
ਰੰਧਾਵਾ ਨੇ ਖੇਤੀ ਕਾਨੂੰਨਾਂ ਵਿਰੁੱਧ ਲਿਆਂਦੇ ਜਾਣ ਵਾਲੇ ਖਰੜੇ ਦੇ ਨੁਕਤਿਆਂ ਸਬੰਧੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕੈਬਨਿਟ ਦੇ ਤਿੰਨ ਮੈਂਬਰੀ ਮੰਤਰੀ ਪੈਨਲ ਅਤੇ ਸੂਬੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਬੀਕੇਯੂ ਏਕਤਾ-ਉਗਰਾਹਾਂ ਦੀ ਅਗਵਾਈ ਹੇਠ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ ਰਹੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਮੀਟਿੰਗ ਵਿੱਚ ਯੂਨੀਅਨ ਨੇਤਾਵਾਂ ਨੇ ਮੰਗ ਕੀਤੀ ਕਿ ਅਗਸਤ ਵਿੱਚ ਸੌਂਪੀ ਗਈ ਮੌਂਟੇਕ ਸਿੰਘ ਆਹਲੂਵਾਲੀਆ ਰਿਪੋਰਟ ਨੂੰ ਅਮਲ ਵਿਚ ਨਾ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਲਈ ਪੰਜਾਬ ਭਵਨ ਪਹੁੰਚੇ ਸਨ। ਸੁਖਜਿੰਦਰ ਰੰਧਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨਾਲ ਸਾਰੇ ਨੁਕਤੇ ਸਾਂਝੇ ਕਰ ਲਏ ਗਏ ਹਨ, ਜੋ ਭਲਕੇ ਵਿਧਾਨ ਸਭਾ ਵਿਚ ਲਿਆਂਦੇ ਜਾ ਰਹੇ ਖਰੜੇ ਵਿਚ ਪੇਸ਼ ਕੀਤੇ ਜਾਣੇ ਹਨ ਅਤੇ ਕਿਸਾਨਾਂ ਨੇ ਆਪਣੀ ਸਹਿਮਤੀ ਵੀ ਜਤਾ ਦਿੱਤੀ ਹੈ। ਉਧਰ, ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਹ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ, ਜਦੋਂ ਤੱਕ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਮੁਕਾਬਲਾ ਕਰਨ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕੇ ਜਾਂਦੇ।