ਇਵਰਾਜ ਦੀ ਹੈਲੀਕਾਪਟਰ ਪਾਇਲਟ ਤੇ ਪ੍ਰਭ ਸਿਮਰਨ ਦੀ ਹਵਾਈ ਫੌਜ ਦੀ ਐਜੂਕੇਸ਼ਨ ਬ੍ਰਾਂਚ ‘ਚ ਨਿਯੁਕਤੀ
ਚੰਡੀਗੜ੍ਹ/ਬਿਊਰੋ ਨਿਊਜ਼ : ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏਐਫਪੀਆਈ) ਫਾਰ ਗਰਲਜ਼ ਮੁਹਾਲੀ ਦੀਆਂ ਦੋ ਸਾਬਕਾ ਵਿਦਿਆਰਥਣਾਂ ਇਵਰਾਜ ਕੌਰ ਅਤੇ ਪ੍ਰਭ ਸਿਮਰਨ ਕੌਰ ਨੂੰ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਤੋਂ ਟਰੇਨਿੰਗ ਮਗਰੋਂ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਚੁਣਿਆ ਗਿਆ ਹੈ ਜੋ ਸੰਸਥਾ, ਸੂਬੇ ਅਤੇ ਕਿਸਾਨਾਂ ਲਈ ਵੱਡੇ ਮਾਣ ਵਾਲੀ ਗੱਲ ਹੈ।
ਜਾਣਕਾਰੀ ਅਨੁਸਾਰ ਫਲਾਇੰਗ ਅਫ਼ਸਰ ਇਵਰਾਜ ਕੌਰ ਫਲਾਇੰਗ ਬ੍ਰਾਂਚ ਵਿੱਚ ਬਤੌਰ ਹੈਲੀਕਾਪਟਰ ਪਾਇਲਟ ਜੁਆਇਨ ਕਰੇਗੀ ਜੋ ਕਿ ਜ਼ਿਲ੍ਹਾ ਰੂਪਨਗਰ ਦੇ ਅਗਾਂਹਵਧੂ ਕਿਸਾਨ ਜਸਪ੍ਰੀਤ ਸਿੰਘ ਦੀ ਧੀ ਹੈ ਜਦੋਂਕਿ ਫਲਾਇੰਗ ਅਫ਼ਸਰ ਪ੍ਰਭ ਸਿਮਰਨ ਕੌਰ ਦੇ ਪਿਤਾ ਪਰਮਜੀਤ ਸਿੰਘ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨ ਹਨ। ਪ੍ਰਭ ਸਿਮਰਨ ਦੀ ਨਿਯੁਕਤੀ ਹਵਾਈ ਸੈਨਾ ਦੀ ਐਜੂਕੇਸ਼ਨ ਬ੍ਰਾਂਚ ਵਿੱਚ ਹੋਈ ਹੈ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਨ੍ਹਾਂ ਦੋਵੇਂ ਨਵ-ਨਿਯੁਕਤ ਅਫ਼ਸਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਇਨ੍ਹਾਂ ਹੋਣਹਾਰ ਧੀਆਂ ਦੇ ਪਿਤਾ ਕਿਸਾਨ ਹਨ ਅਤੇ ਉਨ੍ਹਾਂ ਦੀ ਸਫਲਤਾ ਯਕੀਨੀ ਤੌਰ ‘ਤੇ ਪੰਜਾਬ ਦੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।
ਜ਼ਿਕਰਯੋਗ ਹੈ ਕਿ ਮਾਈ ਭਾਗੋ ਇੰਸਟੀਚਿਊਟ ਮੁਹਾਲੀ, ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਕਾਰਜਸ਼ੀਲ ਹੈ, ਜਿਸ ਕੋਲ ਅਤਿ-ਆਧੁਨਿਕ ਬੁਨਿਆਦੀ ਢਾਂਚੇ ਵਾਲਾ ਰਿਹਾਇਸ਼ੀ ਕੈਂਪ ਹੈ ਅਤੇ ਇਹ ਦੇਸ਼ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਕੈਂਪ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਲੜਕੀਆਂ ਦੇ ਦੇਸ਼ ਦੀ ਸੇਵਾ ਲਈ ਰੱਖਿਆ ਸੇਵਾਵਾਂ ‘ਚ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਹਾਲ ਹੀ ਵਿੱਚ ਮਾਈ ਭਾਗੋ ਇੰਸਟੀਚਿਊਟ ਮੁਹਾਲੀ ‘ਚ ਐਨਡੀਏ ਪ੍ਰੈਪਰੇਟਰੀ ਵਿੰਗ (ਲੜਕੀਆਂ) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਹੈ ਜਿੱਥੇ ਇਸੇ ਸਾਲ ਜੁਲਾਈ ਮਹੀਨੇ ਤੋਂ ਸਿਖਲਾਈ ਸ਼ੁਰੂ ਹੋ ਜਾਵੇਗੀ। ਮਾਈ ਭਾਗੋ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਜਸਬੀਰ ਸਿੰਘ ਸੰਧੂ ਨੇ ਸੰਸਥਾ ਦੀਆਂ ਇਨ੍ਹਾਂ ਦੋਵੇਂ ਵਿਦਿਆਰਥਣਾਂ ਦੇ ਫਲਾਇੰਗ ਅਫ਼ਸਰ ਵਜੋਂ ਚੁਣੇ ਜਾਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਸੂਬੇ ਦੀਆਂ ਹੋਰ ਲੜਕੀਆਂ ਨੂੰ ਹੋਰ ਹਥਿਆਰਬੰਦ ਸੈਨਾਵਾਂ ਲਈ ਪ੍ਰੀ-ਕਮਿਸ਼ਨ ਸਿਖਲਾਈ ਅਕਾਦਮੀਆਂ ‘ਚ ਭੇਜਣ ਦੇ ਯਤਨਾਂ ਨੂੰ ਹੋਰ ਹੁਲਾਰਾ ਦੇਵੇਗੀ।
ਹਰਿਆਣਾ ਦਾ ਇੱਕ ਲੜਕਾ ਤੇ ਦੋ ਲੜਕੀਆਂ ਦੇਸ਼ ਭਰ ਵਿਚੋਂ ਮੋਹਰੀ : ਚੰਡੀਗੜ੍ਹ : ਹਰਿਆਣਾ ਦੀਆਂ ਦੋ ਲੜਕੀਆਂ ਤੇ ਇਕ ਲੜਕੇ ਨੇ ਹੈਦਰਾਬਾਦ ਨੇੜਲੇ ਡੰਡੀਗਲ ਵਿਚ ਏਅਰ ਫੋਰਸ ਅਕੈਡਮੀ ਤੋਂ ਪਾਸ ਹੋ ਕੇ ਆਪਣੇ ਕੋਰਸ ਵਿੱਚ ਸਿਖਰਲੇ ਸਥਾਨ ਹਾਸਲ ਕੀਤੇ ਹਨ। ਰੋਹਤਕ ਦਾ ਫਲਾਇੰਗ ਅਫਸਰ ਬਣਿਆ ਨਿਤੇਸ਼ ਜਾਖੜ 211ਵੀਂ ਕੰਬਾਈਂਡ ਗਰੈਜੂਏਸ਼ਨ ਪਰੇਡ ਵਿਚ ਮੈਰਿਟ ਵਿਚ ਪਹਿਲੇ ਸਥਾਨ ‘ਤੇ ਆਇਆ ਹੈ ਜਿਸ ਨੂੰ ਸਵੋਰਡ ਆਫ ਆਨਰ ਅਤੇ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਪੰਚਕੂਲਾ ਦੀ ਰਹਿਣ ਵਾਲੀ ਮਨੀਸ਼ਾ ਯਾਦਵ ਨੂੰ ਗਰਾਊਂਡ ਡਿਊਟੀ ਸਟਰੀਮ ਵਿਚੋਂ ਪਹਿਲੇ ਸਥਾਨ ‘ਤੇ ਰਹਿਣ ਵਜੋਂ ਰਾਸ਼ਟਰਪਤੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂਗ੍ਰਾਮ ਦੀ ਇਸ਼ਾਨਾ ਸਿੰਘ ਪ੍ਰਸ਼ਾਸਕੀ ਸ਼ਾਖਾ ਵਿਚ ਪਹਿਲੇ ਸਥਾਨ ‘ਤੇ ਆਈ।
ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਚਾਰ ਕੈਡਿਟ ਕਮਿਸ਼ਨਡ ਅਫ਼ਸਰ ਬਣੇ
ਪੰਜਾਬ ਸਰਕਾਰ ਵੱਲੋਂ ਸੰਚਾਲਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਚਾਰ ਕੈਡਿਟ ਇਸ਼ਾਨ ਬਖ਼ਸ਼ੀ, ਮਨਰਾਜ ਸਿੰਘ ਸਾਹਨੀ, ਹਰਸ਼ਿਤ ਬਖ਼ਸ਼ੀ ਅਤੇ ਅਰਮਾਨਦੀਪ ਸਿੰਘ ਸੋਢੀ ਨੂੰ ਏਅਰ ਫੋਰਸ ਅਕੈਡਮੀ, ਡੰਡੀਗਲ, ਹੈਦਰਾਬਾਦ ਵਿਚ ਪਾਸਿੰਗ ਆਊਟ ਪਰੇਡ ਉਪਰੰਤ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲ ਗਿਆ ਹੈ। ਇਨ੍ਹਾਂ ਕੈਡਿਟਾਂ ਸਮੇਤ ਪਿਛਲੇ 11 ਸਾਲਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੇ ਕੁੱਲ 140 ਕੈਡਿਟ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਸੰਸਥਾਨ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ.ਚੌਹਾਨ (ਸੇਵਾਮੁਕਤ) ਨੇ ਕੈਡਿਟਾਂ ਨੂੰ ਸੱਚੇ ਸਿਪਾਹੀ ਬਣਨ ਦਾ ਸੱਦਾ ਦਿੱਤਾ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …