Breaking News
Home / ਪੰਜਾਬ / ਪਾਣੀਆਂ ਦਾ ਮੁੱਦਾ: ਹਰਿਆਣਾ ਵੱਲੋਂ ਬਾਦਲ ਵਿਰੁੱਧ ਨਿਖੇਧੀ ਮਤਾ ਪਾਸ

ਪਾਣੀਆਂ ਦਾ ਮੁੱਦਾ: ਹਰਿਆਣਾ ਵੱਲੋਂ ਬਾਦਲ ਵਿਰੁੱਧ ਨਿਖੇਧੀ ਮਤਾ ਪਾਸ

logo-2-1-300x105-3-300x105ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬਾਦਲ ਦੇ ਬਿਆਨ ਖ਼ਿਲਾਫ਼ ਹੰਗਾਮਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਿਆਈ ਪਾਣੀਆਂ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਬਿਆਨ ਤੋਂ ਪ੍ਰੇਸ਼ਾਨ ਹੋਈਆਂ ਹਰਿਆਣਾ ਦੀਆਂ ਰਾਜਨੀਤਕ ਪਾਰਟੀਆਂ ਨੇ ਹਰਿਆਣਾ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਬਾਦਲ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਹੈ। ਹਰਿਆਣਾ ਸੂਬੇ ਦੀ ਗੋਲਡਨ ਜੁਬਲੀ ਮੌਕੇ ਹਰਿਆਣਾ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰਿਆਣਾ ਨੂੰ ਦਰਿਆਈ ਪਾਣੀਆਂ ਵਿੱਚੋਂ ਪਾਣੀ ਦੀ ਇਕ ਵੀ ਬੂੰਦ ਨਾ ਦੇਣ ਦੇ ਐਲਾਨ ਨੂੰ ਲੈ ਕੇ ਹੰਗਾਮਾ ਹੋਇਆ ਤੇ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਨੇ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਪਰ ਸਫ਼ਲ ਨਾ ਹੋ ਸਕੇ। ਇਸ ਕਾਰਨ ਸਦਨ ਦੀ ਕਾਰਵਾਈ 15 ਮਿੰਟਾਂ ਲਈ ઠਮੁਲਤਵੀ ਕਰਨੀ ਪਈ। ਇਸ ਮੁੱਦੇ ‘ਤੇ ਸਪੀਕਰ ਵਲੋਂ ਸੱਦੀ ਮੀਟਿੰਗ ਵਿੱਚ ਵੀ ਸਹਿਮਤੀ ਨਾ ਹੋਈ ਤਾਂ ઠਹੋਰ 15 ਮਿੰਟਾਂ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਅੱਧੇ ਘੰਟੇ ਬਾਅਦ ਕਾਰਵਾਈ ਸ਼ੁਰੂ ਹੋਈ ਤਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਦਿੱਤੇ ਬਿਆਨ ਵਿਰੁੱਧ ਨਿਖੇਧੀ ਮਤਾ ਪੇਸ਼ ਕੀਤਾ ਜਿਸ ਨੂੰ ਸਦਨ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੇ ਸਤਲੁਜ ਲਿੰਕ ਨਹਿਰ ਦੇ ਮੁੱਦੇ ‘ਤੇ ਕੰਮ ਰੋਕੂ ਮਤਾ ਦਿੱਤਾ ਹੈ ਤੇ ਪਹਿਲਾਂ ਉਸ ਬਾਰੇ ਬਹਿਸ ਕਰਵਾਈ ਜਾਵੇ। ਇਸ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਰਾਮ ਬਿਲਾਸ ਸ਼ਰਮਾ, ਮੁੱਖ ਮੰਤਰੀ ਮਨੋਹਰ ਲਾਲ, ਵਿੱਤ ਮੰਤਰੀ ਕੈਪਟਨ ਅਭਿਮੰਨਿਊ, ਖੇਤੀਬਾੜੀ ਮੰਤਰੀ ਓ.ਪੀ.ਧਨਖੜ ઠਨੇ ਸਰਕਾਰ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਬਹਿਸ ਦੌਰਾਨ ਆਪਣਾ ਪੱਖ ਪੇਸ਼ ਕਰੇ ਪਰ ਵਿਰੋਧੀ ਧਿਰ ਦੇ ਆਗੂ ਅਭੈ ਚੌਟਾਲਾ ਸ਼ਾਂਤ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਜ਼ਰੀ ਵਿੱਚ ਹਰਿਆਣਾ ਨੂੰ ਪਾਣੀ ਦੀ ਇਕ ਵੀ ਬੂੰਦ ਨਾ ਦੇਣ ਦਾ ਐਲਾਨ ਕੀਤਾ ਹੈ ਤੇ ਕਿਹਾ ਕਿ ਉਹ ਇਸ ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਨਹੀਂ ਮੰਨਣਗੇ। ਸਰਕਾਰ ਇਸ ਮੁੱਦੇ ‘ਤੇ ਮੂਕ ਦਰਸ਼ਕ ਬਣੀ ਹੋਈ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕਿਹਾ ਕਿ ਸਰਕਾਰ ਨੂੰ ਬਾਦਲ ਦੇ ਬਿਆਨ ‘ਤੇ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਜੇਕਰ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮੰਨੇਗੀ ਤਾਂ ਹਰਿਆਣਾ ਵੀ ਪੰਜਾਬ ਦੀ ਟਰਾਂਸਪੋਰਟ ਨੂੰ ਸੂਬੇ ਵਿਚੋਂ ਨਹੀਂ ਲੰਘਣ ਦੇਵੇਗਾ। ਇਨੈਲੋ ਵਿਧਾਇਕ ਜਦੋਂ ਆਪਣੀਆਂ ਸੀਟਾਂ ‘ਤੇ ਵਾਪਸ ਨਾ ਗਏ ਤਾਂ ਸਪੀਕਰ ਨੇ ਉਨ੍ਹਾਂ ਦੇ ਨਾਂ ਲੈਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਮਾਰਸ਼ਲ ਇਨੈਲੋ ਵਿਧਾਇਕਾਂ ਦੇ ਕੋਲ ਆ ਗਏ ਤੇ ਉਨ੍ਹਾਂ ਨੂੰ ઠਬਾਹਰ ਜਾਣ ਲਈ ਕਹਿਣਾ ਸ਼ੁਰੂ ਕਰ ਦਿੱਤਾ। ਨਾਅਰੇਬਾਜ਼ੀ ਦੌਰਾਨ ਸਿਹਤ ਮੰਤਰੀ ਅਨਿਲ ਵਿਜ ਅਤੇ ਇਨੈਲੋ ਆਗੂ ਅਭੈ ਵਿਚਾਲੇ ਤਲਖ਼ ਕਲਾਮੀ ਵੀ ਹੋਈ। ਅਖੀਰ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਤੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਨਿਖੇਧੀ ਮਤਾ ਪਾਸ ਕੀਤਾ ਗਿਆ।

Check Also

ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਜਪਾ ਨੂੰ ਦੱਸਿਆ ਕਿਸਾਨੀ ਵਿਰੋਧੀ

ਕਿਹਾ : ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਭਾਜਪਾ ਦੀ ਘਟੀਆ ਮਾਨਸਿਕਤਾ ਚੰਡੀਗੜ੍ਹ/ਬਿਊਰੋ ਨਿਊਜ਼ …