Breaking News
Home / ਪੰਜਾਬ / ਆਰੋਪ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈਲੀਕਾਪਟਰ ਰਾਹੀਂ ਜਾਂਦੇ ਅਤੇ ਫਿਰ ਵੀ 500 ਰੁਪਏ ਰੋਜ਼ਾਨਾ ਸਫ਼ਰ ਭੱਤਾ ਲੈਂਦੇ ਰਹੇ

ਆਰੋਪ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੈਲੀਕਾਪਟਰ ਰਾਹੀਂ ਜਾਂਦੇ ਅਤੇ ਫਿਰ ਵੀ 500 ਰੁਪਏ ਰੋਜ਼ਾਨਾ ਸਫ਼ਰ ਭੱਤਾ ਲੈਂਦੇ ਰਹੇ

ਬਾਦਲ ਪਰਿਵਾਰ ਨੇ 10 ਸਾਲ ‘ਚ ਪ੍ਰਾਈਵੇਟ ਚਾਰਟਡ ਹੈਲੀਕਾਪਟਰਾਂ ‘ਤੇ ਸਰਕਾਰੀ ਖਜ਼ਾਨੇ ‘ਚੋਂ 1.21 ਅਰਬ ਰੁਪਏ ਖਰਚੇ : ਸਿੱਧੂ
ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਰਟੀਆਈ ਰਾਹੀਂ ਖੁਲਾਸਾ ਕੀਤਾ ਹੈ ਕਿ ਬਾਦਲ ਪਰਿਵਾਰ ਨੇ ਆਪਣੀ ਸਰਕਾਰ ਦੇ ਦਸ ਸਾਲਾਂ ‘ਚ ਸਰਕਾਰੀ ਖਜ਼ਾਨੇ ਤੋਂ 1 ਅਰਬ 21 ਕਰੋੜ 15 ਲੱਖ ਖਰਚ ਕਰਕੇ ਪ੍ਰਾਈਵੇਟ ਅਤੇ ਚਾਰਟਡ ਹੈਲੀਕਾਪਟਰਾਂ ਦੇ ਨਜ਼ਾਰੇ ਲਏ। ਸਿੱਧੂ ਨੇ ਕਿਹਾ ਕਿ ਖਜ਼ਾਨੇ ਦੀ ਅਜਿਹੀ ਲੁੱਟ ਕੀਤੀ ਗਈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਕਾਰੀ ਖਰਚੇ ‘ਤੇ ਹੈਲੀਕਾਪਟਰ ‘ਚ ਘੁੰਮਦੇ ਹੋਏ ਵੀ 500 ਰੁਪਏ ਰੋਜ਼ਾਨਾ ਸਫਰ ਭੱਤਾ ਵੀ ਲਗਾਤਾਰ ਹਾਸਲ ਕਰਦੇ ਰਹੇ। ਸਰਕਾਰੀ ਖਜ਼ਾਨੇ ਦੀ ਲੁੱਟ ਦੇ ਲਈ ਨਿਯਮਾਂ ਨੂੰ ਕਿਸ ਤਰ੍ਹਾਂ ਤਾਕ ‘ਤੇ ਰੱਖਿਆ ਗਿਆ, ਇਸ ਦਾ ਉਦਾਹਰਣ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਦੀ ਪਤਨੀ ਸੁਰਿੰਦਰ ਕੌਰ ਬਾਦਲ ਦੇ ਦੋ ਵਾਰ ਅਮਰੀਕਾ ‘ਚ ਇਲਾਜ ਕਰਵਾਉਣ ਦਾ ਲਗਭਗ 8 ਲੱਖ ਰੁਪਏ ਦਾ ਖਰਚ ਬਿਨਾ ਟਰੈਵਲਿੰਗ ਟਿਕਟਾਂ ਜਾਂ ਬੋਰਡਿੰਗ ਕੋਲੋਂ ਹੀ ਜਾਰੀ ਕਰ ਦਿੱਤਾ ਗਿਆ।
ਪੰਜ ਖੁਲਾਸੇ ਕੀਤੇ ਜਾਣਗੇ : ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਧਨਾਢ ਰਾਜਨੀਤਿਕ ਪਰਿਵਾਰਾਂ ‘ਚੋਂ ਮੰਨਿਆ ਜਾਂਦਾ ਹੈ ਪ੍ਰੰਤੂ ਜਿਸ ਤਰੀਕੇ ਨਾਲ ਉਕਤ ਪਰਿਵਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ ਗਈ ਹੈ, ਉਸ ਨਾਲ ਇਸ ਪਰਿਵਾਰ ਦੀ ਨੈਤਿਕਤਾ ਦਾ ਪਤਾ ਚਲਦਾ ਹੈ। ਸਿੱਧੂ ਨੇ ਕਿਹਾ ਕਿ ਆਉਂਦੇ ਦਿਨਾਂ ‘ਚ ਉਹ ਪੰਜ ਪ੍ਰੈਸ ਕਾਨਫਰੰਸ ਕਰਕੇ ਬਾਦਲ ਪਰਿਵਾਰ ਦੀ ਲੁੱਟ ਨੂੰ ਉਜਾਗਰ ਕਰਨਗੇ।
ਸੂਚਨਾ ਅਧਿਕਾਰ ਕਾਨੂੰਨ ਤਹਿਤ ਦਲਜੀਤ ਸਿੰਘ ਗਿਲਜੀਆਂ ਵੱਲੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਬਾਦਲਾਂ (ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ) ਨਾਲ ਸਰਕਾਰੀ ਖ਼ਜ਼ਾਨੇ ਦਾ ਧੂੰਆਂ ਕੱਢਦਾ ਹੋਇਆ 51 ਸਰਕਾਰੀ ਕਾਰਾਂ ਦਾ ਕਾਫ਼ਲਾ ਚੱਲਦਾ ਸੀ।
ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਸਰਕਾਰ ਵੱਲੋਂ ਦਿੱਤੀਆਂ ਗਈਆਂ 51 ਕਾਰਾਂ ਨੇ ਹੀ 14 ਕਰੋੜ ਰੁਪਏ ਦਾ ਤੇਲ ਮਹਿਜ਼ 19 ਮਹੀਨਿਆਂ ਵਿਚ ਫੂਕ ਦਿੱਤਾ ਸੀ। ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਹਵਾਈ ਜਹਾਜ਼ਾਂ ਦੇ ਖ਼ਰਚਿਆਂ ਸਬੰਧੀ ਬਾਦਲ ਸਰਕਾਰ ਦੇ 10 ਸਾਲਾਂ ਦਾ ਵਹੀ-ਖਾਤਾ ਮੀਡੀਆ ਸਾਹਮਣੇ ਰੱਖਿਆ।
ਸਿੱਧੂ ਨੇ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹਵਾਈ ਸਫ਼ਰ, ਭਾੜੇ ਦੇ ਜਹਾਜ਼ਾਂ ਦੇ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੁਕੰਮਲ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਹਕੂਮਤ ਦੌਰਾਨ ਮਾਰਚ 2017 ਤੋਂ ਲੈ ਕੇ ਹੁਣ ਤੱਕ ਹਵਾਈ ਖ਼ਰਚ ਉਪਰ ਮਹਿਜ਼ 37.85 ਲੱਖ ਰੁਪਏ ਖ਼ਰਚ ਹੋਏ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਸਰਕਾਰੀ ਖ਼ਜ਼ਾਨੇ ਸਿਰ ਕਰਜ਼ੇ ਦਾ ਭਾਰ ਏਨਾ ਜ਼ਿਆਦਾ ਕਰ ਦਿੱਤਾ ਹੈ ਕਿ ਕਾਂਗਰਸ ਦੇ ਮੰਤਰੀਆਂ ਨੂੰ ਨਵੀਆਂ ਕਾਰਾਂ ਵੀ ਨਸੀਬ ਨਹੀਂ ਹੋਈਆਂ ਅਤੇ ਉਹ ਆਪਣੀਆਂ ਕਾਰਾਂ ਵਿੱਚ ਹੀ ਸਰਕਾਰੀ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਤੱਥ ਸਭ ਦੇ ਸਾਹਮਣੇ ਹੈ ਕਿ ਖ਼ਜ਼ਾਨੇ ਵਿੱਚ ਪੈਸੇ ਦੀ ਤੋਟ ਹੋਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ-ਸਿਰ ਨਹੀਂ ਦਿੱਤੀਆਂ ਜਾਂਦੀਆਂ ਤੇ ਸੇਵਾਮੁਕਤੀ ਲਾਭ ਵੀ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਕਦੇ ਵੀ ਨਿੱਜੀ ਦੌਰੇ ‘ਤੇ ਕਿਸੇ ਦੇ ਵਿਆਹ, ਸ਼ਗਨ ਪਾਰਟੀਆਂ ਜਾਂ ਅਫ਼ਸੋਸ ਕਰਨ ਲਈ ਹੈਲੀਕਾਪਟਰ ‘ਤੇ ਜਾਂਦੇ ਸਨ ਤਾਂ ਉਸ ਦਿਨ ਦਾ 500 ਰੁਪਏ ਤੋਂ ਲੈ ਕੇ ਇੱਕ ਹਜ਼ਾਰ ਰੁਪਏ ਤੱਕ ਦਾ ਸਫ਼ਰੀ ਭੱਤਾ ਵੀ ਵਸੂਲ ਕੀਤਾ ਜਾਂਦਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਿਯਮਾਂ ਮੁਤਾਬਕ ਭਾਵੇਂ ਕੋਈ ਮੁੱਖ ਮੰਤਰੀ 500 ਰੁਪਏ ਤੱਕ ਦਾ ਸਫ਼ਰੀ ਭੱਤਾ ਲੈ ਸਕਦਾ ਹੈ ਪਰ ਇੱਕ ਅਮੀਰ ਪਰਿਵਾਰ ਦਾ ਬਜ਼ੁਰਗ ਮੈਂਬਰ ਜਦੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਵਿੱਚੋਂ ਤੁੱਛ ਰਕਮ ਹਾਸਲ ਕਰਦਾ ਹੈ ਤਾਂ ਇਸ ਨੂੰ ਸੰਕੀਰਨ ਤੇ ਘਟੀਆ ਸੋਚ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …