-2.9 C
Toronto
Friday, December 26, 2025
spot_img
Homeਪੰਜਾਬਟਵਿੱਟਰ ਬਣਿਆ ਸਿਆਸੀ ਦੰਗਲ ਦਾ 'ਅਖਾੜਾ'

ਟਵਿੱਟਰ ਬਣਿਆ ਸਿਆਸੀ ਦੰਗਲ ਦਾ ‘ਅਖਾੜਾ’

capt-amrinder-singh-and-kejrawoa-copy-copyਕੈਪਟਨ ਤੇ ਕੇਜਰੀਵਾਲ ਨੇ ਇਕ-ਦੂਜੇ ਨੂੰ ਮਾਰੇ ‘ਈ-ਲਲਕਾਰੇ’
ਕੈਪਟਨ ਨੇ ਬਹਿਸ ਲਈ ਲਲਕਾਰਿਆ, ਕੇਜਰੀਵਾਲ ਨੇ ਕਿਹਾ ਰਾਹੁਲ ਜਾਂ ਸੋਨੀਆ ਨਾਲ ਕਰਾਂਗਾ ਬਹਿਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆ ਰਹੀਆਂ ਹਨ, ਸਿਆਸੀ ਬਹਿਸ ਲਗਾਤਾਰ ਕੌੜੀ ਤੇ ਨਿੱਜੀ ਹੁੰਦੀ ਜਾ ਰਹੀ ਹੈ। ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਜੰਮ ਕੇ ਤੂੰ-ਤੂੰ, ਮੈਂ-ਮੈਂ ਹੋਈ। ਕਾਂਗਰਸੀ ਨੇਤਾ ਅਮਰਿੰਦਰ ਸਿੰਘ ਨੇ ਜਿਥੇ ਕੇਜਰੀਵਾਲ ਨੂੰ ਨਾਟਕਬਾਜ ਦੱਸਿਆ, ਉਥੇ ਕੇਜਰੀਵਾਲ ਨੇ ਜਵਾਬ ਵਿਚ ਉਨ੍ਹਾਂ ‘ਤੇ ਡਰੱਗ ਦੇ ਪੈਸਿਆਂ ਨਾਲ ਚੋਣ ਪ੍ਰਚਾਰ ਕਰਨ ਦਾ ਦੋਸ਼ ਲਗਾ ਦਿੱਤਾ। ਕੈਪਟਨ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੀ ਥਾਂ, ਸਮਾਂ ਤੇ ਵਸੀਲੇ ‘ਤੇ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ। ਪੰਜਾਬ ਦੀ ਤਿਕੋਣੀ ਲੜਾਈ ਵਿਚ ਸੋਮਵਾਰ ਨੂੰ ਕਾਂਗਰਸ ਤੇ ‘ਆਪ’ ਦੇ ਚੋਟੀ ਦੇ ਆਗੂ ਸਿੱਧਾ ਭਿੜ ਗਏ। ਟਵਿੱਟਰ ‘ਤੇ ਇਕ ਦੂਜੇ ਨੂੰ ਟੈਗ ਕਰਕੇ ਉਨ੍ਹਾਂ ਖ਼ੂਬ ਭੜਾਸ ਕੱਢੀ। ਕੈਪਟਨ ਨੇ ਕੇਜਰੀਵਾਲ ਨੂੰ ਉਨ੍ਹਾਂ ਦੇ ਦਾਅ ਨਾਲ ਪਛਾੜਨ ਦੀ ਕੋਸ਼ਿਸ਼ ਕਰਦਿਆਂ ਸਿੱਧੀ ਬਹਿਸ ਲਈ ਲਲਕਾਰਿਆ। ਉਨ੍ਹਾਂ ਕਿਹਾ, ‘ਕੁਝ ਹੌਸਲਾ ਦਿਖਾਓ ਤੇ ਇਕ ਖੁੱਲ੍ਹੀ ਬਹਿਸ ਲਈ ਸਾਹਮਣੇ ਆਓ। ਆਪਣੀ ਪਸੰਦ ਦੀ ਥਾਂ, ਸਮਾਂ ਤੇ ਵਸੀਲਾ ਦੱਸੋ।’ ਇਸ ‘ਤੇ ਕੇਜਰੀਵਾਲ ਨੇ ਤੁਰੰਤ ਪ੍ਰਕਿਰਿਆ ਤਾਂ ਦਿੱਤੀ ਪਰ ਖ਼ੁਦ ਬਹਿਸ ਲਈ ਤਿਆਰ ਨਾ ਹੋ ਕੇ ਆਪਣੇ ਪੰਜਾਬ ਦੇ ਨੇਤਾਵਾਂ ਦਾ ਨਾਂ ਸੁਝਾਅ ਦਿੱਤਾ। ਉਨ੍ਹਾਂ ਐੱਸਐੱਸ ਫੂਲਕਾ, ਜਰਨੈਲ ਸਿੰਘ, ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਆਪਣੇ ਪਸੰਦ ਦੀ ਥਾਂ, ਸਮਾਂ, ਵਸੀਲਾ ਤੇ ਨੇਤਾ ਵੀ ਚੁਣ ਲੈਣ। ਗੱਲ ਇਥੇ ਖ਼ਤਮ ਨਹੀਂ ਹੋਈ। ਕੈਪਟਨ ਨੇ ਫਿਰ ਲਲਕਾਰਦਿਆਂ ਕਿਹਾ,’ਪੰਜਾਬੀ ਸਾਹਮਣਿਓਂ ਲੜਨ ਵਿਚ ਯਕੀਨ ਰੱਖਦੇ ਹਨ, ਦੂਜਿਆਂ ਦੀ ਪਿੱਠ ਪਿੱਛੇ ਲੁਕ ਕੇ ਨਹੀਂ। ਜਾਂ ਫਿਰ ਤੁਸੀਂ ਸਵੀਕਾਰ ਕਰ ਲਿਆ ਹੈ ਕਿ ਤੁਸੀਂ ਮੇਰਾ ਸਾਹਮਣਾ ਨਹੀਂ ਕਰ ਸਕਦੇ।’ ਹੁਣ ਜਵਾਬ ਵਿਚ ਕੇਜਰੀਵਾਲ ਨੇ ਕਿਹਾ, ‘ਮੈਂ ਕਿਸੇ ਦੇ ਪਿੱਛੇ ਨਹੀਂ ਲੁਕ ਰਿਹਾ। ਮੈਂ ਰਾਹੁਲ ਜੀ ਜਾਂ ਸੋਨੀਆ ਜੀ ਨਾਲ ਬਹਿਸ ਲਈ ਹਮੇਸ਼ਾਂ ਤਿਆਰ ਹਾਂ। ਜਾਂ ਫਿਰ ਪੰਜਾਬ ਟੀਮ ਤੁਹਾਡੇ ਨਾਲ ਬਹਿਸ ਕਰੇਗੀ।’ ਜਵਾਬ ਵਿਚ ਕੈਪਟਨ ਨੇ ਫਿਰ ਕਿਹਾ, ‘ਡਰ ਗਏ! ਤੁਸੀਂ ਅਜਿਹੇ ਆਮ ਆਦਮੀ ਹੋ ਜੋ ਦੋਸ਼ ਕਿਸੇ ‘ਤੇ ਵੀ ਲਗਾ ਸਕਦੇ ਹੋ ਪਰ ਬਹਿਸ ਸਿਰਫ਼ ਪ੍ਰਧਾਨ ਮੰਤਰੀ ਜਾਂ ਪਾਰਟੀ ਪ੍ਰਧਾਨਾਂ ਨਾਲ ਕਰਦੇ ਹੋ।’ ਹੁਣ ਕੇਜਰੀਵਾਲ ਨੇ ਕਾਂਗਰਸ ਤੇ ਭਾਜਪਾ ਦੀ ਮਿਲੀਭੁਗਤ ਦਾ ਦੋਸ਼ ਲਗਾਉਂਦਿਆਂ ਕਿਹਾ, ‘ਸਰ, ਚੰਗਾ ਹੁੰਦਾ ਤੁਸੀਂ ਸਾਡੀ ਪੰਜਾਬ ਟੀਮ ਨਾਲ ਬਹਿਸ ਲਈ ਤਿਆਰ ਹੋ ਜਾਂਦੇ। ਖ਼ੈਰ ਤੁਹਾਡੀ ਮਰਜ਼ੀ। ਪਰ ਸਰ, ਸਾਰੀ ਬੀਜੇਪੀ ਦੀ ਫ਼ੌਜ ਤੁਹਾਨੂੰ ਕਿਉਂ ਬਚਾ ਰਹੀ ਹੈ।’ ਇਸ ਤੋਂ ਇਕ ਦਿਨ ਪਹਿਲਾਂ ਵੀ ਦੋਵਾਂ ਨੇਤਾਵਾਂ ਵਿਚਕਾਰ ਟਵਿੱਟਰ ਵਾਰ ਚੱਲ ਰਹੀ ਸੀ। ਉਦੋਂ ਕਈ ਟਵੀਟ ਕਰਕੇ ਕੈਪਟਨ ਨੇ ਦੋਸ਼ ਲਗਾਇਆ ਸੀ ਕਿ ਕੇਜਰੀਵਾਲ ਤੋਂ ਦਿੱਲੀ ਦੀ ਸੱਤਾ ਸੰਭਲ ਨਹੀਂ ਰਹੀ ਤੇ ਪੰਜਾਬ ‘ਚ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ।

RELATED ARTICLES
POPULAR POSTS