Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਆਪ’ ਖਿਲਾਫ ਲੋਕ ਲਹਿਰ ਵਿੱਢਣ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਆਪ’ ਖਿਲਾਫ ਲੋਕ ਲਹਿਰ ਵਿੱਢਣ ਦਾ ਐਲਾਨ

ਸੁਖਬੀਰ ਬਾਦਲ ਦੀ ਅਗਵਾਈ ਹੇਠ ਹੋਈ ਕੋਰ ਕਮੇਟੀ ਦੀ ਪਹਿਲੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਨਵੀਂ ਕੋਰ ਕਮੇਟੀ ਦੀ ਪਹਿਲੀ ਮੀਟਿੰਗ ਚੰਡੀਗੜ੍ਹ ‘ਚ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਈ, ਜਿਸ ਵਿਚ ਪੰਜਾਬ ਦੇ ਮੌਜੂਦਾ ਸਿਆਸੀ ਹਾਲਤ ਬਾਰੇ ਚਰਚਾ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸੂਬੇ ਵਿੱਚ ਸਿਆਸੀ ਬਦਲਾਖੋਰੀ ਦੀ ਨੀਤੀ ਨੂੰ ਬੰਦ ਕਰੇ। ਉਨ੍ਹਾਂ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਵੱਖ-ਵੱਖ ਮੁੱਦੇ ਚੁੱਕੇ ਜਾਣਗੇ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਦੀ ਬੇਸ਼ਕੀਮਤੀ ਜ਼ਮੀਨਾਂ ਖੋਹਣ ਤੇ ਭ੍ਰਿਸ਼ਟ ‘ਆਪ’ ਆਗੂਆਂ ਨੂੰ ਬਚਾਉਣ ਵਿਰੁੱਧ ਲੋਕ ਲਹਿਰ ਵਿੱਢੀ ਜਾਵੇਗੀ।
ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਦਿੱਲੀ ਦੀ ਲੀਡਰਸ਼ਿਪ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਬਣਾਏ ਗਏ ਹਨ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿਚ 24000 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ, ਜਿਸ ਨਾਲ ਹਜ਼ਾਰਾਂ ਲੋਕ ਆਪਣੇ ਰੁਜ਼ਗਾਰ ਗੁਆ ਲੈਣਗੇ। ਉਨ੍ਹਾਂ ਕਿਹਾ ਕਿ ਜ਼ਮੀਨ ਐਕੁਆਇਰ ਕਰਨ ਦਾ ਇਹ ਘੁਟਾਲਾ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਰਿਹਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬਾ ਸਰਕਾਰ ਨੂੰ ਅਜਿਹੀ ਕਾਰਵਾਈ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ‘ਤੇ ਪਲਟੀ ਮਾਰ ਰਹੀ ਹੈ। ਇਸ ਮਾਮਲੇ ਵਿਚ ਵਿਰੋਧੀ ਧਿਰ ਨੇਤਾਵਾਂ ਨੂੰ ਫਸਾਇਆ ਜਾ ਰਿਹਾ ਹੈ, ਜਦਕਿ ਆਪਣਿਆਂ ਨੂੰ ਬਖਸ਼ਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਾਬਕਾ ਮੰਤਰੀ ਡਾ. ਵਿਜੈ ਸਿੰਗਲਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਜਿਸ ਖਿਲਾਫ ਮੁੱਖ ਮੰਤਰੀ ਦੇ ਕਹਿਣ ‘ਤੇ ਕੇਸ ਦਰਜ ਕੀਤਾ ਸੀ। ਡਾ. ਚੀਮਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਤੇ ਹੋਰ ਮੁੱਦਿਆਂ ਨੂੰ ਉਜਾਗਰ ਕੀਤਾ ਜਾ ਰਿਹਾ ਸੀ, ਜਿਸ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮਜੀਠੀਆ ਖਿਲਾਫ ਦਰਜ ਐੱਨਡੀਪੀਐੱਸ ਦਾ ਕੇਸ ਮੂਧੇ ਮੂੰਹ ਡਿੱਗਿਆ ਹੈ, ਉਸੇ ਤਰ੍ਹਾਂ ਮੌਜੂਦਾ ਕੇਸ ਵੀ ਮੂਧੇ ਮੂੰਹ ਡਿੱਗੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਰਹੀ ਹੈ, ਜਿਸ ਨੂੰ ਬੇਨਕਾਬ ਕੀਤਾ ਜਾਵੇਗਾ।
ਦਿਲਜੀਤ ਦੁਸਾਂਝ ਦੀ ਕੀਤੀ ਹਮਾਇਤ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਦਿਲਜੀਤ ਦੁਸਾਂਝ ਨਾਲ ਸਬੰਧਤ ਮਾਮਲੇ ‘ਤੇ ਵਿਚਾਰ ਮਗਰੋਂ ਉਸ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ।
ਕੋਰ ਕਮੇਟੀ ਨੇ ਦਿਲਜੀਤ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਉਸ ਨੂੰ ਬੇਲੋੜੇ ਵਿਵਾਦ ਵਿਚ ਫਸਾਇਆ ਗਿਆ ਤੇ ਨਫਰਤ ਭਰੀ ਇਸ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਨੈਤਿਕ ਆਧਾਰ ਗੁਆਇਆ : ਝੂੰਦਾ
ਰੱਖੜਾ ਨੇ ਝੂੰਦਾ ਨੂੰ ਅਕਾਲੀ ਦਲ ‘ਚ ਭਰਤੀ ਲਈ 1.3 ਲੱਖ ਮੈਂਬਰਾਂ ਦੀਆਂ ਪਰਚੀਆਂ ਸੌਂਪੀਆਂ
ਪਟਿਆਲਾ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ‘ਤੇ ਬਣੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਉਸ ਵੇਲੇ ਹੁੰਗਾਰਾ ਮਿਲਿਆ ਜਦੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ, ਨਾਭਾ, ਸਮਾਣਾ ਅਤੇ ਹੋਰ ਖੇਤਰਾਂ ਤੋਂ ਆਈ ਸੰਗਤ ਦੀ ਹਾਜ਼ਰੀ ‘ਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾ ਨੂੰ ਲਗਪਗ 1.3 ਲੱਖ ਮੈਂਬਰਾਂ ਦੀਆਂ ਪਰਚੀਆਂ ਸੌਂਪੀਆਂ।
ਭਰਤੀ ਦੀ ਆਖ਼ਰੀ ਤਰੀਕ ਮੌਕੇ ਇਕ ਜੁਲਾਈ ਨੂੰ ਰੱਖੜਾ ਵੱਲੋਂ ਆਪਣੇ ਘਰ ‘ਚ ਭਰਤੀ ਪ੍ਰਕਿਰਿਆ ਮੁਕੰਮਲ ਹੋਣ ‘ਤੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ। ਇਸ ਦੌਰਾਨ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਲੀਡਰਸ਼ਿਪ ਨੈਤਿਕ ਆਧਾਰ ਗੁਆ ਚੁੱਕੀ ਹੈ ਜਿਸ ਕਰ ਕੇ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਦੀ ਨਵੀਂ ਭਰਤੀ ਦੇ ਹੁਕਮ ਜਾਰੀ ਕੀਤੇ ਸਨ ਤਾਂ ਜੋ ਪੰਥ ਅਤੇ ਪੰਜਾਬ ਨੂੰ ਪੁਰਾਤਨ ਅਕਾਲੀ ਜਥੇਦਾਰਾਂ ਦੀ ਨੁਹਾਰ ਵਾਲੀ ਨਵੀਂ ਲੀਡਰਸ਼ਿਪ ਦਿੱਤੀ ਜਾ ਸਕੇ। ਉਨ÷ ਾਂ ਕਿਹਾ ਸੁਰਜੀਤ ਰੱਖੜਾ ਨੇ 1 ਲੱਖ ਤੋਂ ਵਧੇਰੇ ਮੈਂਬਰ ਭਰਤੀ ਕਰਕੇ ਇਸ ਭਰਤੀ ਵਿੱਚ ਇੱਕ ਨਵਾਂ ਜੋਸ਼ ਭਰਿਆ ਹੈ। ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਹੀ ਨਹੀਂ ਸਗੋਂ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀਆਂ ਵਿੱਚੋਂ ਇੱਕ ਹੈ ਪਰ ਅਕਾਲੀ ਦਲ ਦੇ ਪਿਛਲੇ ਡੇਢ ਦਹਾਕੇ ਤੋਂ ਚੱਲੇ ਆ ਰਹੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਖੋਰਾ ਲਾ ਦਿੱਤਾ ਹੈ। ਸਮਾਗਮ ਦਾ ਸੰਚਾਲਣ ਸਤਵਿੰਦਰ ਸਿੰਘ ਟੌਹੜਾ ਵੱਲੋਂ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਤੋਂ ਕਪੂਰ ਚੰਦ ਬਾਂਸਲ, ਹਰੀ ਸਿੰਘ ਪ੍ਰੀਤ ਤੇ ਕਸ਼ਮੀਰ ਸਿੰਘ ਮਾਵੀ ਆਦਿ ਹਾਜ਼ਰ ਸਨ।

Check Also

ਫਰੀਦਕੋਟ ਦਾ ਡੀਐਸਪੀ ਰਾਜਨਪਾਲ ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫਤਾਰ

  ਭਿ੍ਰਸ਼ਟਾਚਾਰ ਖਿਲਾਫ ਸਿਫਰ ਟਾਲਰੈਂਸ ਨੀਤੀ ਤਹਿਤ ਹੋਵੇਗੀ ਜਾਂਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ …