ਭਗਵੰਤ ਮਾਨ ਦੇ ਰੋਡ ਸ਼ੋਅ ’ਤੇ ਉਠ ਚੁੱਕੇ ਹਨ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਅਹੁਦੇ ਦੀ ਸਹੁੰ ਚੁੱਕਣੀ ਹੈ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਧੰਨਵਾਦ ਕਰਨ ਲਈ ਅੰਮਿ੍ਰਤਸਰ ਵਿਚ ਰੋਡ ਸ਼ੋਅ ਵੀ ਕੀਤਾ ਸੀ। ਇਸ ਰੋਡ ਵਿਚ ਪੰਜਾਬ ਭਰ ਤੋਂ ਸਰਕਾਰੀ ਬੱਸਾਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲਿਜਾਇਆ ਗਿਆ। ਇਸ ’ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਵਾਲ ਵੀ ਚੁੱਕੇ ਸਨ। ਹੁਣ ਮੀਡੀਆ ਤੋਂ ਜਾਣਕਾਰੀ ਮਿਲੀ ਹੈ ਭਗਵੰਤ ਮਾਨ ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਅਹੁਦੇ ਦੀ ਸਹੁੰ ਚੁੱਕਣੀ ਹੈ ਅਤੇ ਇਸ ਸਮਾਗਮ ’ਤੇ ਦੋ ਕਰੋੜ ਰੁਪਏ ਤੋਂ ਵੀ ਵੱਧ ਖਰਚਾ ਹੋਵੇਗਾ। ਇਹ ਵੀ ਦੱਸਿਆ ਗਿਆ ਕਿ ਸਹੁੰ ਚੁੱਕ ਸਮਾਗਮ ਲਈ ਆਮ ਆਦਮੀ ਪਾਰਟੀ ਨੇ ਕਿਸਾਨਾਂ ਕੋਲੋਂ 45 ਖੇਤ ਕਿਰਾਏ ’ਤੇ ਲਏ ਹਨ ਅਤੇ ਇਨ੍ਹਾਂ ਖੇਤਾਂ ਵਿਚੋਂ ਕਣਕ ਦੀ ਫਸਲ ਵੱਢ ਦਿੱਤੀ ਗਈ ਹੈ। ਇਸ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਕਿੰਨਾ ਮੁਆਵਜ਼ਾ ਮਿਲੇਗਾ, ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ 16 ਮਾਰਚ ਦੇ ਸਹੁੰ ਚੁੱਕ ਸਮਾਗਮ ਵਿਚ ਜ਼ਰੂਰ ਪਹੁੰਚਣ। ਭਗਵੰਤ ਨੇ ਪੁਰਸ਼ਾਂ ਨੂੰ ਉਸ ਦਿਨ ਵਿਸ਼ੇਸ਼ ਤੌਰ ’ਤੇ ਬਸੰਤੀ ਰੰਗ ਦੀਆਂ ਦਸਤਾਰਾਂ ਅਤੇ ਮਹਿਲਾਵਾਂ ਨੂੰ ਪੀਲਾ ਦੁਪੱਟਾ ਜਾਂ ਸ਼ਾਲ ਪਾ ਕੇ ਆਉਣ ਲਈ ਅਪੀਲ ਕੀਤੀ ਹੈ।

