ ‘ਚ ਲਾਉਣਾ ਚਾਹੁੰਦਾ ਹੈ। ਇਸ ਸੋਨੇ ਦੀ ਵਰਤੋਂ ਕਰਕੇ ਇੱਥੇ ਮੈਡੀਕਲ ਕਾਲਜ ਤੇ ਹਸਪਤਾਲ ਬਣਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਕਰੋਨਾ ਵਾਇਰਸ ਕਾਰਨ ਬੋਰਡ ਦੀ ਬੈਠਕ ਨਾ ਹੋਣ ਕਾਰਨ ਇਹ ਮਿਸਾਲੀ ਕਾਰਜ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਧਿਆਨ ਰਹੇ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਕੋਲ ਇਸ ਸਮੇਂ 50 ਕਿੱਲੋ ਦੇ ਕਰੀਬ ਸੋਨਾ ਦੱਸਿਆ ਜਾ ਰਿਹਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਜਥੇਦਾਰ ਗਿਆਨੀ ਕੁਲਵੰਤ ਸਿੰਘ ਜਿਹੜੇ ਪਿਛਲੇ ਸਾਲ ਅਗਸਤ ‘ਚ ਬਿਮਾਰ ਹੋ ਗਏ ਸਨ, ਉਨ੍ਹਾਂ ਨੂੰ ਇਲਾਜ ਲਈ ਪਹਿਲਾਂ ਔਰੰਗਾਬਾਦ ਤੇ ਬਾਅਦ ‘ਚ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਦਾਖ਼ਲ ਕਰਾਉਣਾ ਪਿਆ ਸੀ। ਜਦੋਂ ਗਿਆਨੀ ਕੁਲਵੰਤ ਸਿੰਘ ਸਿਹਤਯਾਬ ਹੋ ਕੇ ਪਰਤੇ ਤਾਂ ਉਨ੍ਹਾਂ ਕਿਹਾ ਕਿ ਨਾਂਦੇੜ ‘ਚ ਹੀ ਇਕ ਵੱਡਾ ਮੈਡੀਕਲ ਕਾਲਜ ਤੇ ਹਸਪਤਾਲ ਦਾ ਨਿਰਮਾਣ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ‘ਤੇ ਸੰਗਤ ਨੇ ਜਿਹੜਾ ਸੋਨਾ ਭੇਟ ਕੀਤਾ ਹੈ, ਉਸ ਨੂੰ ਮੈਡੀਕਲ ਕਾਲਜ ਤੇ ਹਸਪਤਾਲ ਬਣਾਉਣ ‘ਤੇ ਖ਼ਰਚ ਕੀਤਾ ਜਾਵੇ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧਕੀ ਬੋਰਡ ਦੇ ਚੇਅਰਮੈਨ ਭੁਪਿੰਦਰ ਸਿੰਘ ਮਿਨਹਾਸ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਕਾਰਜ ਬੋਰਡ ਦੇ ਵਿਚਾਰ ਅਧੀਨ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਬੋਰਡ ਦੀ ਬੈਠਕ ਨਹੀਂ ਹੋ ਰਹੀ, ਇਸ ਲਈ ਇਸ ‘ਤੇ ਫ਼ੈਸਲਾ ਨਹੀਂ ਹੋ ਰਿਹਾ। ਜ਼ਿਕਰਯੋਗ ਹੈ ਕਿ ਮੈਡੀਕਲ ਕਾਲਜ ‘ਤੇ ਅੰਦਾਜ਼ਨ 25 ਤੋਂ 30 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ।

 

Check Also

ਸ਼ੰਭੂ ਬਾਰਡਰ ਵਿਖੇ ਰੇਲ ਟਰੈਕ ’ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ

ਸਰਵਣ ਸਿੰਘ ਪੰਧੇਰ ਨੇ ਕਿਹਾ : 1 ਮਈ ਨੂੰ ਮਜ਼ਦੂਰ ਦਿਵਸ ਵੀ ਮਨਾਵਾਂਗੇ ਚੰਡੀਗੜ੍ਹ/ਬਿਊਰੋ ਨਿਊਜ਼ …